For the best experience, open
https://m.punjabitribuneonline.com
on your mobile browser.
Advertisement

ਮੌਲੀ ਦੀਆਂ ਤੰਦਾਂ

07:01 AM Jan 20, 2024 IST
ਮੌਲੀ ਦੀਆਂ ਤੰਦਾਂ
Advertisement

ਪਰਮਜੀਤ ਕੌਰ ਸਰਹਿੰਦ
‘ਦਿਲ ਦਰਿਆ ਸਮੁੰਦਰੋਂ ਡੂੰਘੇ’ ਕਿਹਾ ਜਾਣਾ ਆਮ ਗੱਲ ਹੈ ਪਰ ਇਸ ਦੀ ਸੱਚਾਈ ਬਹੁਤ ਗੰਭੀਰ ਹੈ। ਕਦੇ ਸਾਡੀ ਰੂਹ ਇਸ ਦਰਿਆ ਜਾਂ ਸਮੁੰਦਰ ਵਿੱਚ ਬਹੁਤ ਗਹਿਰਾਈਆਂ ਤੱਕ ਪਹੁੰਚ ਜਾਂਦੀ ਹੈ। ਇਹ ਯਾਦਾਂ ਦੇ ਕੀਮਤੀ ਮੋਤੀ ਚੁਗਦੀ ਹੋਈ ਅਤੀਤ ਵਿੱਚ ਪਰਤ ਜਾਂਦੀ ਹੈ। ਇਨ੍ਹਾਂ ਮੋਤੀਆਂ ਨੂੰ ਸੋਚ ਦੀ ਤਲੀ ’ਤੇ ‌ਧਰ ਕੇ ਦੇਖਦਿਆਂ ਅੱਖਾਂ ਵਿੱਚੋਂ ਵੈਰਾਗ ਤੇ ਪ੍ਰੇਮ ਦੇ ਰਲੇ-ਮਿਲੇ ਹੰਝੂ ਵਹਿ ਤੁਰਦੇ ਹਨ। ਯਾਦ ਆਉਂਦੀਆਂ ਹਨ ਮੋਹ ਭਰੀਆਂ ਵਿਛੜੀਆਂ ਰੂਹਾਂ!
ਬੀਤੇ ਸਮੇਂ ਤਾਈਆਂ-ਚਾਚੀਆਂ, ਮਾਮੀਆਂ-ਮਾਸੀਆਂ ਤੇ ਭੂਆ-ਫੁੱਫੀਆਂ ਨੂੰ ਵੀ ਮਾਂ ਵਾਂਗ ਪਿਆਰ-ਸਤਿਕਾਰ ਦਿੱਤਾ ਜਾਂਦਾ ਸੀ। ਉਹ ਵੀ ਇੱਕ-ਦੂਜੀ ਦੇ ਬੱਚਿਆਂ ਨੂੰ ਆਪਣੇ ਜਾਇਆਂ ਵਾਂਗ ਮੋਹ-ਪਿਆਰ ਕਰਦੀਆਂ। ਅੱਜ ਇਸ‌ ਸਵਾਰਥੀ ਤੇ ਪਦਾਰਥਵਾਦੀ ਯੁੱਗ ਵਿੱਚ ਕਿਵੇਂ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ ਇਹ ਜੱਗ ਜ਼ਾਹਰ ਹੈ। ਮੈਨੂੰ ਆਪਣੀ ਤਾਈ ਬਿਸ਼ਨ ਕੌਰ ਬੜੀ ਯਾਦ ਆਉਂਦੀ ਹੈ। ਉਹਦੇ ਵੱਡੇ ਉਸ ਨੂੰ ਆਪਣੀ ਪੇਂਡੂ ਬੋਲੀ ਵਿੱਚ ‘ਬਿਸਨ ਕੁਰ’ ਕਹਿੰਦੇ। ਅਸੀਂ ਸਾਰੇ ਭੈਣ-ਭਰਾ ਉਸ ਨੂੰ ਤਾਈ ਨਹੀਂ ਬੇਬੇ ਹੀ ਕਹਿੰਦੇ ਸਾਂ। ਬੇਬੇ ਅਸਲ ਵਿੱਚ ਮੇਰੀ ਸਕੀ ਤਾਈ ਨਹੀਂ ਸੀ ਬਲਕਿ ਮੇਰੇ ਦਾਦਾ ਜੀ ਦੇ ਭਰਾ ਦੀ ਨੂੰਹ ਸੀ। ਬੇਬੇ ਦੇ ਆਪਣੇ ਧੀਆਂ-ਪੁੱਤਰਾਂ ਸਮੇਤ ਅੱਗੋਂ ਉਨ੍ਹਾਂ ਦੇ ਬੱਚੇ ਵੀ ਉਸ ਨੂੰ ਦਾਦੀ-ਨਾਨੀ ਨਹੀਂ ਬੇਬੇ ਹੀ ਕਹਿੰਦੇ। ਸਾਡੇ ਗੁਆਂਢ-ਮੁਹੱਲੇ ਵਾਲੇ ਵੀ ਉਸ ਨੂੰ ਬੇਬੇ ਹੀ ਕਹਿੰਦੇ।
ਪਹਿਲਾਂ ਸਾਡਾ ਪਰਿਵਾਰ ਇਕੱਠਾ ਸੀ ਤੇ ਬਾਅਦ ਵਿੱਚ ਅਲੱਗ-ਅਲੱਗ ਹੋ ਗਿਆ। ਬੇਬੇ ਦੇ ਧੀਆਂ-ਪੁੱਤਰ ਮੇਰੀ ਮਾਂ ਤੋਂ ਵੀ ਵੱਡੀ ਉਮਰ ਦੇ ਸਨ। ਇੱਕ-ਦੋ ਛੋਟੇ ਜਾਂ ਹਾਣੀ ਜਿਹੇ ਵੀ ਦਿਸਦੇ। ਇਸ ਵੱਡੇ ਸਾਰੇ ਪਰਿਵਾਰ ਵਿੱਚ ਮੈਂ ਆਪਣੇ ਛੇ ਭਰਾਵਾਂ ਦੀ ਇਕਲੌਤੀ ਭੈਣ ਤੇ ਤਾਏ ਦੇ ਬੱਚਿਆਂ ਵਿੱਚੋਂ ਸਭ ਤੋਂ ਛੋਟੀ ਸਾਂ। ਇਸੇ ਲਈ ਉਹ ਸਾਰੇ ਮੈਨੂੰ ਬਹੁਤ ਲਾਡ-ਪਿਆਰ ਕਰਦੇ। ਮੈਂ ਬੇਬੇ ਨੂੰ ਸਿਵਾਏ ਚਰਖ਼ਾ ਕੱਤਣ ਜਾਂ ਸੂਤ ਅਟੇਰਨ ਦੇ ਕਦੇ ਹੋਰ ਕੋਈ ਕੰਮ ਕਰਦੀ ਨਹੀਂ ਸੀ ਦੇਖਿਆ। ਉਹ ਸਵੇਰੇ ਹੀ ਗਲ਼ੀ ਜਾਂ ਸਾਹਮਣੇ ਵਿਹੜੇ ਵਿੱਚ ਚਰਖ਼ਾ ਡਾਹ‌ ਲੈਂਦੀ। ਵਿੱਚ ਵਿਚਾਲੇ ਆਪਣੀ ਛੋਟੀ ਜਿਹੀ ਮੰਜੀ ’ਤੇ ਆਰਾਮ ਕਰਦੀ ਤੇ ਖਾ-ਪੀ‌ ਕੇ ਫਿਰ ਕੱਤਣ ਲੱਗ ਪੈਂਦੀ। ਮੈਂ ਉਹਨੂੰ ਕਦੇ ਕਿਸੇ ਨਾਲ ਗੁੱਸੇ ਹੋਈ ਜਾਂ ਲੜਦੀ ਨਹੀਂ ਸੀ ਦੇਖਿਆ। ਸਕੂਲੋਂ ਆ ਕੇ ਜਾਂ ਛੁੱਟੀ ਵਾਲੇ ਦਿਨ ਮੈਂ ਬੇਬੇ ਦੇ ਪਿੱਛੇ ਪੈ ਜਾਣਾ ਕਿ ਬੇਬੇ ਮੈਨੂੰ ਵੀ ਕੱਤਣਾ ਸਿਖਾ। ਬੀਬੀ (ਮੇਰੀ ਮਾਂ) ਤਾਂ ਮੈਨੂੰ ਚਰਖ਼ੇ ਦੇ ਨੇੜੇ ਨਹੀਂ ਸੀ ਲੱਗਣ ਦਿੰਦੀ। ਬੇਬੇ ਨੇ ਝੱਟ ਮੈਨੂੰ ਹੱਥਲੀ ਪੂਣੀ ਫੜਾ ਦੇਣੀ। ਮੈਂ ਵਿੰਗਾ-ਟੇਢਾ ਜਾਂ ‌ਮੋਟਾ-ਪਤਲਾ ਗਲੋਟਾ ਲਾਹ ਲੈਣਾ ਜਿਸ ਨੂੰ ਉਹ ‘ਨਿੱਚਲਾ’ ਕਹਿੰਦੀ। ਬੇਬੇ ਨੇ ਮੈਨੂੰ ‌ਕਹਿਣਾ, ‘‘ਜਾਹ ਹੁਣ ਪਿੱਛੇ ਮੁੜ ਕੇ ਨਾ ਦੇਖੀਂ ਇਹ ਨਿੱਚਲਾ ਖੂਹ ’ਚ ਸੁੱਟ ਕੇ ਆ।’’ ਇਹ ਕੱਤਣ ਵਾਲੀਆਂ ਬਜ਼ੁਰਗ ਔਰਤਾਂ ਦਾ ਆਪੇ ਬਣਾਇਆ ‘ਕਾਨੂੰਨ’ ਸੀ। ਕੱਤਣਾ ਸਿੱਖਣ‌ ਵਾਲੀ ਪਹਿਲਾ ਕੱਤਿਆ ਨਿੱਚਲਾ ਖੁਆਜੇ ਭਾਵ ਖੂਹ ਨੂੰ ਅਰਪਣ ਕਰਦੀ। ਮੈਂ ਤਾਂ ਐਡੀ ‘ਸਹੁੰਨਰੀ’ ਸਾਂ ‌ਕਿ ਕੋਈ ਰੱਸੇ ਵਰਗੀ ਮੋਟੀ ਤੇ ‌ਕੋਈ ਧਾਗੇ ਵਰਗੀ ਬਾਰੀਕ ਤੰਦ ਪਾਉਂਦੀ। ਬੇਬੇ ‌ਮੈਨੂੰ ਰੋਕਦੀ-ਟੋਕਦੀ ਨਹੀਂ ਸੀ ਤੇ ਮੈਂ ਦੂਜੇ-ਚੌਥੇ ਆਪਣਾ ਕੱਤਿਆ ਨਿਚਲਾ ਖੂਹ ਵਿੱਚ ਸੁੱਟ ਆਉਂਦੀ। ਮੇਰੀ ਮਾਂ ਮੇਰੇ ਉੱਘੜੇ-ਦੁੱਘੜੇ ਨਿੱਚਲੇ ਦੇਖ ਕੇ ਬੇਬੇ ਨੂੰ ‌ਕਹਿੰਦੀ, ‘‘ਬੇਬੇ ਕਿਉਂ ਇਹਨੂੰ ਸਿਰ ਚੜ੍ਹਾਉਨੀ ਐਂ... ਇਹਦੀ ਕਿਤੇ ਨੀਤ ਐ ਕੱਤਣ ਦੀ ...ਤੂੰ ਐਵੇਂ ਪੂਣੀਆਂ ਦਾ ਉਜਾੜਾ ਕਰਦੀ ਐਂ।’’
ਮੇਰੇ ਦੇਖਦਿਆਂ ਹੌਲੀ-ਹੌਲੀ ‌ਬੇਬੇ ਚਰਖ਼ਾ ਕੱਤਣਾਂ ਤੇ ਸੂਤ ਅਟੇਰਨਾ ਵੀ ਛੱਡ ਗਈ। ਮਧਰੇ ਜਿਹੇ ਕੱਦ ਤੇ ਭਰਵੇਂ ਸਰੀਰ ਵਾਲੀ ਆਪਣੀ ਬੇਬੇ ਮੈਂ ਕਦੇ ਬਿਮਾਰ ਪਈ ਨਹੀਂ ਸੀ ਦੇਖੀ। ਉਸ ਦੀ ਛੋਟੀ ਜਿਹੀ ਮੰਜੀ ਅਤੇ ਇੱਕ ਸਿਰੇ ਤੋਂ ਘਸ-ਘਸ ਕੇ ਕੂਲੀ ਹੋਈ ਉਹਦੀ ਸੋਟੀ ਮੈਨੂੰ ਅੱਜ ਵੀ ਯਾਦ ਹੈ। ਗਰਮੀ ਦੀ ਰੁੱਤ ਵਿੱਚ ਜਿਸ ਨੂੰ ਬੇਬੇ ਰੋਹੀ ਕਹਿੰਦੀ, ਉਹਦੀ ਮੰਜੀ ਰਾਤ ਦੀ ਹੀ ਵਿਹੜੇ ਵਿੱਚ ਪਈ ਹੁੰਦੀ। ਜਿਉਂ-ਜਿਉਂ ਦਿਨ ਚੜ੍ਹਦਾ ਉਹ ਮੰਜੀ ਪਹਿਲਾਂ ਕੰਧ ਨੇੜੇ ਤੇ ਫੇਰ ਪਰਛਾਵੇਂ ਦੇ ਨਾਲ ਤੁਰਦੀ ਦਰੱਖਤਾਂ ਦੀ ਛਾਵੇਂ ਚਲੀ ਜਾਂਦੀ। ਬੇਬੇ ਚਾਹ-ਰੋਟੀ ਵੀ ਉੱਥੇ ਹੀ ਪੀਂਦੀ- ਖਾਂਦੀ। ਸ਼ਾਮ ਨੂੰ ਉਹ ਮੰਜੀ ਮੁੜ ਸਵੇਰ ਜਾਂ ਰਾਤ ਵਾਲੀ ਥਾਂ ਆ ਜਾਂਦੀ। ਉਸ ਛੋਟੀ ਜਿਹੀ ਮੰਜੀ ’ਤੇ ਵੀ ਬੇਬੇ ਕੋਲ ਕੋਈ ਨਾ ਕੋਈ ‌ਬੈਠਾ ਰਹਿੰਦਾ। ਜਦੋਂ ਬੰਬੇ ਤੋਂ ਉਹਦਾ ਛੋਟਾ ਪੁੱਤ, ਜਗਮੇਲ ਬਾਈ ਆਇਆ ਹੁੰਦਾ ਉਹ ਤਾਂ ਸਾਰਾ ਦਿਨ ਆਪਣੀ ਮਾਂ ਕੋਲ ਬੈਠਾ ਰਹਿੰਦਾ। ਜਦੋਂ ਬਾਈ ਵਾਪਸ ਜਾਂਦਾ ਤਾਂ ਉਹ ਕਈ ਦਿਨ ਚੁੱਪ ਜਿਹੀ ਰਹਿੰਦੀ।
ਬੇਬੇ ਦਾ ਸੁਭਾਅ ਚੁੱਪ‌ ਕੀਤਾ ਜਿਹਾ ਸੀ। ਕਦੇ-ਕਦੇ ਉਹ ਮੇਰੀਆਂ ਗੁੱਤਾਂ ਕਰਦੀ ਜਾਂ ਚਰਖ਼ਾ ਕੱਤਦੀ ਮੇਰੇ ਨਾਲ ਗੱਲਾਂ ਕਰਨ ਲੱਗ ਜਾਂਦੀ। ਦੂਜੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਆਪਣੇ ਵੱਡੇ ਨੌਜਵਾਨ ਪੁੱਤਰ ਬਾਈ ਸੁੱਚਾ ਸਿੰਘ ਨੂੰ ਯਾਦ ਕਰਦਿਆਂ ਉਹ ਅੱਖਾਂ ਭਰ-ਭਰ ਡੋਲ੍ਹਦੀ। ਉਹ ਭਿੱਜੇ ਜਿਹੇ ਬੋਲਾਂ ਨਾਲ ਕਹਿੰਦੀ, ‘‘ਮੇਰਾ ਪਲੇਠਾ ਪੁੱਤ ਪਰਦੇਸਾਂ ’ਚ ਰਹਿ ਗਿਆ... ਉਹਦੀ ਸਿਉਨੇ (ਸੋਨੇ) ਵਰਗੀ ਦੇਹ‌ ਨੂੰ ਆਪਣੀ ਜੰਮਣ ਭੋਇੰ ’ਚ ਸਾਢੇ ਤਿੰਨ ‌ਹੱਥ ਥਾਂ ਨਸੀਬ ਨਾ ਹੋਈ...! ਜਦੋਂ ਰਾਤ ਨੂੰ ਪਈ ਮੈਂ ਉਹਨੂੰ ਯਾਦ ਕਰਦੀ ਆਂ ਤਾਂ ਰੋਂਦੀ ਦਾ ਮੇਰਾ ਝੋਨਾ (ਦੁਪੱਟਾ) ਭਿੱਜ ਜਾਂਦੈ‌ ਧੀਏ...!’’ ਬੇਬੇ ਦੀਆਂ ਗੱਲਾਂ ਸੁਣ ਕੇ ਮੈਂ ਵੀ ਉਦਾਸ ਹੋ ਜਾਂਦੀ। ਮੈਨੂੰ ਇੱਕ ਗੱਲ ਸਮਝ ਨਾ ਆਉਂਦੀ ਕਿ ਬੇਬੇ ਦਾ ਦੁਪੱਟਾ ਹੰਝੂਆਂ ਨਾਲ ਕਿਵੇਂ ਭਿੱਜ ਜਾਂਦੈ? ਐਨੇ ਕਿੰਨੇ ਕੁ ਹੰਝੂ ਹੁੰਦੇ ਨੇ ਅੱਖਾਂ ’ਚ? ਇਸ ਗੱਲ ਦੀ ਸਮਝ‌ ਮੈਨੂੰ ‌ਉਸ ਵਕਤ ‌ਆਈ ਜਦੋਂ ‌ਮੇਰਾ ਆਪਣਾ ਪੁੱਤਰ ਬੇਵਕਤ ਇਸ ਫ਼ਾਨੀ ਸੰਸਾਰ ਤੋਂ ਚਲਾ ਗਿਆ। ਸਮਝ ਆਈ ਕਿ ਰੋਂਦੀ ਮਾਂ ਦਾ ਦੁਪੱਟਾ ‌ਹੀ ਹੰਝੂਆਂ ’ਚ ਨਹੀਂ ਭਿੱਜਦਾ ਉਸ ਦੀ ਤਾਂ ਦੁਨੀਆ ਹੀ ਹੰਝੂਆਂ ਦਾ ਸਾਗਰ ਬਣ ਕੇ ਰਹਿ ਜਾਂਦੀ ਹੈ। ਉਹ ਤਾ-ਉਮਰ ਉਸ ਸਾਗਰ ਵਿੱਚ ਡੁੱਬਦੀ-ਤਰਦੀ ਗ਼ਮਾਂ ਦੇ ਭੰਵਰ ’ਚ ਘਿਰੀ ਰਹਿੰਦੀ ਹੈ।
ਜਦੋਂ ਅਸੀਂ ਸਵੇਰੇ ਸਕੂਲ ਜਾਣਾ ਤਾਂ ਬੇਬੇ ਨੇ ਗਲੀ ਜਾਂ ਵਿਹੜੇ ਵਿੱਚ ਮੰਜੀ ਡਾਹ ਕੇ ਆਰਾਮ ਨਾਲ ਬੈਠੀ ਹੋਣਾ। ਉੱਥੇ ਹੀ ਉਸ ਦਾ ਖਾਣਾ-ਪੀਣਾ ਹੁੰਦਾ। ਮੈਂ ਕਿਤਾਬਾਂ ਵਾਲਾ ਝੋਲਾ ਘਰੇ ਰੱਖ ਕੇ ਉਸ ਕੋਲ ਜਾ ਬੈਠਣਾ। ਬੀਬੀ ਨੇ ਉੱਥੇ ਹੀ ਮੈਨੂੰ ਤੇ ਨਾਲ ਬੇਬੇ ਨੂੰ ਵੀ ਚਾਹ ਜਾਂ ਕੁਝ ਹੋਰ ਖਾਣ-ਪੀਣ ‌ਨੂੰ ਦੇ ਦੇਣਾ। ਨਾਲ ਦੇ ਪਿੰਡ ਰੁਪਾਲਹੇੜੀ ਦੇ ਸਕੂਲ ਤੋਂ ਦੋ-ਢਾਈ ਮੀਲ ਤੁਰ ਕੇ ਆਉਣਾ-ਜਾਣਾ ਆਮ ਗੱਲ ਸੀ, ਪਰ ਕਦੇ-ਕਦੇ ਇਹ ਥਕਾ ਦਿੰਦਾ। ਬੇਬੇ ਦੀ ਆਰਾਮ ਵਾਲੀ ਜ਼ਿੰਦਗੀ ਦੇਖ ਕੇ ਕਈ ਵਾਰ ਮੈਂ ਉਹਨੂੰ ਕਹਿਣਾ, ‘‘ਬੇਬੇ ਕਿੰਨਾ ਚੰਗਾ ਹੁੰਦਾ ਜੇ ਮੈਂ ‌ਬੇਬੇ ਹੁੰਦੀ।’’ ਉਹਨੇ ਸੋਟੀ ਚੁੱਕ ਕੇ ਮਾਰਨ ਨੂੰ ਪੈਣਾ ਤੇ ਕਹਿਣਾ, ‘‘ਨੀਂ ਬੇਅਕਲੇ... ਪੜ੍ਹਾਈ ਖੂਹ ’ਚ ਸੁੱਟ ਆਉਨੀਏਂ? ਇਉਂ ਨ੍ਹੀਂ ਕਹਿੰਦੀਆਂ ਹੁੰਦੀਆਂ ਕੁੜੀਆਂ... ਮੂਰਖ ਕਿਤੋਂ ਦੀ।’’ ‌ਉਸ ਮੌਕੇ ਤਾਂ ਮੈਂ ਬੇਬੇ ਕੋਲੋਂ ਭੱਜ ਜਾਣਾ, ਪਰ ਦੂਜੇ-ਚੌਥੇ ਫੇਰ ਕਹਿਣਾ, ‘‘ਬੇਬੇ, ਜੇ ਮੈਂ ਬੇਬੇ ਹੁੰਦੀ...।’’ ਬੇਬੇ ਨੂੰ ਖਿਝਾਉਣ ਦਾ ਵਧੀਆ ਤਰੀਕਾ ਹੱਥ ਲੱਗ ਗਿਆ ਸੀ। ਉਹ ਮਾਰਨ ਲਈ ਝੂਠਾ ਡਰਾਵਾ ਦਿੰਦੀ ਸੋਟੀ ਉਲਾਰਦੀ ਤੇ ਮੈਂ ਪੱਤਰੇ ਵਾਚ ਜਾਂਦੀ। ਉਨ੍ਹਾਂ ਝਿੜਕਾਂ ਵਿੱਚ ਇੱਕ ਅਨੋਖਾ ਮੋਹ ਛੁਪਿਆ ਹੁੰਦਾ।
ਬੇਬੇ ਨੇ ਹਮੇਸ਼ਾਂ ਮੈਨੂੰ ਕਹਿਣਾ, ‘‘ਪੁੱਤ, ਜੀਅ ਲਾ ਕੇ ਪੜ੍ਹਿਆ ਕਰ, ਚਾਰ ਅੱਖਰ ਪੜ੍ਹ ਕੇ ਬੰਦਾ ਆਪਣੇ ਢਿੱਡ ਦੀ ਗੱਲ ਤਾਂ ‌ਕਰ ਲੈਂਦੈ... ਤੇਰੀਆਂ ਭੈਣਾਂ ਸਾਲ-ਸਾਲ ਨ੍ਹੀਂ ਆਉਂਦੀਆਂ ਧੀਏ... ਮਾਂ ਦਾ ਢਿੱਡ ਤਾਂ ਮੱਚਦੈ...।’’ ਸਮਾਂ ਪਾ ਕੇ ਬੇਬੇ ਦੀਆਂ ਇਨ੍ਹਾਂ ਗੱਲਾਂ ਦਾ ਮਹੱਤਵ ਸਮਝ ਆਇਆ। ਸੱਚ ਹੀ ਚਾਰ ਅੱਖਰ ਪੜ੍ਹ ਕੇ ਬੰਦਾ ਆਪਣੇ ਢਿੱਡ ਦੀ ਗੱਲ ਕਰਨ ਯੋਗ ਹੋ ਜਾਂਦਾ ਹੈ। ਮੈਂ ਸੋਚਦੀ ਹਾਂ ਕਿ ਜੇਕਰ ਮੈਂ ਚਾਰ ਅੱਖਰ ਨਾ ਪੜ੍ਹੇ ਹੁੰਦੇ ਤਾਂ ਸ਼ਾਇਦ ਵਿੱਛੜੇ ਪੁੱਤਰ ਦੇ ‌ਗ਼ਮ‌ ’ਚ ਮੈਂ ਮਰ-ਮੁੱਕ ਗਈ ਹੁੰਦੀ ਜਾਂ ਪਾਗ਼ਲ ਜ਼ਰੂਰ ਹੋ ਗਈ ਹੁੰਦੀ। ਇਸ ਅਤਿ ਦੀ ਮੁਸ਼ਕਲ ਘੜੀ ਵਿੱਚ ਕਲਮ ਮੈਨੂੰ ਰੱਬ ਬਣ ਕੇ ਬਹੁੜੀ। ਮੇਰੇ ਦੁੱਖ-ਦਰਦ ਕਲਮ ਰਾਹੀਂ ਅੱਖਰਾਂ ਵਿੱਚ ਢਲ ਗਏ।
ਜਦੋਂ ਵੀ ਮੈਨੂੰ ‌ਬੇਬੇ ਜਾਂ ਬਾਕੀ ਤਾਈਆਂ-ਚਾਚੀਆਂ ਤੇ ਹੋਰ ਰਿਸ਼ਤਿਆਂ ਵਿਚਲੇ ਮੋਹ-ਪਿਆਰ ਯਾਦ ਆਉਂਦੇ ਹਨ ਤਾਂ ਅੱਜਕੱਲ੍ਹ ਦੇ ਟੁੱਟੇ-ਤਿੜਕੇ ਰਿਸ਼ਤਿਆਂ ਦਾ ਖ਼ਿਆਲ ਮਨ ਨੂੰ ਬਹੁਤ ਪੀੜਾ ਤੇ ਦਿਮਾਗ਼ ਨੂੰ ਚਿੰਤਾ ’ਚ ਡੁਬੋ ਦਿੰਦਾ ਹੈ। ਅਜੋਕੇ ਸਮੇਂ ਸਾਡੇ ਗੂੜ੍ਹੇ ਰਿਸ਼ਤੇ ਵੀ ਫਿੱਕੇ ਪੈ ਗਏ ਹਨ। ਰਿਸ਼ਤੇਦਾਰੀਆਂ ਰੰਗ-ਬਿਰੰਗੀਆਂ ਤੰਦਾਂ ਵਰਗੀਆਂ ਹੁੰਦੀਆਂ ਹਨ। ਇਹ ਸੋਹਣੀਆਂ ਤੰਦਾਂ ਜੇ ਆਪਸ ਵਿੱਚ ਜੁੜੀਆਂ ਰਹਿਣ ਤਾਂ ਜੀਵਨ ਨੂੰ ਖੇੜਾ ਬਖ਼ਸ਼ਦੀਆਂ ਹਨ। ਮੈਨੂੰ ਇਹ ਰਿਸ਼ਤੇ-ਨਾਤੇ ਮੌਲੀ ਦੀਆਂ ਤੰਦਾਂ ਵਾਂਗ ਜਾਪਦੇ ਹਨ। ਜੇ ਇਹ ’ਕੱਲੇ- ਇਕਹਿਰੇ ਹੋਣ ਤਾਂ ਧਾਗੇ ਹੀ ਰਹਿ ਜਾਂਦੇ ਹਨ, ਪਰ ਜੇ ਇਨ੍ਹਾਂ ਨੂੰ ਇਕੱਠੇ ਕਰਕੇ ਡੋਰ ਵਾਂਗ ਜੋੜ-ਵੱਟ ਕੇ ਰੱਖਿਆ ਜਾਵੇ ਤਾਂ ਇਨ੍ਹਾਂ ਧਾਗਿਆਂ ਦੀ ਖ਼ੂਬਸੂਰਤ, ਬਹੁਰੰਗੀ ਤੇ ਮਜ਼ਬੂਤ ਮੌਲੀ ਜਾਂ ਖੰਮ੍ਹਣੀ ਬਣ ਜਾਂਦੀ ਹੈ। ਇਹੋ ਮੌਲੀ ਮੋਹ-ਮੁਹੱਬਤਾਂ, ਸ਼ਗਨਾਂ ਤੇ ਖੁ਼ਸ਼ੀਆਂ ਦੀ ਪ੍ਰਤੀਕ ਹੁੰਦੀ ਹੈ। ਮੌਲੀ ਵਰਗੇ ਰਿਸ਼ਤੇ ਦਿਲ ਰੂਪੀ ਕਲਾਈ ਨਾਲ ਬੰਨ੍ਹ ਕੇ ਰੂਹ ਨੂੰ ਬਹੁਤ ਖ਼ੁਸ਼ੀ, ਚੈਨ ਤੇ ਰੱਜ ਮਿਲਦਾ ਹੈ। ਮੇਰੀ ਬੇਬੇ ਵੀ ਰਿਸ਼ਤਿਆਂ ਦੀ ‌ਮੌਲੀ ਦੀ ਸੂਹੀ‌ ਤੰਦ ਸੀ ਜੋ ਜਿਉਂਦੇ ਜੀਅ ਉਸੇ ਰੰਗ ਵਿੱਚ ਰੰਗੀ ਰਹੀ।
ਸੰਪਰਕ: 98728 98599

Advertisement

Advertisement
Author Image

Advertisement
Advertisement
×