ਪੰਜਾਬ ’ਚ ਮੋਦੀ ਦਾ ਜਾਦੂ ਬੇਅਸਰ
ਦੀਪਕ ਠਾਕੁਰ
ਤਲਵਾੜਾ, 4 ਜੂਨ
ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਦੂ ਨਹੀਂ ਚੱਲ ਸਕਿਆ, ਭਾਜਪਾ ਐਂਤਕੀ ਆਪਣੇ ਰਵਾਇਤੀ ਗੜ੍ਹ ਗੁਰਦਾਸਪੁਰ ਤੇ ਹੁਸ਼ਿਆਰਪੁਰ ਲੋਕ ਸਭਾ ਸੀਟਾਂ ਨੂੰ ਵੀ ਬਚਾਉਣ ਵਿੱਚ ਨਾਕਾਮ ਰਹੀ ਹੈ। ਉੱਥੇ ਹੀ ਕਾਂਗਰਸ ਛੱਡ ਭਾਜਪਾ ‘ਚ ਸ਼ਾਮਲ ਹੋਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਵੀ ਆਪਣੀ ਪਟਿਆਲਾ ਸੀਟ ਨਹੀਂ ਬਚਾ ਸਕੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚਾਰ ਚੋਣ ਰੈਲ਼ੀਆਂ ਕੀਤੀਆਂ ਸਨ। ਪਰ ਇਨ੍ਹਾਂ ਚਾਰਾਂ ਸੀਟਾਂ ’ਤੇ ਭਾਜਪਾ ਉਮੀਦਵਾਰ ਚੋਣ ਹਾਰ ਗਏ ਹਨ। ਮੋਦੀ ਨੇ 23 ਤਰੀਕ ਨੂੰ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ ’ਚ ਪਟਿਆਲਾ ਵਿਖੇ ਚੋਣ ਰੈਲੀ ਕੀਤੀ ਸੀ, ਲੰਘੀ 24 ਤਾਰੀਕ ਨੂੰ ਨਰਿੰਦਰ ਮੋਦੀ ਨੇ ਗੁਰਦਾਸਪੁਰ ਦੇ ਦੀਨਾਨਗਰ ਤੇ ਜਲੰਧਰ ’ਚ ਪਾਰਟੀ ਉਮੀਦਵਾਰ ਦਿਨੇਸ਼ ਬੱਬੂ ਤੇ ਆਮ ਆਦਮੀ ਪਾਰਟੀ ਛੱਡ ਭਾਜਪਾ ’ਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ’ਚ ਚੋਣ ਰੈਲੀਆਂ ਕੀਤੀਆਂ ਸਨ। ਭਾਜਪਾ ਇਹ ਦੋਵੇਂ ਸੀਟਾਂ ਹਾਰ ਗਈ ਹੈ। ਇਸੇ ਤਰ੍ਹਾਂ ਮੋਦੀ ਨੇ ਭਾਜਪਾ ਦੇ ਗੜ੍ਹ ਹੁਸ਼ਿਆਰਪੁਰ ’ਚ ਲੰਘੀ 30 ਮਈ ਨੂੰ ਅਨੀਤਾ ਸੋਮ ਪ੍ਰਕਾਸ਼ ਦੇ ਹੱਕ ’ਚ ਆਖਰੀ ਚੋਣ ਰੈਲੀ ਕੀਤੀ ਸੀ ਪਰ ਉਸ ਸੀਟ ’ਤੇ ਭਾਜਪਾ ਨੂੰ ਹਾਰ ਮਿਲੀ ਹੈ।