ਜੇ ਸਿੰਗਲਾ ਸੰਸਦ ਮੈਂਬਰ ਬਣਦੇ ਤਾਂ ਮੁਹਾਲੀ ਦੇ ਵਿਕਾਸ ਨੂੰ ਹੁਲਾਰਾ ਮਿਲਦਾ: ਸਿੱਧੂ
ਕਰਮਜੀਤ ਸਿੰਘ ਚਿੱਲਾ
ਐਸਏਐਸ ਨਗਰ(ਮੁਹਾਲੀ), 28 ਜੁਲਾਈ
ਇੱਥੋਂ ਦੇ ਸੈਕਟਰ-80 ਵਿੱਚ ਅੱਜ ਕਾਂਗਰਸ ਪਾਰਟੀ ਵੱਲੋਂ ਮੁਹਾਲੀ ਦੀ ਹਲਕਾ ਪੱਧਰੀ ਧੰਨਵਾਦ ਰੈਲੀ ਕੀਤੀ ਗਈ। ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ ਰੈਲੀ ਵਿੱਚ ਪਾਰਟੀ ਆਗੂ, ਕੌਂਸਲਰ, ਪੰਚ-ਸਰਪੰਚ ਤੇ ਵੱਡੀ ਗਿਣਤੀ ਵਿਚ ਵਰਕਰ ਸ਼ਾਮਲ ਹੋਏ। ਇਸ ਮੌਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਵਿਜੈਇੰਦਰ ਸਿੰਗਲਾ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਬਲਬੀਰ ਸਿੱਧੂ ਨੇ ਸ੍ਰੀ ਸਿੰਗਲਾ ਦੀ ਹਾਰ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਮੁਹਾਲੀ ਹਲਕੇ ਨੂੰ ਵੱਡਾ ਨੁਕਸਾਨ ਹੋਇਆ ਹੈ, ਕਿਉਂਕਿ ਜੇ ਸ੍ਰੀ ਸਿੰਗਲਾ ਸੰਸਦ ਮੈਂਬਰ ਬਣਦੇ ਤਾਂ ਹਲਕੇ ਅੰਦਰ ਵਿਕਾਸ ਕਾਰਜਾਂ ਨੂੰ ਹੁਲਾਰਾ ਮਿਲਣਾ ਸੀ। ਉਨ੍ਹਾਂ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਆਖਿਆ ਕਿ ਮੁਹਾਲੀ ਸ਼ਹਿਰ ਅਤੇ ਹਲਕੇ ਵਿੱਚ ਢਾਈ ਸਾਲ ਤੋਂ ਸਾਰੇ ਵਿਕਾਸ ਕੰਮ ਠੱਪ ਪਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਨਿਗਮ ਵੱਲੋਂ ਪਾਸ ਕੀਤੇ ਜਾਂਦੇ ਮਤਿਆਂ ਨੂੰ ਮਨਜ਼ੂਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਅਗਾਮੀ ਪੰਚਾਇਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਕਾਂਗਰਸੀ ਵਰਕਰਾਂ ਨੂੰ ਕਮਰਕੱਸੇ ਕਰਨ ਦੀ ਅਪੀਲ ਕੀਤੀ।
ਸ੍ਰੀ ਸਿੰਗਲਾ ਨੇ ਇਸ ਮੌਕੇ ਮੁਹਾਲੀ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਉਨ੍ਹਾਂ ਨੂੰ ਇਸ ਹਲਕੇ ਦੇ ਪਾਰਟੀ ਵਰਕਰਾਂ ਵੱਲੋਂ ਜੋ ਪਿਆਰ ਮਿਲਿਆ, ਉਸ ਲਈ ਉਹ ਸਦਾ ਹਲਕਾ ਵਾਸੀਆਂ ਦੇ ਰਿਣੀ ਰਹਿਣਗੇ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਤਕੜੇ ਰਹਿਣ ਦੀ ਅਪੀਲ ਕੀਤੀ।
ਇਸ ਮੌਕੇ ਨਗਰ ਨਿਗਮ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਕਾਂਗਰਸੀ ਆਗੂ ਭਗਤ ਸਿੰਘ ਨਾਮਧਾਰੀ, ਬਲਾਕ ਕਾਂਗਰਸ ਮੁਹਾਲੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਠੇਕੇਦਾਰ ਮੋਹਨ ਸਿੰਘ ਬਠਲਾਣਾ, ਸੰਤ ਸਿੰਘ ਸੰਨੀ ਕੰਡਾ, ਸੁਖਦੀਪ ਸਿੰਘ ਨਿਆਂ ਸ਼ਹਿਰ, ਮੁਲਾਜ਼ਮ ਆਗੂ ਕਰਮ ਸਿੰਘ ਧਨੋਆ ਅਤੇ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਵੀ ਸੰਬੋਧਨ ਕੀਤਾ।