ਗੁਲਾਬੀ ਸੁੰਡੀ ਕਾਰਨ ਤੀਹ ਏਕੜ ਤੋਂ ਵੱਧ ਕਣਕ ਦੀ ਫ਼ਸਲ ਵਾਹੀ
ਭਗਵਾਨ ਦਾਸ ਗਰਗ
ਨਥਾਣਾ, 2 ਦਸੰਬਰ
ਕਣਕ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਅੱਜ ਇੱਥੇ ਕਿਸਾਨ ਜਗਤਾਰ ਸਿੰਘ ਪੁੱਤਰ ਵਰਿਆਮ ਨੇ ਆਪਣੇ ਕਣਕ ਦੀ ਬਿਜਾਈ ਵਾਲੇ ਖੇਤ ਨੂੰ ਮਜਬੂਰੀ ਵੱਸ ਵਾਹ ਦਿੱਤਾ। ਕਿਸਾਨ ਨੇ ਤੀਹ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਅਤੇ ਆਪਣੇ ਘਰੇਲੂ ਦੋ ਏਕੜ ਰਕਬੇ ਵਿੱਚ ਕਣਕ ਬੀਜੀ ਸੀ। ਗੁਲਾਬੀ ਸੁੰਡੀ ਦਾ ਹਮਲਾ ਹੋਣ ਕਾਰਨ ਕਣਕ ਦੇ ਬੂਟੇ ਜੜ੍ਹ ਤੋਂ ਗਲ ਰਹੇ ਹਨ। ਕਿਸਾਨ ਦੇ ਪਹੁੰਚ ਕਰਨ ’ਤੇ ਖੇਤੀਬਾੜੀ ਮਹਿਕਮੇ ਦੇ ਸਬ ਇੰਸਪੈਕਟਰ ਅਵਤਾਰ ਸਿੰਘ ਅਤੇ ਸਹਾਇਕ ਟੈਕਨਾਲੋਜੀ ਮੈਨੇਜਰ ਲਖਵਿੰਦਰ ਸਿੰਘ ਨੇ ਪ੍ਰਭਾਵਿਤ ਖੇਤਾਂ ਦਾ ਅੱਜ ਦੌਰਾ ਕੀਤਾ। ਖੇਤੀ ਮਾਹਿਰਾਂ ਨੇ ਖੇਤਾਂ ’ਚ ਇਕੱਠੇ ਹੋਏ ਕਿਸਾਨਾਂ ਨੂੰ ਦੱਸਿਆ ਕਿ ਇਹ ਰੋਗ ਕਣਕ ਦੀ ਅਗੇਤੀ ਬਿਜਾਈ ਵਾਲੇ ਖੇਤਾਂ ਵਿੱਚ ਵਧੇਰੇ ਦਿਖਾਈ ਦੇ ਰਿਹਾ ਹੈ। ਖੇਤੀ ਮਾਹਿਰਾਂ ਅਨੁਸਾਰ ਝੋਨੇ ਦੀ ਰਹਿੰਦ-ਖੂੰਹਦ ਵਿੱਚ ਇਹ ਗੁਲਾਬੀ ਸੁੰਡੀ ਪਨਪਦੀ ਅਤੇ ਗਰਮ ਤਾਪਮਾਨ ’ਚ ਵਧੇਰੇ ਪ੍ਰਫੁਲਤ ਹੁੰਦੀ ਹੈ। ਦੂਜੇ ਪਾਸੇ ਕਿਸਾਨਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਝੋਨੇ ਦੀ ਕਟਾਈ ਮਸ਼ੀਨਾਂ ਨਾਲ ਕਰਵਾਉਣ ਅਤੇ ਕਣਕ ਦੀ ਸਿੱਧੀ ਬਿਜਾਈ ਕਰਨ ਦਾ ਖਮਿਆਜ਼ਾ ਭੁਗਤਣਾ ਪਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਝੋਨੇ ਦੀ ਪਰਾਲੀ ਦਾ ਨਾੜ ਹੀ ਗੁਲਾਬੀ ਸੁੰਡੀ ਦਾ ਸੁਰੱਖਿਆ ਕਵਚ ਹੈ। ਕਿਸਾਨ ਆਗੂ ਨੇ ਕਿਹਾ ਕਿ ਅਜਿਹੀਆਂ ਮੁਸ਼ਕਲਾਂ ਤੋ ਬਚਣ ਖਾਤਰ ਹੀ ਕਿਸਾਨ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਂਦੇ ਹਨ। ਉਨ੍ਹਾਂ ਪੀੜਤ ਕਿਸਾਨ ਨੂੰ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ।