ਮੌਨਸੂਨ ਦੇ ਛਰਾਟਿਆਂ ਨੇ ਹੁੰਮਸ ਤੇ ਗਰਮੀ ਵਧਾਈ
ਸਤਵਿੰਦਰ ਬਸਰਾ
ਲੁਧਿਆਣਾ, 3 ਜੁਲਾਈ
ਅੱਜ ਲੁਧਿਆਣਾ ਵਿੱਚ ਪਏ ਮੀਂਹ ਦੇ ਛਰਾਟਿਆਂ ਨੇ ਮੌਸਮ ਠੰਢਾ ਕਰਨ ਦੀ ਥਾਂ ਹੁੰਮਸ ਅਤੇ ਗਰਮੀ ਵਾਲਾ ਕਰ ਦਿੱਤਾ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪਏ ਇਸ ਮੀਂਹ ਕਾਰਨ ਪਹਿਲਾਂ ਹੀ ਗਰਮੀ ਤੋਂ ਤੜਫੇ ਹੋਏ ਲੋਕ ਹੋਰ ਪ੍ਰੇਸ਼ਾਨ ਹੋ ਗਏ ਹਨ। ਦੂਜੇ ਪਾਸੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਦਾ ਕੱਟ ਲੱਗਾ ਹੋਣ ਕਰ ਕੇ ਉਸ ਪਾਸੇ ਦੇ ਲੋਕਾਂ ਲਈ ਇਹ ਹੁੰਮਸ ਵਾਲਾ ਮੌਸਮ ਹੋਰ ਵੀ ਕਹਿਰ ਬਣਕੇ ਆਇਆ ਹੈ। ਲੋਕ ਪਾਰਕਾਂ ਅਤੇ ਹੋਰ ਪਬਿਲਕ ਥਾਵਾਂ ’ਤੇ ਲੱਕੇ ਦਰਖਤਾਂ ਦੀਆਂ ਛਾਵਾਂ ਹੇਠਾਂ ਦੁਪਹਿਰ ਬਿਤਾਉਂਦੇ ਵੀ ਦੇਖੇ ਗਏ। ਮੌਸਮ ਵਿਭਾਗ ਨੇ ਆਉਂਦੇ 24 ਘੰਟਿਆਂ ਵਿੱਚ ਬੱਦਲਵਾਈ ਬਣੀ ਰਹਿਣ ਅਤੇ ਛਿੱਟੇ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਬੀਤੇ ਹਫ਼ਤੇ ਪਏ ਮੀਂਹਾਂ ਕਾਰਨ ਮੌਸਮ ਵਿੱਚ ਆਈ ਠੰਢਕ ਤੋਂ ਬਾਅਦ ਐਤਵਾਰ ਅਤੇ ਅੱਜ ਸੋਮਵਾਰ ਪੂਰੀ ਗਰਮੀ ਰਹੀ। ਅੱਜ ਦੁਪਹਿਰ ਸਮੇਂ ਸ਼ਹਿਰ ਦੇ ਕਈ ਇਲਾਕਿਆਂ ’ਚ ਅਚਾਨਕ ਪਏ ਛਰਾਟਿਆਂ ਨੇ ਮੌਸਮ ਹੋਰ ਵੀ ਹੁੰਮਸ ਭਰਿਆ ਅਤੇ ਗਰਮੀ ਵਾਲਾ ਬਣਾ ਦਿੱਤਾ। 10 ਤੋਂ 15 ਮਿੰਟ ਦੇ ਕਰੀਬ ਪਏ ਮੀਂਹ ਤੋਂ ਬਾਅਦ ਸਾਰਾ ਦਿਨ ਹਲਕੀ ਧੁੱਪ ਅਤੇ ਬੱਦਲਵਾਈ ਰਹੀ। ਪਹਿਲਾਂ ਹੀ ਗਰਮੀ ਦੇ ਝੰਬੇ ਹੋਏ ਲੁਧਿਆਣਵੀਆਂ ਨੂੰ ਇਸ ਹੁੰਮਸ ਭਰੇ ਮੌਸਮ ਨੇ ਹੋਰ ਵੀ ਪ੍ਰੇਸ਼ਾਨ ਕੀਤਾ। ਪੀਏਯੂ ਦੇ ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 35.8 ਡਿਗਰੀ ਸੈਲਸੀਅਸ ਰਿਹਾ ਪਰ ਹੁੰਮਸ ਕਰ ਕੇ ਗਰਮੀ ਵੱਧ ਮਹਿਸੂਸ ਹੋ ਰਹੀ ਸੀ। ਅੱਜ ਸਵੇਰ ਸਮੇਂ ਮੌਸਮ ’ਚ ਨਮੀ ਦੀ ਮਾਤਰਾ 72 ਫੀਸਦੀ ਤੇ ਸ਼ਾਮ ਸਮੇਂ 55 ਫੀਸਦੀ ਰਹੀ।