ਮਨੀ ਲਾਂਡਰਿੰਗ ਮਾਮਲਾ: ਬਿਹਾਰ ਕੇਡਰ ਦਾ ਆਈਏਐੱਸ ਅਧਿਕਾਰੀ ਸੰਜੀਵ ਹੰਸ ਤੇ ਆਰਜੇਡੀ ਦਾ ਸਾਬਕਾ ਵਿਧਾਇਕ ਗੁਲਾਬ ਯਾਦਵ ਗ੍ਰਿਫ਼ਤਾਰ
ਨਵੀਂ ਦਿੱਲੀ, 18 ਅਕਤੂਬਰ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਲੇ ਧਨ ਨੂੰ ਸਫ਼ੇਦ ਕਰਨ (ਮਨੀ ਲਾਂਡਰਿੰਗ) ਦੇ ਇੱਕ ਮਾਮਲੇ ਦੀ ਜਾਂਚ ਤਹਿਤ ਬਿਹਾਰ ਕੇਡਰ ਦੇ ਆਈਏਐੱਸ ਅਧਿਕਾਰੀ ਸੰਜੀਵ ਹੰਸ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸਾਬਕਾ ਵਿਧਾਇਕ ਗੁਲਾਬ ਯਾਦਵ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਜਾਂਚ ਏਜੰਸੀ ਵੱਲੋਂ ਪੀਐੱਮਐੱਲਏ ਦੀਆਂ ਧਾਰਾਵਾਂ ਤਹਿਤ ਹੰਸ ਨੂੰ ਪਟਨਾ ਤੋਂ ਜਦਕਿ ਯਾਦਵ ਨੂੰ ਦਿੱਲੀ ਤੋਂ ਹਿਰਾਸਤ ਵਿੱਚ ਲਿਆ ਗਿਆ। ਇਹ ਗ੍ਰਿਫ਼ਤਾਰੀਆਂ ਈਡੀ ਵੱਲੋਂ ਅੱਜ ਸ਼ੁੱਕਰਵਾਰ ਨੂੰ ਮਾਰੇ ਗਏ ਛਾਪਿਆਂ ਤੋਂ ਬਾਅਦ ਕੀਤੀਆਂ ਗਈਆਂ। ਸੰਜੀਵ ਹੰਸ ਤੇ ਗੁਲਾਬ ਯਾਦਵ ਖ਼ਿਲਾਫ਼ ਮਨੀ ਲਾਂਡਰਿੰਗ ਦਾ ਇਹ ਕੇਸ ਬਿਹਾਰ ਪੁਲੀਸ ਵੱਲੋਂ ਦਰਜ ਐੱਫਆਈਆਰ ’ਤੇ ਅਧਾਰਿਤ ਹੈ।
ਸੰਜੀਵ ਹੰਸ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਦੇ 1987 ਦਾ ਬੈਚ ਦਾ ਅਧਿਕਾਰੀ ਹੈ ਅਤੇ ਉਹ ਬਿਹਾਰ ਊਰਜਾ ਵਿਭਾਗ ’ਚ ਮੁੱਖ ਸਕੱਤਰ ਵਜੋਂ ਕੰਮ ਕਰ ਚੁੱਕਾ ਹੈ ਜਦਕਿ ਗੁਲਾਬ ਯਾਦਵ ਮਧੂਬਨੀ ਜ਼ਿਲ੍ਹੇ ’ਚ ਝਾਂਜਰਪੁਰ ਅਸੈਂਬਲੀ ਹਲਕੇ ਤੋਂ 2015 ਤੋਂ 2020 ਤੱਕ ਵਿਧਾਇਕ ਰਿਹਾ ਹੈ। -ਪੀਟੀਆਈ