ਮੋਦੀ ਦੇ ਬੋਲ ਪ੍ਰਧਾਨ ਮੰਤਰੀ ਦੇ ਅਹੁਦੇ ਨਾਲ ਮੇਲ ਨਹੀਂ ਖਾਂਦੇ: ਬਘੇਲ
ਟਿ੍ਰਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਸਤੰਬਰ
ਕਾਂਗਰਸ ਦੇ ਸੀਨੀਅਰ ਆਗੂ ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਿਆਨਬਾਜ਼ੀ ਨੂੰ ਲੈ ਕੇ ਉਨ੍ਹਾਂ ’ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਵਿੱਚ ਚੋਣਾਂ ਸਮੇਂ ਨਿਘਾਰ ਆ ਜਾਂਦਾ ਹੈ, ਜਿਸ ਕਾਰਨ ਚੋਣ ਪ੍ਰਚਾਰ ਦੌਰਾਨ ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ, ਜੋ ਪ੍ਰਧਾਨ ਮੰਤਰੀ ’ਤੇ ਅਹੁਦੇ ’ਤੇ ਬੈਠੇ ਸ਼ਖਸ ਇਹ ਸਹੀ ਨਹੀਂ। ਭੂਪੇਸ਼ ਬਘੇਲ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੋਣਾਂ ਸਮੇਂ ਕਥਿਤ ਤੌਰ ’ਤੇ ਲੋਕਾਂ ਦੇ ਧਰਮ ਤੇ ਜਾਤ ਬਾਰੇ ਸ਼ਬਾਦਵਲੀ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਪ੍ਰਧਾਨ ਮੰਤਰੀ ਨੂੰ ਅਜਿਹੀ ਭਾਸ਼ਾ ਦੀ ਵਰਤੋਂ ਨਹੀਂ ਕਰਨੀ ਚਾਹੀਦੀ।’ ਕਾਂਗਰਸੀ ਆਗੂ ਨੇ ਕਿਹਾ ਕਿ ਸੂਬੇ ਦੇ ਕਿਸਾਨ, ਜਵਾਨ ਤੇ ਪਹਿਲਵਾਨ ਭਾਜਪਾ ਤੋਂ ਨਾਰਾਜ਼ ਹਨ, ਜੋ 5 ਅਕਤੂਬਰ ਨੂੰ ਮਤਦਾਨ ਦੌਰਾਨ ਭਾਜਪਾ ਨੂੰ ਕਰਾਰਾ ਜਵਾਬ ਦੇਣਗੇੇ।
ਭਾਜਪਾ ਤਿੰਨੋਂ ਖੇਤੀ ਕਾਨੂੰਨ ਵਾਪਸ ਲਿਆਉਣ ਦਾ ਮੁੱਢ ਬੰਨ੍ਹਣ ਲੱਗੀ
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਨੂੰ ਕਿਸਾਨਾਂ ਦੇ ਰੋਸ ਕਰਕੇ ਤਿੰਨ ਖੇਤੀ ਕਾਨੂੰਨ ਵਾਪਸ ਲੈਣੇ ਪਏ ਸਨ ਪਰ ਹੁਣ ਭਾਜਪਾ ਮੁੜ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਰਾਹੀਂ ਤਿੰਨੋਂ ਖੇਤੀ ਕਾਨੂੰਨ ਵਾਪਸ ਲਿਆਉਣ ਦਾ ਪਿੜ ਤਿਆਰ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਇਸੇ ਕਰਕੇ ਕੰਗਨਾ ਰਣੌਤ ਦੇ ਬਿਆਨ ਦਾ ਦੇਸ਼ ਭਰ ਵਿੱਚ ਵਿਰੋਧ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਢਾ ਸਣੇ ਕਿਸੇ ਵੀ ਕੌਮੀ ਆਗੂ ਵੱਲੋਂ ਪਾਰਟੀ ਦੀ ਸੰਸਦ ਮੈਂਬਰ ਨੂੰ ਕੁਝ ਵੀ ਨਹੀਂ ਕਿਹਾ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਹਾਈਕਮਾਂਡ ਨੂੰ ਕੰਗਨਾ ਦੇ ਬਿਆਨ ਬਾਰੇ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।