For the best experience, open
https://m.punjabitribuneonline.com
on your mobile browser.
Advertisement

ਮਾਨਸਾ: ਭਾਅ ਘੱਟ ਮਿਲਣ ਕਾਰਨ ਕਿਸਾਨ ਸ਼ਿਮਲਾ ਮਿਰਚ ਨੂੰ ਖੇਤਾਂ ’ਚ ਵਾਹੁਣ ਲੱਗੇ

11:41 AM May 07, 2024 IST
ਮਾਨਸਾ  ਭਾਅ ਘੱਟ ਮਿਲਣ ਕਾਰਨ ਕਿਸਾਨ ਸ਼ਿਮਲਾ ਮਿਰਚ ਨੂੰ ਖੇਤਾਂ ’ਚ ਵਾਹੁਣ ਲੱਗੇ
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 7 ਮਈ
ਮਾਲਵਾ ਖੇਤਰ ਵਿੱਚ ਇਸ ਵਾਰ ਸ਼ਿਮਲਾ ਮਿਰਚ ਦੇ ਭਾਅ ਭੂੰਜੇ ਡਿੱਗਣ ਤੋਂ ਬਾਅਦ ਕਿਸਾਨਾਂ ਵੱਲੋਂ ਇਸ ਨੂੰ ਸੜਕਾਂ ’ਤੇ ਸੁੱਟਣ ਮਗਰੋਂ ਹੁਣ ਖੇਤਾਂ ਵਿੱਚ ਵਾਹੁਣਾ ਆਰੰਭ ਕਰ ਦਿੱਤਾ ਗਿਆ ਹੈ। ਮਾਨਸਾ ਨੇੜਲੇ ਪਿੰਡ ਭੈਣੀਬਾਘਾ ਵਿਖੇ ਕਿਸਾਨ ਰਾਜ ਸਿੰਘ ਨੇ ਆਪਣੀ ਡੇਢ ਏਕੜ ਸ਼ਿਮਲਾ ਮਿਰਚ ਉਪਰ ਟਰੈਕਟਰ ਚਲਾਕੇ ਵਾਹੇ ਜਾਣ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਇਨ੍ਹਾਂ ਦੀ ਤੁੜਾਈ, ਫ਼ਸਲ ਦੇ ਭਾਅ ਨਾਲੋਂ ਜਦੋਂ ਮਹਿੰਗੀ ਹੋ ਗਈ ਤਾਂ ਵਾਹੁਣ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਰਿਹਾ। ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਖੇਤੀ ਵਿਭਿੰਨਤਾ ਤਹਿਤ ਜਿਹੜੇ ਕਿਸਾਨਾਂ ਵੱਲੋਂ ਇਸ ਵਾਰ ਸ਼ਿਮਲਾ ਮਿਰਚ ਨੂੰ ਆਪਣੇ ਖੇਤਾਂ ਵਿੱਚ ਮੁਨਾਫ਼ੇ ਲਈ ਬੀਜਿਆ ਗਿਆ ਸੀ, ਉਹ ਘੱਟ ਕੀਮਤਾਂ ਦੀ ਭੇਟ ਚੜ੍ਹਕੇ ਘਾਟੇ ਦਾ ਕਾਰਨ ਬਣੀ ਹੈ। ਬੇਸ਼ੱਕ ਪਿਛਲੇ ਸਾਲ ਕਿਸਾਨੀ ਸੰਘਰਸ਼ਾਂ ਦੇ ਗੜ੍ਹ ਮੰਨੇ ਜਾਂਦੇ ਮਾਨਸਾ ਨੇੜਲੇ ਪਿੰਡ ਭੈਣੀਬਾਘਾ ਸਮੇਤ ਹੋਰਨਾਂ ਪਿੰਡਾਂ ਵਿੱਚ ਸ਼ਿਮਲਾ ਮਿਰਚ ਸਮੇਤ ਹੋਰ ਸਬਜ਼ੀਆਂ ਬਾਹਰਲੇ ਸੂਬਿਆਂ ਵਿੱਚ ਭੇਜੀਆਂ ਗਈਆਂ ਸਨ ਪਰ ਇਸ ਵਾਰ ਹੋਰ ਰਾਜਾਂ ਦੇ ਵਪਾਰੀਆਂ ਵੱਲੋਂ ਖਰੀਦ ਕਰਨ ਲਈ ਨਾ ਆਉਣ ਕਾਰਨ ਕਿਸਾਨਾਂ ਨੂੰ ਭਾਰੀ ਘਾਟੇ ਦਾ ਸ਼ਿਕਾਰ ਬਣਾ ਧਰਿਆ ਹੈ। ਮਾਨਸਾ ਜ਼ਿਲ੍ਹੇ ਦੇ ਰੇਤਲੇ ਇਲਾਕਿਆਂ ਵਿੱਚ ਸ਼ਿਮਲਾ ਮਿਰਚ ਨੂੰ ਲਾਇਆ ਜਾਂਦਾ ਹੈ ਅਤੇ ਇਸ ਖੇਤਰ ’ਚੋਂ ਉਤਰੀ ਭਾਰਤ ਦੇ ਸਾਰੇ ਰਾਜ ਵਿੱਚ ਇਸ ਦੀ ਸਪਲਾਈ ਹੁੰਦੀ ਸੀ। ਮਾਨਸਾ ਨੇੜਲੇ ਪਿੰਡ ਭੈਣੀਬਾਘਾ ’ਚ ਸ਼ਿਮਲਾ ਮਿਰਚ 500 ਤੋਂ ਲੈ ਕੇ 800 ਏਕੜ ਵਿੱਚ ਬੀਜੀ ਗਈ ਹੈ ਪਰ ਇਸ ਵਾਰ ਤੁੜਾਈ ਮੌਕੇ ਇਸ ਦੇ ਭਾਅ ਘੱਟ ਗਏ। ਕਿਸਾਨ ਰਾਜ ਸਿੰਘ ਨੇ ਦੱਸਿਆ ਕਿ ਆਮ ਤੌਰ ’ਤੇ ਸ਼ਿਮਲਾ ਮਿਰਚ ਦਾ ਭਾਅ 20-25 ਰੁਪਏ ਕਿਲੋ ਮਿਲਦਾ ਹੁੰਦਾ ਸੀ ਪਰ ਇਸ ਵਾਰ ਕਿਸਾਨਾਂ ਨੂੰ ਭਾਅ 2 ਤੋਂ 3 ਰੁਪਏ ਮਿਲਣ ਕਾਰਨ ਪੱਲੇ ਕੁੱਝ ਨਹੀਂ ਪਿਆ।

Advertisement

Advertisement
Author Image

Advertisement
Advertisement
×