ਭਾਰਤ ਦੇ 77 ਫ਼ੀਸਦੀ ਤੋਂ ਵੱਧ ਬੱਚਿਆਂ ’ਚ ਖੁਰਾਕ ਵਿਭਿੰਨਤਾ ਦੀ ਘਾਟ
ਨਵੀਂ ਦਿੱਲੀ, 23 ਅਕਤੂਬਰ
ਇੱਕ ਅਧਿਐਨ ਅਨੁਸਾਰ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਵੱਲੋਂ ਸੁਝਾਈ ਗਈ ਖੁਰਾਕ ਵਿਭਿੰਨਤਾ ਤਹਿਤ ਭਾਰਤ ਵਿੱਚ 6-23 ਮਹੀਨਿਆਂ ਦੀ ਉਮਰ ਦੇ ਲਗਭਗ 77 ਫ਼ੀਸਦੀ ਬੱਚਿਆਂ ’ਚ ਖੁਰਾਕ ਵਿਭਿੰਨਤਾ ਦੀ ਘਾਟ ਹੈ। ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਸੂਬੇ ਵਿੱਚ ਬੱਚਿਆਂ ਦੀ ਖੁਰਾਕ ’ਚ ਸਭ ਤੋਂ ਵੱਧ ਅਢੁੱਕਵੀਂ ਵਿਭਿੰਨਤਾ ਦਰਜ ਕੀਤੀ ਗਈ, ਜਿੱਥੇ ਇਹ 80 ਫ਼ੀਸਦੀ ਤੋਂ ਵੱਧ ਹੈ, ਜਦੋਂ ਕਿ ਸਿੱਕਮ ਅਤੇ ਮੇਘਾਲਿਆ ਵਿੱਚ ਸਭ ਤੋਂ ਘੱਟ 50 ਫ਼ੀਸਦੀ ਖੁਰਾਕ ਵਿਭਿੰਨਤਾ ਸਾਹਮਣੇ ਆਈ ਹੈ। ਡਬਲਿਊਐੱਚਓ ਬੱਚੇ ਦੀ ਖੁਰਾਕ ਦੀ ਗੁਣਵੱਤਾ ਦੇ ਮੁਲਾਂਕਣ ਲਈ ਘੱਟੋ-ਘੱਟ ਖੁਰਾਕ (ਐੱਮਡੀਡੀ) ਸਕੋਰ ਦੀ ਵਰਤੋਂ ਕਰਨ ਦਾ ਸੁਝਾਅ ਦਿੰਦਾ ਹੈ, ਜਿਸ ਅਨੁਸਾਰ ਜੇਕਰ ਬੱਚੇ ਦੀ ਖੁਰਾਕ ਵਿੱਚ ਮਾਂ ਦਾ ਦੁੱਧ, ਆਂਡੇ, ਦਾਲਾਂ, ਮੇਵੇ, ਫਲ ਅਤੇ ਸਬਜ਼ੀਆਂ ਸ਼ਾਮਲ ਹਨ ਤਾਂ ਇਸ ਨੂੰ ਖੁਰਾਕ ਵਿਭਿੰਨਤਾ ਮੰਨਿਆ ਜਾਂਦਾ ਹੈ। ਕੌਮੀ ਪਰਿਵਾਰ ਅਤੇ ਸਿਹਤ ਸਰਵੇਖਣ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਖੋਜਕਰਤਾਵਾਂ ਨੂੰ ਪਤਾ ਲੱਗਿਆ ਕਿ ਦੇਸ਼ ਵਿੱਚ ਘੱਟੋ-ਘੱਟ ਖੁਰਾਕ ਵਿਭਿੰਨਤਾ ਦੀ ਅਸਫ਼ਲਤਾ ਦੀ ਸੁਮੱਚੀ ਦਰ 87.4 ਫ਼ੀਸਦੀ ਤੋਂ ਘਟ ਗਈ ਹੈ, ਜੋ 2005-06 ਦੇ ਡਾਟਾ ਦੀ ਵਰਤੋਂ ਕਰਕੇ ਗਣਨਾ ਕੀਤੀ ਗਈ ਸੀ। ਨੈਸ਼ਨਲ ਮੈਡੀਕਲ ਜਰਨਲ ਆਫ ਇੰਡੀਆ ਵਿੱਚ ਛਪੇ ਅਧਿਐਨ ਅਨੁਸਾਰ ਬੱਚਿਆਂ ਦੀ ਖੁਰਾਕ ’ਚ ਆਂਡੇ ਦੀ ਵਰਤੋਂ ਪਹਿਲਾਂ ਦੇ ਮੁਕਾਬਲੇ ਵਧੀ ਹੈ, ਜਦਕਿ ਮਾਂ ਦੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਵਰਤੋਂ ਵਿੱਚ ਕਮੀ ਦਰਜ ਕੀਤੀ ਗਈ ਹੈ। ਖ਼ੂਨ ਦੀ ਘਾਟ ਅਤੇ ਘੱਟ ਵਜ਼ਨ ਨਾਲ ਪੈਦਾ ਹੋਏ ਬੱਚਿਆਂ ਵਿੱਚ ਵੀ ਖੁਰਾਕੀ ਵਿਭਿੰਨਤਾ ਦੀ ਘਾਟ ਪਾਈ ਗਈ। ਲੇਖਕਾਂ ਨੇ ਬੱਚਿਆਂ ਦੀ ਖੁਰਾਕ ਵਿੱਚ ਅਢੁੱਕਵੀਂ ਵਿਭਿੰਨਤਾ ਨਾਲ ਨਜਿੱਠਣ ਲਈ ਸਰਕਾਰ ਤੋਂ ਇੱਕ ਸੰਪੂਰਨ ਪਹੁੰਚ ਅਪਨਾਉਣ ਦੀ ਮੰਗ ਕੀਤੀ ਹੈ। -ਪੀਟੀਆਈ