ਮੁਹਾਲੀ ਪੁਲੀਸ ਨੇ ਸਫ਼ਾਈ ਮਜ਼ਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਦੋ ਕਾਬੂ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 23 ਅਕਤੂਬਰ
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਕੂੜਾ ਚੁੱਕਣ ਵਾਲੇ ਮਜ਼ਦੂਰ ਫਰਾਸਤ ਉਰਫ਼ ਚੰਨੂ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬਲਕਾਰ ਸਿੰਘ ਅਤੇ ਗੁਰਤੇਜ ਸਿੰਘ ਉਰਫ਼ ਤੇਜੀ ਦੋਵੇਂ ਵਾਸੀਆਨ ਪਿੰਡ ਚਡਿਆਲਾ ਸੂਦਾਂ (ਮੁਹਾਲੀ) ਵਜੋਂ ਹੋਈ ਹੈ।
ਇੱਥੇ ਅੱਜ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਮੁਹਾਲੀ ਦੇ ਐੱਸਪੀ (ਦਿਹਾਤੀ) ਮਨਪ੍ਰੀਤ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ। ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਚੱਪੜਚਿੜੀ ਜੰਗੀ ਯਾਦਗਾਰ (ਫਤਹਿ ਬੁਰਜ) ਨੇੜੇ ਸੜਕ ਕੰਢੇ ਕੂੜਾ ਚੁੱਕਣ ਵਾਲੀ ਰੇਹੜੀ ਦੇਖੀ ਤਾਂ ਨਸ਼ੇ ਦੀ ਪੂਰਤੀ ਲਈ ਸਫ਼ਾਈ ਮਜ਼ਦੂਰ ਫਰਾਸਤ ਉਰਫ਼ ਚੰਨੂ ਕੋਲੋਂ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਇਸ ਦੌਰਾਨ ਸਫ਼ਾਈ ਮਜ਼ਦੂਰ ਨੇ ਹਿੰਮਤ ਕਰ ਕੇ ਉਨ੍ਹਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਮੁਲਜ਼ਮ ਬਲਕਾਰ ਸਿੰਘ ਅਤੇ ਗੁਰਤੇਜ ਸਿੰਘ ਤੇਜੀ ਨੇ ਕੁਹਾੜੀ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਦਾ ਸਿਰ ਧੜ ਨਾਲੋਂ ਵੱਖ ਕਰ ਕੇ ਲਾਸ਼ ਨੂੰ ਸੈਕਟਰ-91 ਵਾਲੀ ਸੜਕ ਕੰਢੇ ਸੁੱਟ ਦਿੱਤਾ।
ਐੱਸਪੀ ਦਿਹਾਤੀ ਨੇ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬਲਕਾਰ ਸਿੰਘ ਵਿਰੁੱਧ ਪਹਿਲਾਂ ਵੀ ਸੋਹਾਣਾ ਥਾਣੇ ਵਿੱਚ ਲੜਾਈ ਝਗੜੇ ਦਾ ਪਰਚਾ ਦਰਜ ਹੈ।
ਪੁਲੀਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਕੁਹਾੜੀ ਵੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
ਲੁੱਟ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਵੱਲੋਂ ਦੋ ਸਕੇ ਭਰਾ ਗ੍ਰਿਫ਼ਤਾਰ
ਐੱਸਏਐੱਸ ਨਗਰ (ਮੁਹਾਲੀ)(ਪੱਤਰ ਪ੍ਰੇਰਕ): ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਇੱਥੋਂ ਦੇ ਫੇਜ਼-3 ਅਤੇ ਫੇਜ਼-7 ਦੇ ਟਰੈਫ਼ਿਕ ਲਾਈਟ ਪੁਆਇੰਟ ਨੇੜੇ ਸਾਈਕਲ ਚਾਲਕ ਕੋਲੋਂ ਕਰੀਬ 5.5 ਲੱਖ ਰੁਪਏ ਲੁੱਟਣ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਰਜਨ ਕੁਮਾਰ ਉਰਫ਼ ਛਾਂਗਾ ਅਤੇ ਉਸ ਦੇ ਭਰਾ ਰੋਹਿਤ ਕੁਮਾਰ ਦੋਵੇਂ ਵਾਸੀਆਨ ਪਿੰਡ ਖੂਨੀਮਾਜਰਾ (ਖਰੜ) ਵਜੋਂ ਹੋਈ ਹੈ। ਉਹ ਸੈਕਟਰ-52 ਚੰਡੀਗੜ੍ਹ ਵਿੱਚ ਰਹਿੰਦੇ ਹਨ ਜਦੋਂਕਿ ਇਨ੍ਹਾਂ ਦਾ ਤੀਜਾ ਸਾਥੀ ਫਿਲਹਾਲ ਫ਼ਰਾਰ ਹੈ। ਮੁਹਾਲੀ ਦੇ ਐੱਸਪੀ ਦਿਹਾਤੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਲੁੱਟੇ ਹੋਏ ਪੈਸਿਆਂ ’ਚੋਂ 1.65 ਲੱਖ ਰੁਪਏ, ਮੋਬਾਈਲ ਫੋਨ ਅਤੇ ਬੈਗ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਅਸ਼ਵਨੀ ਸੋਨੀ ਨੇ ਆਪਣੀ ਪਤਨੀ ਰੇਨੂੰ ਦੇ ਨਾਮ ’ਤੇ ਵ੍ਹਾਈਟ ਲੈਵਲ ਏਟੀਐੱਮ ਵਿਕਹੰਗੀ ਲਿਮਿਟਡ ਦੀ ਫਰੈਂਚਾਇਜ਼ੀ ਲਈ ਹੋਈ ਹੈ। ਫਰੈਂਚਾਇਜ਼ੀ ਮੁਤਾਬਕ ਉਨ੍ਹਾਂ ਨੇ ਏਟੀਐੱਮ ਵਿੱਚ ਪੈਸੇ ਪਾਉਣੇ ਹੁੰਦੇ ਹਨ, ਜਿਸ ਵਿੱਚ 7 ਏਟੀਐਮ ਅਲਾਊਡ ਹਨ। ਅਸ਼ਵਨੀ ਬੀਤੀ 8 ਅਗਸਤ ਨੂੰ ਆਪਣੀ ਕਾਰ ਖ਼ਰਾਬ ਹੋਣ ਕਾਰਨ ਸਾਈਕਲ ’ਤੇ ਕਰੀਬ 5.5 ਲੱਖ ਰੁਪਏ ਲੈ ਕੇ ਜਾ ਰਿਹਾ ਸੀ। ਜਦੋਂ ਉਹ ਫੇਜ਼-3 ਅਤੇ ਫੇਜ਼-7 ਦੀਆਂ ਲਾਈਟਾਂ ਨੇੜੇ ਪੁੱਜਾ ਤਾਂ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਉਸ ਨੂੰ ਰਸਤੇ ਵਿੱਚ ਘੇਰ ਕੇ ਉਸ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਲਿਆ ਸੀ।