ਛੇੜਛਾੜ ਮਾਮਲਾ: ਕੂਹਲੀ ਵਾਸੀ ਪਰਿਵਾਰ ਵੱਲੋਂ ਇਨਸਾਫ਼ ਲਈ ਐੱਸਐੱਸਪੀ ਨੂੰ ਦਰਖ਼ਾਸਤ
ਦੇਵਿੰਦਰ ਸਿੰਘ ਜੱਗੀ
ਪਾਇਲ, 4 ਜੁਲਾਈ
ਥਾਣਾ ਮਲੌਦ ਅਧੀਨ ਪੈਂਦੇ ਪਿੰਡ ਕੂਹਲੀ ਦੇ ਪੀੜਤ ਪਰਿਵਾਰ ਨੇ ਛੇੜਛਾੜ ਦਾ ਝੂਠਾ ਪਰਚਾ ਰੱਦ ਕਰਵਾਉਣ ਅਤੇ ਗਲਤ ਹਰਕਤਾਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਐੱਸਐੱਸਪੀ ਖੰਨਾ ਨੂੰ ਲਿਖਤੀ ਦਰਖ਼ਾਸਤ ਦਿੱਤੀ ਹੈ।
ਦਰਖ਼ਾਸਤਕਾਰ ਗੁਰਪ੍ਰੀਤ ਕੌਰ ਪਤਨੀ ਮਨਦੀਪ ਸਿੰਘ ਵਾਸੀ-ਕੂਹਲੀ ਖੁਰਦ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਉਸ ਦੀਆਂ ਦੋ ਜਵਾਨ ਧੀਆਂ ਨਾਲ ਅਕਸਰ ਹੀ ਅਸ਼ਲੀਲ ਹਰਕਤਾਂ ਕਰਦਾ ਰਹਿੰਦਾ ਸੀ। ਸਿਮਨਰਜੀਤ ਨੇ 11 ਜੂਨ ਨੂੰ ਵੀ ਉਸ ਦੀਆਂ ਬੇਟੀਆਂ ਨਾਲ ਗਲਤ ਹਰਕਤਾਂ ਕੀਤੀਆਂ ਅਤੇ ਰੋਕਣ ’ਤੇ ਕੁਝ ਸਮੇਂ ਬਾਅਦ ਉਹ ਆਪਣੇ ਪਿਤਾ ਤਰਲੋਚਨ ਸਿੰਘ ਨੂੰ ਲੈ ਕੇ ਆਇਆ ਅਤੇ ਗਲਤ ਇਸ਼ਾਰੇ ਕਰਦਿਆਂ ਅਪਸ਼ਬਦ ਵੀ ਬੋਲੇ। ਇਸ ਦਾ ਵਿਰੋਧ ਕਰਨ ’ਤੇ ਸਿਮਰਨਜੀਤ ਸਿੰਘ, ਤਰਲੋਚਨ ਸਿੰਘ, ਮਨਜੀਤ ਸਿੰਘ, ਬਾਨੀ, ਸਿਮਰਨ ਹਰਮਨ ਸਿੰਘ, ਕੁਲਵਿੰਦਰ ਕੌਰ ਪਤਨੀ ਤਰਲੋਚਨ ਸਿੰਘ, ਗੁਰਪ੍ਰੀਤ ਸਿੰਘ ਨੇ ਉਸ ਦੀ ਤੇ ਪਤੀ ਦੀ ਕੁੱਟਮਾਰ ਕੀਤੀ। ਉਨ੍ਹਾਂ ਮੁਤਾਬਕ ਫਿਰ ਉਹ ਸਿਵਲ ਹਸਪਤਾਲ ਮਲੌਦ ਵਿਖੇ ਦਾਖਲ ਹੋ ਗਏ ਪਰ ਮਲੌਦ ਪੁਲੀਸ ਨੇ ਕੋਈ ਸੁਣਵਾਈ ਨਾ ਕੀਤੀ।
ਗੁਰਪ੍ਰੀਤ ਕੌਰ ਨੇ ਦੱਸਿਆ ਕਿ 2 ਜੁਲਾਈ ਨੂੰ ਮਲੌਦ ਤੋਂ ਇੱਕ ਥਾਣੇਦਾਰ ਪੁਲੀਸ ਪਾਰਟੀ ਸਮੇਤ ਆਇਆ ਤੇ ਗਾਲੀ ਗਲੋਚ ਕਰਨ ਮਗਰੋਂ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰਕੇ ਲੈ ਲਿਆ ਅਤੇ ਕਿਹਾ ਕਿ ਉਸ ਖ਼ਿਲਾਫ਼ ਛੇੜਛਾੜ ਦਾ ਕੇਸ ਦਰਜ ਹੈ। ਗੁਰਪ੍ਰੀਤ ਕੌਰ ਨੇ ਕਿਹਾ ਕਿ ਜਦੋਂ ਉਹ ਮਲੌਦ ਥਾਣੇ ਗਈ ਤਾਂ ਉਨ੍ਹਾਂ ਕਿਹਾ ਕਿ ਉਸ ਦੇ ਪਤੀ ਨੂੰ ਦੋਰਾਹਾ ਲੈ ਗਏ ਹਨ ਪਰ ਦੋਰਾਹਾ ਵੀ ਉਸ ਦਾ ਕੋਈ ਥਹੁ ਸਿਰਾ ਨਹੀ ਲੱਗਿਆ। ਜਦੋਂ ਥਾਣੇਦਾਰ ਘੁੰਮਣ ਨੂੰ ਫੋਨ ਕੀਤਾ ਤਾਂ ਉਸਨੇ ਕਿਹਾ ਕਿ ਉਹ ਜੱਜ ਸਾਹਮਣੇ ਪੇੇਸ਼ ਕਰਨ ਲਈ ਲਿਆਏ ਹਨ। ਬਾਅਦ ਵਿੱਚ ਉਸਨੂੰ ਮਲੌਦ ਥਾਣੇ ’ਚੋਂ ਫੋਨ ਆਇਆ ਕਿ ਤੁਸੀ ਆਪਣੇ ਪਤੀ ਨੂੰ ਮਿਲ ਲਵੋਂ ਪਰ ਜਦੋਂ ਉੱਥੇ ਗਈ ਤਾਂ ਐੱਸਐਚਓ ਨੇ ਕਿਹਾ ਕਿ ਤੁਹਾਡੇ ਪਤੀ ਨੂੰ ਜੇਲ੍ਹ ਛੱਡ ਆਏ ਹਾਂ। ਗੁਰਪ੍ਰੀਤ ਕੌਰ ਨੇ ਕਿਹਾ ਕਿ ੳੁਸ ਦੇ ਪਤੀ ’ਤੇ ਝੂਠਾ ਕੇਸ ਦਰਜ ਕਰਵਾਇਆ ਗਿਅਾ ਹੈ ਅਤੇ ਉਕਤ ਲੋਕ ਪੈਸੇ ਦੇ ਜ਼ੋਰ ’ਤੇ ਉਨ੍ਹਾਂ ਦੇ ਪਰਿਵਾਰ ਦੀ ਇੱਜ਼ਤ ਨੂੰ ਰੋਲਣਾ ਚਾਹੁੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਉਕਤ ਪਰਿਵਾਰ ਵੱਲੋਂ ਪੁਲੀਸ ਅਤੇ ਰਾਜਨੀਤਕ ਲੋਕਾਂ ਨਾਲ ਮਿਲ ਕੇ ਉਨ੍ਹਾਂ ਖ਼ਿਲਾਫ਼ ਦਰਜ ਕਰਵਾਇਆ ਝੂਠਾ ਪਰਚਾ ਰੱਦ ਕਰਕੇ ਇਨਸਾਫ਼ ਦਿਵਾਇਆ ਜਾਵੇ।
ਦੂਜੇ ਪਾਸੇ ਇਸ ਸਬੰਧੀ ਥਾਣਾ ਮਲੌਦ ਦੇ ਐੱਸਐਚਓ ਲਖਵੀਰ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਪੂਰੀ ਜਾਂਚ ਪੜਤਾਲ ਕਰਕੇ ਹੀ ਪਰਚਾ ਦਰਜ ਕੀਤਾ ਗਿਆ ਹੈ, ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਗਿਆ।