ਮੋਦੀ ਦਾ ਭੂਟਾਨ ਦੌਰਾ
ਬਸੰਤ ਰੁੱਤ ਦੀ ਸ਼ੁਰੂਆਤ ’ਚ ਹੀ ਪਏ ਮੀਂਹ ਨੇ ਇਸ ਹਫ਼ਤੇ ਦੇ ਆਰੰਭ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਥਿੰਪੂ ਦੌਰੇ ’ਚ ਰੁਕਾਵਟ ਪਾਈ ਪਰ ਦੌਰਾ ਮੁਲਤਵੀ ਕਰਨ ਦੇ 24 ਘੰਟਿਆਂ ਦੇ ਵਿਚ-ਵਿਚ ਹੀ ਪ੍ਰਧਾਨ ਮੰਤਰੀ ਮੋਦੀ ਨੂੰ ਭੂਟਾਨ ਜਾਣ ਲਈ ਢੁੱਕਵੇਂ ਮੌਸਮ ਦਾ ਬਦਲ ਮਿਲ ਗਿਆ। ਭਾਰਤ ’ਚ ਨਵੀਂ ਸਰਕਾਰ ਦੇ ਗਠਨ ਤੱਕ ਹਿੰਦ-ਭੂਟਾਨ ਰਿਸ਼ਤਿਆਂ ਨੂੰ ਸੰਦੇਹਪੂਰਨ ਬਣਨ ਤੋਂ ਰੋਕਣ ਦੀਆਂ ਸਾਊਥ ਬਲਾਕ ਦੀਆਂ ਕੋਸ਼ਿਸ਼ਾਂ ਦਾ ਜਵਾਬ ਥਿੰਪੂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਨਾਲ ਨਿਵਾਜ ਕੇ ਸਕਾਰਾਤਮਕ ਢੰਗ ਨਾਲ ਦਿੱਤਾ ਹੈ। ਉਮੀਦ ਮੁਤਾਬਿਕ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਨੇ ਹਵਾਈ ਅੱਡੇ ’ਤੇ ਆਗਮਨ ਮੌਕੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ ਪਰ ਪ੍ਰਧਾਨ ਮੰਤਰੀ ਮੋਦੀ ਦੀ ਵਾਪਸੀ ਵੇਲੇ ਹਵਾਈ ਅੱਡੇ ’ਤੇ ਤੋਬਗੇ ਦੇ ਨਾਲ-ਨਾਲ ਭੂਟਾਨ ਨਰੇਸ਼ ਨੇ ਵੀ ਪਹੁੰਚ ਕੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਪ੍ਰਧਾਨ ਮੰਤਰੀ ਦਾ ਇਹ ਛੋਟਾ ਜਿਹਾ ਦੌਰਾ ਦੋਵਾਂ ਧਿਰਾਂ ਲਈ ਲਾਹੇਵੰਦ ਸੀ। ਸ਼ਿਸ਼ਟਾਚਾਰ ਦੀਆਂ ਇਨ੍ਹਾਂ ਮੁਲਾਕਾਤਾਂ ’ਚੋਂ ਝਲਕਦਾ ਹੈ ਕਿ ਦੋਵੇਂ ਦੇਸ਼ ਤੇਜ਼ੀ ਨਾਲ ਬਦਲ ਰਹੇ ਆਲਮੀ ਭੂ-ਦ੍ਰਿਸ਼ ’ਚ ਇਕ-ਦੂਜੇ ਦੀਆਂ ਖਾਹਸ਼ਾਂ ਪੂਰਨ ਵਿਚ ਹਿੱਸੇਦਾਰ ਬਣਨਾ ਚਾਹੁੰਦੇ ਹਨ।
ਮਜ਼ਬੂਤ ਆਰਥਿਕ ਵਿਕਾਸ ਦਰ ਵਾਲੇ ਭਾਰਤ ਤੋਂ ਭੂਟਾਨ ਨੂੰ ਵੱਧ ਮਦਦ ਦੀ ਆਸ ਹੈ ਤੇ ਇਸੇ ਮਦਦ ਨੂੰ ਹੁਣ ਪ੍ਰਧਾਨ ਮੰਤਰੀ ਮੋਦੀ ਨੇ ਭੂਟਾਨ ਦੀ ਅਗਲੇ ਪੰਜ ਸਾਲਾਂ ਦੀ ਯੋਜਨਾ ਲਈ ਦੁੱਗਣਾ ਕਰ ਦਿੱਤਾ ਹੈ। ਭੂਟਾਨ ਦੇ ਨੌਜਵਾਨਾਂ ਨੂੰ ਭਵਿੱਖੀ ਸੰਸਾਰ ਲਈ ਤਿਆਰ ਕਰਨ ਵਾਸਤੇ ਭਾਰਤ ਗਿਆਲਸੁੰਗ ਉੱਦਮ ਦੇ ਵਿੱਤੀ ਖ਼ਰਚਿਆਂ ਦਾ ਬੋਝ ਵੀ ਚੁੱਕੇਗਾ। ਜਿਲੇਫੂ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਪ੍ਰਾਜੈਕਟ ਲਈ ਅਸਾਮ ਦੇ ਮੈਦਾਨਾਂ ਤੱਕ ਰੇਲਵੇ ਲਾਈਨ ਵਿਛਾ ਕੇ ਭਾਰਤ ਭੂਟਾਨ ਨਰੇਸ਼ ਜਿਗਮੇ ਖੇਸਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦਾ ਪੂਰਾ ਸਮਰਥਨ ਕਰ ਰਿਹਾ ਹੈ; ਹਾਲਾਂਕਿ ਥਿੰਪੂ ਪ੍ਰਤੀ ਭਾਰਤ ਦੀ ਅਡੋਲ ਵਚਨਬੱਧਤਾ ਨੂੰ ਇਸ ਦੇ ਚੀਨ ਨਾਲ ਜੁੜੇ ਸੁਰੱਖਿਆ ਹਿੱਤਾਂ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ ਜਿਸ ਨੂੰ 2017 ਦੇ ਡੋਕਲਾਮ ਟਕਰਾਅ ਦੌਰਾਨ ਦਰਸਾਇਆ ਜਾ ਚੁੱਕਾ ਹੈ। ਨਵੀਂ ਦਿੱਲੀ ਨੇ ਥਿੰਪੂ ਨੂੰ ਆਪਣੀ ਵਿਦੇਸ਼ ਨੀਤੀ ਦੇ ਫ਼ੈਸਲੇ ਕਰਨ ਦੇ ਕਾਬਿਲ ਬਣਾਉਣ ਲਈ ਹਿੰਦ-ਭੂਟਾਨ ਦੋਸਤੀ ਸਮਝੌਤੇ ਨੂੰ ਸੋਧ ਕੇ ਭੂਟਾਨ ਦੀ ਸਰਬਸੱਤਾ ਪ੍ਰਤੀ ਸਤਿਕਾਰ ਦਿਖਾਇਆ ਹੈ।
ਉਂਝ ਵੀ, ਭੂਟਾਨ ਖ਼ੁਦ ਨੂੰ ਹਮੇਸ਼ਾ ਲਈ ਵਿਆਪਕ ਕੂਟਨੀਤਕ ਮੇਲ-ਜੋਲ ਤੋਂ ਦੂਰ ਨਹੀਂ ਰੱਖ ਸਕਦਾ। ਭਾਰਤ ਨੇ ਭੂਟਾਨ ਦਾ ਹੱਥ ਫੜ ਕੇ ਇਸ ਨੂੰ ਇਕੱਲੇਪਣ ਵਿਚੋਂ ਕੱਢਿਆ ਸੀ ਤੇ ਸੰਯੁਕਤ ਰਾਸ਼ਟਰ ਅਤੇ ਸੰਸਾਰ ਬੈਂਕ ਦੀ ਮੈਂਬਰਸ਼ਿਪ ਦਿਵਾਈ ਸੀ। ਪਾਰੋ ਹਵਾਈ ਅੱਡੇ ’ਤੇ ਆਗੂਆਂ ਦਰਮਿਆਨ ਦਿਖੀ ਖ਼ੁਸ਼ਮਿਜ਼ਾਜੀ ਤੋਂ ਇਸ ਦੇ ਕਈ ਸੰਕੇਤ ਮਿਲੇ ਹਨ ਕਿ ਦੋਵੇਂ ਧਿਰਾਂ ਆਪਣੇ ਭੂ-ਰਾਜਨੀਤਕ ਕਦਮਾਂ ਲਈ ਤਾਲਮੇਲ ਪਹਿਲਾਂ ਵਾਂਗ ਕਾਇਮ ਰੱਖਣਗੀਆਂ। ਭਾਰਤ ਦਾ ਆਪਣੇ ਗੁਆਂਢੀ ਮੁਲਕਾਂ ਨਾਲ ਅਜਿਹਾ ਵਿਹਾਰ ਇਸ ਦੀ ਸੰਸਾਰ ਸਿਆਸਤ ਵਿੱਚ ਪੈਂਠ ਲਈ ਵੀ ਕਾਰਗਰ ਸਾਬਤ ਹੋਵੇਗਾ। ਇਉਂ ਹੋਰ ਮੁਲਕਾਂ ਨਾਲ ਵੀ ਅਗਾਂਹ ਰਾਬਤੇ ਲਈ ਨਵੇਂ ਰਾਹ ਖੁੱਲ੍ਹਣਗੇ।