ਗਰਮ ਹਵਾਵਾਂ ਤੋਂ ਰਾਹਤ ਦੇਣ ਲਈ ਅੱਗੇ ਵਧ ਰਿਹਾ ਮੌਨਸੂਨ
ਮੁੰਬਈ, 20 ਜੂਨ
ਭਾਰਤ ਵਿੱਚ ਗਰਮ ਹਵਾਵਾਂ ਤੋਂ ਰਾਹਤ ਦੇਣ ਲਈ ਇਕ ਹਫ਼ਤਾ ਰੁਕਣ ਤੋਂ ਬਾਅਦ ਹੁਣ ਮੌਨਸੂਨ ਅੱਗੇ ਵਧ ਰਿਹਾ ਹੈ। ਮੌਸਮ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਮੌਨਸੂਨ ਮਹਾਰਾਸ਼ਟਰ ਦੇ ਖੇਤਰ ਵਿੱਚ ਆਉਣ ਤੋਂ ਬਾਅਦ ਰੁਕ ਗਿਆ ਸੀ ਜੋ ਕਿ ਮੁੜ ਸੁਰਜੀਤ ਹੋ ਰਿਹਾ ਹੈ। ਇਸ ਹਫ਼ਤੇ ਇਹ ਮੱਧ ਪ੍ਰਦੇਸ਼ ਦੇ ਖੇਤਰ ਵਿੱਚ ਪਹੁੰਚ ਜਾਵੇਗਾ ਜਿਸ ਨਾਲ ਪੱਛਮੀ ਅਤੇ ਦੱਖਣੀ ਖੇਤਰ ਸਮੇਤ ਭਾਰਤ ਦੇ ਕੇਂਦਰੀ ਹਿੱਸਿਆ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਦੇਸ਼ ਵਿੱਚ ਖੇਤੀ ਸੈਕਟਰ ਦਾ ਵੱਡਾ ਹਿੱਸਾ ਮੌਨਸੂਨ ਦੌਰਾਨ ਪੈਂਦੇ ਮੀਂਹ ਤੇ ਨਿਰਭਰ ਹੈ।
ਅਧਿਕਾਰੀਆਂ ਨੇ ਕਿਹਾ ਕਿ ਮੌਨਸੂਨ ਦੇ ਤੇਜ਼ੀ ਨਾਲ ਵਧਣ ਕਾਰਨ ਉੱਤਰੀ ਭਾਰਤ ਵਿੱਚ ਤਾਪਮਾਨ ਘਟਣ ਦੀ ਉਮੀਦ ਹੈ ਅਤੇ ਲੋਕਾਂ ਨੂੰ ਇਸ ਹਫ਼ਤੇ ਭਾਰੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਬੀਤੇ ਹਫ਼ਤੇ ਦੌਰਾਨ ਉੱਤਰੀ ਖੇਤਰ ਦਾ ਵੱਧ ਤੋਂ ਵੱਧ ਤਾਪਮਾਨ 42 ਤੋਂ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 3 ਤੋਂ 5 ਡਿਗਰੀ ਸੈਲਸੀਅਸ ਜ਼ਿਆਦਾ ਸੀ। ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 1 ਜੂਨ ਤੋਂ ਸੀਜ਼ਨ ਸ਼ੁਰੂ ਹੋਣ ਤੋਂ ਬਾਅਦ 18 ਫ਼ੀਸਦੀ ਮੀਂਹ ਘੱਟ ਪਿਆ ਹੈ। -ਰਾਈਟਰਜ਼