ਲਾਅ ਕਾਨਵੋਕੇਸ਼ਨ ਦੌਰਾਨ 650 ਤੋਂ ਵੱਧ ਨੂੰ ਡਿਗਰੀਆਂ ਵੰਡੀਆਂ
ਕੁਲਦੀਪ ਸਿੰਘ
ਚੰਡੀਗੜ੍ਹ, 16 ਨਵੰਬਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਦੀ 6ਵੀਂ ਲਾਅ ਕਾਨਵੋਕੇਸ਼ਨ ਅੱਜ ਇੱਥੋਂ ਦੇ ਜਿਮਨੇਜ਼ੀਅਮ ਹਾਲ ਵਿੱਚ ਕਰਵਾਈ ਗਈ। ਇਸ ਮੌਕੇ 650 ਤੋਂ ਵੱਧ ਵਿਦਿਆਰਥੀਆਂ ਨੂੰ ਲਾਅ ਦੀਆਂ ਡਿਗਰੀਆਂ ਵੰਡੀਆਂ ਗਈਆਂ। ਇਸ ਮੌਕੇ ਸੁਪਰੀਮ ਕੋਰਟ ਆਫ਼ ਇੰਡੀਆ ਦੇ ਜਸਟਿਸ ਬੀਆਰ ਗਵਈ ਅਤੇ ਜਸਟਿਸ ਸੂਰਿਆ ਕਾਂਤ ਸਣੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ ਵਿਭਾਗ ਦੇ ਡਾਇਰੈਕਟਰ ਪ੍ਰੋ. ਸ਼ਰੁਤੀ ਬੇਦੀ ਅਤੇ ਲਾਅ ਵਿਭਾਗ ਦੀ ਚੇਅਰਪਰਸਨ ਪ੍ਰੋ. ਡਾ. ਵੰਦਨਾ ਅਰੋੜਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਪੀਯੂ ਦੀ ਵੀਸੀ ਪ੍ਰੋ. ਰੇਣੂ ਵਿੱਗ ਨੇ ਕਾਨਵੋਕੇਸ਼ਨ ਦਾ ਉਦਘਾਟਨ ਕੀਤਾ।
ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਉਦੇਸ਼, ਮਜ਼ਬੂਤ ਚਰਿੱਤਰ ਨਿਰਮਾਣ ਤੇ ਜੀਵਨ ਦੀਆਂ ਵੱਖ-ਵੱਖ ਚੁਣੌਤੀਆਂ ਨਾਲ ਨਜਿੱਠਣ ਬਾਰੇ ਦੱਸਿਆ। ਇਸ ਮਗਰੋਂ ਮੁੱਖ ਮਹਿਮਾਨ ਜਸਟਿਸ ਬੀਆਰ ਗਵਈ ਅਤੇ ਜਸਟਿਸ ਸੂਰਿਆ ਕਾਂਤ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ ਅਤੇ ਬਿਹਤਰ ਪੇਸ਼ੇਵਰ ਹੁਨਰ ਲਈ ਜ਼ਮੀਨੀ ਪੱਧਰ ਤੇ ਖ਼ਾਸ ਕਰਕੇ ਜ਼ਿਲ੍ਹਾ ਅਦਾਲਤਾਂ ’ਤੇ ਕੰਮ ਕਰਨ ਦੀ ਮਹੱਤਤਾ ਬਾਰੇ ਦੱਸਿਆ। ਜਸਟਿਸ ਗਵਈ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਉੱਚ ਟੀਚੇ ਰੱਖਣ ਲਈ ਪ੍ਰੇਰਿਤ ਕੀਤਾ। ਡੀਯੂਆਈ ਪ੍ਰੋਫੈਸਰ ਦਵਿੰਦਰ ਨੇ ਪੋਸਟ-ਗਰੈਜੂਏਟ ਅਤੇ ਗਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਜਸਟਿਸ ਗਵਈ ਵੱਲੋਂ ਵਿਸ਼ੇਸ਼ ਪੁਰਸਕਾਰ ਅਤੇ ਸਨਮਾਨ ਵੀ ਦਿੱਤੇ ਗਏ। ਇਸ ਦੌਰਾਨ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਨੇ ਕਾਨਵੋਕੇਸ਼ਨ ਸਮਾਪਤ ਕਰਨ ਦਾ ਐਲਾਨ ਕੀਤਾ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨੇ ਅਕਾਦਮਿਕ ਪ੍ਰਾਪਤੀਆਂ ਦਾ ਜਸ਼ਨ ਮਨਾਇਆ।