ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ: ਯੂਥ ਕਾਂਗਰਸ ਆਗੂ ’ਤੇ ਗੋਲੀ ਚਲਾਉਣ ਵਾਲਾ ਕਾਬੂ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 29 ਸਤੰਬਰ
ਮੁਹਾਲੀ ਨਗਰ ਨਿਗਮ ਦੇ ਨੇੜੇ ਸੈਕਟਰ-68 ਦੀ ਮਾਰਕੀਟ ਵਿੱਚ ਅਰਬਨ ਦੇਸੀ ਚਾਹ ਵਾਲੀ ਦੁਕਾਨ ’ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲੀਸ ਨੇ ਇੱਕ ਮੁਲਜ਼ਮ ਜਸਵੰਤ ਸਿੰਘ ਵਾਸੀ ਰਾਮਪੁਰ ਪੀਲੀਭੀਤ (ਯੂਪੀ) ਨੂੰ ਅਸਲੇ ਸਣੇ ਗ੍ਰਿਫ਼ਤਾਰ ਕਰ ਲਿਆ ਹੈ, ਜੋ ਇਸ ਸਮੇਂ ਗਿਲਕੋਵੈਲੀ ਸੁਸਾਇਟੀ ਵਿੱਚ ਰਹਿ ਰਿਹਾ ਸੀ ਜਦੋਂ ਕਿ ਉਸ ਦਾ ਸਾਥੀ ਅਦਿੱਤ ਸ਼ੌਕੀਨ ਫ਼ਰਾਰ ਦੱਸਿਆ ਜਾ ਰਿਹਾ ਹੈ। ਅਦਿੱਤ ਸ਼ੌਕੀਨ ਭਾਰਤੀ ਫੌਜ ਦਾ ਭਗੌੜਾ ਸਿਪਾਹੀ ਹੈ। ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਯੂਥ ਕਾਂਗਰਸ ਦੇ ਆਗੂ ਜਰਮਨਜੀਤ ਸਿੰਘ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਧਾਰਾ 307 ਅਧੀਨ ਸੈਂਟਰਲ ਥਾਣਾ ਫੇਜ਼-8 ਵਿੱਚ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੱਜ ਸ਼ਾਮ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਬੀਤੇ ਦਿਨੀਂ ਦੋਵਾਂ ਧਿਰਾਂ ਵਿੱਚ ਝਗੜਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਸੀ। ਅੱਜ ਜਸਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ .45 ਬੋਰ ਦਾ ਪਿਸਤੌਲ ਅਤੇ ਕੁਝ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ ਜਦੋਂ ਕਿ ਫੌਜ ਦਾ ਭਗੌੜਾ ਅਦਿੱਤ ਸ਼ੌਕੀਨ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਜਿਸ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਜਸਵੰਤ ਸਿੰਘ ਨੂੰ ਭਲਕੇ ਸੋਮਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਸ ਕੋਲੋਂ ਫ਼ਰਾਰ ਮੁਲਜ਼ਮ ਦੇ ਟਿਕਾਣੇ ਬਾਰੇ ਪੁੱਛ-ਪੜਤਾਲ ਕੀਤੀ ਜਾਵੇਗੀ।