ਸੁਖਬੀਰ ਨੇ ਅਕਾਲੀ ਦਲ ਦੀ ਪ੍ਰਧਾਨਗੀ ਛੱਡੀ
ਆਤਿਸ਼ ਗੁਪਤਾ
ਚੰਡੀਗੜ੍ਹ, 16 ਨਵੰਬਰ
ਅਕਾਲ ਤਖ਼ਤ ਵੱਲੋਂ ਤਨਖਾਹੀਆ ਕਰਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਨੇ ਲੀਡਰਸ਼ਿਪ ’ਚ ਭਰੋਸਾ ਪ੍ਰਗਟਾਉਣ ਲਈ ਪਾਰਟੀ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹਿਣ ਅਤੇ ਕਾਰਜਕਾਲ ’ਚ ਭਰਵਾਂ ਸਹਿਯੋਗ ਦਿੱਤਾ। ਇਹ ਜਾਣਕਾਰੀ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਆਪਣੇ ‘ਐਕਸ’ ਅਕਾਊਂਟ ’ਤੇ ਪੋਸਟ ’ਚ ਦਿੱਤੀ। ਡਾ. ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੰਗਠਨ ਦੀਆਂ ਚੋਣਾਂ ਪੰਜ ਸਾਲ ਬਾਅਦ ਹੁੰਦੀਆਂ ਹਨ। ਇਸ ਤੋਂ ਪਹਿਲਾਂ 14 ਦਸੰਬਰ 2019 ਨੂੰ ਪ੍ਰਧਾਨ ਤੇ ਸੰਗਠਨ ਦੀ ਚੋਣ ਹੋਈ ਸੀ ਅਤੇ ਜਥੇਬੰਦੀ ਦੀਆਂ ਚੋਣਾਂ ਅਗਲੇ ਮਹੀਨੇ ਲਈ ਤੈਅ ਹਨ। ਉਨ੍ਹਾਂ ਕਿਹਾ, ‘‘ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇ ਕੇ ਸੰਗਠਨ ਦੀ ਨਵੀਂ ਚੋਣ ਦਾ ਰਾਹ ਪੱਧਰਾ ਕੀਤਾ ਹੈ।’’ ਹੁਣ ਪਹਿਲਾਂ ਮੈਂਬਰਸ਼ਿਪ ਭਰਤੀ ਕੀਤੀ ਜਾਵੇਗੀ, ਜਿਸ ਮਗਰੋਂ ਸਰਕਲ ਪੱਧਰ ਦੇ ਡੈਲੀਗੇਟ ਚੁਣੇ ਜਾਣਗੇ। ਸਰਕਲ ਡੈਲੀਗੇਟ ਅੱਗੇ ਜ਼ਿਲ੍ਹਾ ਡੈਲੀਗੇਟ ਚੁਣਨਗੇ, ਜੋ ਸਟੇਟ ਡੈਲੀਗੇਟਾਂ ਦੀ ਚੋਣ ਕਰਨਗੇ। ਸਟੇਟ ਡੈਲੀਗੇਟ, ਜੋ ਜਨਰਲ ਹਾਊਸ ਦੇ ਮੈਂਬਰ ਹੁੰਦੇ ਹਨ, ਪ੍ਰਧਾਨ ਤੇ ਅਹੁਦੇਦਾਰਾਂ ਦੇ ਨਾਲ-ਨਾਲ ਵਰਕਿੰਗ ਕਮੇਟੀ ਦੀ ਚੋਣ ਕਰਨਗੇ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਸਾਲ 2007 ਤੋਂ 2017 ਤੱਕ ਕੀਤੀਆਂ ਗਲਤੀਆਂ ਲਈ ‘ਤਨਖਾਹੀਆ’ ਕਰਾਰ ਦੇ ਦਿੱਤਾ ਸੀ। ਹਾਲਾਂਕਿ ਅਕਾਲ ਤਖ਼ਤ ਵੱਲੋਂ ਸੁਖਬੀਰ ਬਾਦਲ ਨੂੰ ‘ਤਨਖਾਹੀਆ’ ਕਰਾਰ ਦਿੱਤੇ ਜਾਣ ਤੋਂ ਢਾਈ ਮਹੀਨੇ ਬਾਅਦ ਤੱਕ ਕੋਈ ਧਾਰਮਿਕ ਸਜ਼ਾ ਨਹੀਂ ਸੁਣਾਈ ਗਈ ਹੈ। ਇਸੇ ਕਰਕੇ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਜਲਦ ਕਾਰਵਾਈ ਦੀ ਅਪੀਲ ਕੀਤੀ ਸੀ।
ਵਰਕਿੰਗ ਕਮੇਟੀ ਦੀ ਮੀਟਿੰਗ ਭਲਕੇ
ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਅੱਜ ਸੁਖਬੀਰ ਬਾਦਲ ਵੱਲੋਂ ਅਸਤੀਫ਼ਾ ਦਿੱਤੇ ਜਾਣ ਉਪਰੰਤ ਐਮਰਜੈਂਸੀ ਵਰਕਿੰਗ ਕਮੇਟੀ ਦੀ ਮੀਟਿੰਗ ਸੱਦ ਲਈ ਹੈ। ਇਹ ਮੀਟਿੰਗ 18 ਨਵੰਬਰ ਨੂੰ ਚੰਡੀਗੜ੍ਹ ’ਚ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਹੋਵੇਗੀ, ਜਿਸ ਵਿੱਚ ਵਰਕਿੰਗ ਕਮੇਟੀ ਵੱਲੋਂ ਸੁਖਬੀਰ ਬਾਦਲ ਦੇ ਅਸਤੀਫ਼ੇ ’ਤੇ ਵਿਚਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਸਣੇ ਅਗਲੀ ਰੂਪ ਰੇਖਾ ਉਲੀਕੇਗੀ।
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਅਸਤੀਫ਼ੇ ਦਾ ਸਵਾਗਤ
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਵੱਲੋਂ ਦੇਰ ਨਾਲ ਲਏ ਫੈਸਲੇ ਨਾਲ ਬਹੁਤ ਨੁਕਸਾਨ ਹੋ ਚੁੱਕਾ ਹੈ। ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਮਗਰੋਂ ਕਾਇਮ ਕੀਤੀ ਝੂੰਦਾ ਕਮੇਟੀ ਨੇ ਲਗਪਗ 100 ਅਸੈਂਬਲੀ ਹਲਕਿਆਂ ਦਾ ਦੌਰਾ ਕਰਕੇ ਵਰਕਰਾਂ ਦੇ ਸੁਝਾਅ ਲੈ ਕੇ ਰਿਪੋਰਟ ਬਣਾਈ ਤੇ ਆਪਣੀਆਂ ਸਿਫਾਰਸ਼ਾਂ ਵਾਲੀ ਰਿਪੋਰਟ ਪਾਰਟੀ ਸਾਹਮਣੇ ਰੱਖੀ ਸੀ। ਇਸ ’ਚ ਵੱਡੀ ਸਿਫਾਰਸ਼ ਲੀਡਰਸ਼ਿਪ ਤਬਦੀਲੀ ਬਾਰੇ ਸੀ। ਜੇ ਉਸ ਸਮੇਂ ਸੁਖਬੀਰ ਬਾਦਲ ਪਾਰਟੀ ਨੂੰ ਸਮਰਪਿਤ ਹੋ ਕੇ ਪਾਸੇ ਹਟ ਜਾਂਦੇ ਤਾਂ ਇੰਨੇ ਵੱਡੇ ਸਿਆਸੀ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਸਵੀਕਾਰ ਕਰਨ ਦੀ ਅਪੀਲ ਵੀ ਕੀਤੀ। ਇਸ ਦੇ ਨਾਲ ਹੀ ਵਡਾਲਾ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਪੰਥ ਨੂੰ ਇੱਕਜੁੱਟ ਕਰਨ ਅਤੇ ਪੰਥਕ ਪਾਰਟੀ ਦੇ ਚੜ੍ਹਦੀਕਲਾ ਲਈ ਸੇਧ ਦੇਣ।