ਮੋਗਾ: ਖੰਡਰਨੁਮਾ ਇਮਾਰਤ ’ਚ ਤਸਕਰਾਂ ਕੋਲੋਂ ਹੁੰਦੀ ਹੈ ਪੜਤਾਲ
ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਮਾਰਚ
ਪੰਜਾਬ ’ਚ ਨਸ਼ਿਆਂ ਦਾ ਖ਼ਾਤਮਾ ਕਰਨਾ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਜੇਲ੍ਹਾਂ ’ਚ ਜ਼ਮਾਨਤ ਉੱਤੇ ਆਉਣ ਮਗਰੋਂ ਮੁਲਜ਼ਮ ਮੁੜ ਨਸ਼ੇ ਦੇ ਧੰਦੇ ’ਚ ਲੱਗ ਜਾਂਦੇ ਹਨ। ਨਸ਼ਾ ਤਸਕਰੀ ’ਚ ਕਈ ਪੁਲੀਸ ਮੁਲਾਜ਼ਮਾਂ ਦੀ ਸ਼ਮੂਲੀਅਤ ਵੀ ਸਾਹਮਣੇ ਆਉਂਦੀ ਰਹੀ ਹੈ। ਸਥਾਨਕ ਖੰਡਰਨੁਮਾ ਪੁਰਾਣੀ ਜੁਡੀਸ਼ਲ ਇਮਾਰਤ ਪੁਲੀਸ ਮੁਲਾਜ਼ਮਾਂ ਲਈ ਲਾਹੇਵੰਦ ਬਣੀ ਹੋਈ ਹੈ। ਸੂਤਰਾਂ ਦਾ ਆਖਣਾ ਹੈ ਕਿ ਇਸ ਇਮਾਰਤ ਵਿਚ ਕਈ ਪੁਲੀਸ ਮੁਲਾਜ਼ਮਾਂ ਛੋਟੇ ਤਸਕਰਾਂ ਨੂੰ ਹੱਥੀਂ ਛਾਵਾਂ ਕਰਦੇ ਹਨ। ਪੁਲੀਸ ਮੁਲਾਜ਼ਮਾਂ ਨੂੰ ਜਦੋਂ ਵੀ ਕਿਸੇ ਮੁਲਜ਼ਮ ਦੇ ਨਸ਼ਾ ਵੇਚਣ ਜਾਂ ਕੋਈ ਹੋਰ ਸ਼ੱਕੀ ਆਦਿ ਦੀ ਸੂਚਨਾ ਮਿਲਦੀ ਹੈ ਤਾਂ ਸ਼ੱਕੀ ਮੁਲਜ਼ਮ ਤੋਂ ਪੁਲੀਸ ਮੁਲਾਜ਼ਮ ਆਪਣੇ ਖੰਡਰਨੁਮਾ ਕਮਰਿਆਂ ’ਚ ਲਿਜਾ ਕੇ ਪੁੱਛ-ਪੜਤਾਲ ਕਰਦੇ ਹਨ। ਕਈ ਵਾਰ ਮਾਮਲਾ ਰਫ਼ਾ ਦਫ਼ਾ ਵੀ ਕਰ ਦਿੱਤਾ ਜਾਂਦਾ ਹੈ। ਪੁਲੀਸ ਸੂਤਰਾਂ ਮੁਤਾਬਕ ਦੋ ਦਿਨ ਪਹਿਲਾਂ ਪੁਲੀਸ ਮੁਲਾਜ਼ਮਾਂ ਨੇ ਨਸ਼ਾ ਤਸਕਰੀ ਦੋਸ਼ ਹੇਠ ਫੜੇ ਤਿੰਨ ਮੁਲਜ਼ਮਾਂ ਵਿਚੋਂ ਦੋ ਨੂੰ ਦੇਰ ਰਾਤ ਤੱਕ ਕਈ ਘੰਟੇ ਹਿਰਾਸਤ ਵਿਚ ਰੱਖ ਕੇ ਛੱਡ ਦਿੱਤਾ ਸੀ ਜੋ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਥਾਣਾ ਸਿਟੀ ਮੁਖੀ ਜਸਬੀਰ ਸਿੰਘ ਨੇ ਦੋ ਮੁਲਜ਼ਮਾਂ ਨੂੰ ਛੱਡਣ ਦੀ ਚਰਚਾ ਨੂੰ ਝੂਠ ਆਖਦੇ ਕਿਹਾ ਕਿ ਜਿਹੜੇ ਮੁਲਜ਼ਮ ਤੋਂ ਨਸ਼ਾ ਬਰਾਮਦ ਹੋਇਆ ਸੀ ਉਸ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਤੇ ਪੁਲੀਸ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਕਦਮ ਚੁੱਕੇ ਜਾਣ ਦੇ ਬਾਵਜੂਦ ਨਸ਼ਿਆਂ ਨੂੰ ਕੋਈ ਠੱਲ੍ਹ ਨਹੀਂ ਪਈ ਦਿਖਾਈ ਦਿੰਦੀ ਜਿਸ ਵਿਚ ਸੁਧਾਰ ਹੋਣ ਦੀ ਕੋਈ ਉਮੀਦ ਵੀ ਦਿਖਾਈ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ’ਚੋਂ ਕਿਵੇਂ ਕੱਢਿਆ ਜਾਵੇ।