ਆਰਐੱਮਪੀਆਈ ਦੇ ਸੱਦੇ ’ਤੇ ਸ਼ਾਹ ਦੇ ਪੁਤਲੇ ਫੂਕੇ
ਸਰਜਬੀਤ ਗਿੱਲ
ਫਿਲੌਰ, 2 ਜਨਵਰੀ
ਆਰਐੱਮਪੀਆਈ ਦੇ ਸੱਦੇ ਉੱਤੇ ਸੰਸਦ ਦੇ ਸੈਸ਼ਨ ਦੌਰਾਨ ਕੇਂਦਰ ਸਰਕਾਰ ਦੇ ਮੰਤਰੀ ਅਮਿਤ ਸ਼ਾਹ ਵੱਲੋਂ ਡਾ. ਬੀ.ਆਰ. ਅੰਬੇਡਕਰ ਵਿਰੁੱਧ ਬੋਲੇ ਅਪਮਾਨਜਨਕ ਸ਼ਬਦਾਂ ਵਿਰੁੱਧ ਰੋਸ ਮੁਜ਼ਾਹਰਾ ਕਰ ਕੇ ਸਥਾਨਕ ਸ਼ਰਧਾ ਰਾਮ ਫਿਲੌਰ ਚੌਕ ਅਤੇ ਬਿਲਗਾ ਵਿੱਚ ਗ੍ਰਹਿ ਮੰਤਰੀ ਦੇ ਪੁਤਲੇ ਫੂਕੇ ਗਏ। ਇੱਥੇ ਜਸਬੀਰ ਸਿੰਘ ਭੋਲੀ ਅਤੇ ਜਰਨੈਲ ਫਿਲੌਰ ਦੀ ਅਗਵਾਈ ਹੇਠ ਪੁਤਲਾ ਸਾੜਨ ਵੇਲੇ ਇਕੱਤਰ ਲੋਕਾਂ ਨੂੰ ਆਰਐੱਮਪੀਆਈ ਦੇ ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ ਨੇ ਸੰਬੋਧਨ ਕੀਤਾ। ਬਿਲਗਾ ਵਿੱਚ ਤਹਿਸੀਲ ਦੇ ਪ੍ਰਧਾਨ ਸਰਬਜੀਤ ਗੋਗਾ ਦੀ ਅਗਵਾਈ ਹੇਠ ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਬਿਲਗਾ ਅਤੇ ਡਾ. ਸਰਬਜੀਤ ਮੁਠੱਡਾ ਨੇ ਸੰਬੋਧਨ ਕੀਤਾ। ਇਨ੍ਹਾਂ ਥਾਵਾਂ ’ਤੇ ਕੁਲਜੀਤ ਫਿਲੌਰ, ਮੇਜਰ ਫਿਲੌਰ, ਮਾਸਟਰ ਹੰਸਰਾਜ, ਅੰਮ੍ਰਿਤ ਪਾਲ ਨੰਗਲ, ਐਡਵੋਕੇਟ ਸੰਜੀਵ ਭੋਰਾ, ਐਡਵੋਕੇਟ ਅਜੇ ਫਿਲੌਰ, ਨੰਬਰਦਾਰ ਬਲਜਿੰਦਰ ਸਿੰਘ, ਬੇਅੰਤ ਔਜਲਾ ਤੇ ਗੁਰਜੀਤ ਘੁੱਕਾ ਹਾਜ਼ਰ ਸਨ।
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਇੱਥੇ ਜਮੂਹਰੀ ਜਥੇਬੰਦੀਆਂ ਵੱਲੋਂ ਪਿੰਡ ਬੀਨੇਵਾਲ ਦੇ ਚੌਕ ਵਿੱਚ ਇਕੱਠ ਕਰਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾਕਟਰ ਭੀਮ ਰਾਓ ਅੰਬੇਡਕਰ ਬਾਰੇ ਵਰਤੀ ਗਈ ਅਪਮਾਨਜਨਕ ਸ਼ਬਦਾਵਲੀ ਖ਼ਿਲਾਫ਼ ਰੋਸ ਜ਼ਾਹਰ ਕੀਤਾ। ਇਸ ਮੌਕੇ ਬੁਲਾਰਿਆਂ ਨੇ ਨਿੰਦਾ ਮਤਾ ਪੇਸ਼ ਕਰ ਕੇ ਗ੍ਰਹਿ ਮੰਤਰੀ ਦਾ ਪੁਤਲਾ ਫੂਕਿਆ ਗਿਆ। ਬੁਲਾਰਿਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਗ੍ਰਹਿ ਮੰਤਰੀ ਨੂੰ ਤੁਰੰਤ ਅਹੁਦੇ ਤੋਂ ਹਟਾਇਆ ਜਾਵੇ। ਇਸ ਇਕੱਠ ਨੂੰ ਜਨਤਕ ਜਥੇਬੰਦੀਆਂ ਦੇ ਆਗੂ ਰਾਮਜੀ ਦਾਸ ਚੌਹਾਨ , ਕੁਲਭੂਸ਼ਨ ਕੁਮਾਰ ਸਾਬਕਾ ਸਰਪੰਚ ਤੇ ਸੰਮਤੀ ਮੈਂਬਰ, ਮੋਹਣ ਲਾਲ ਸਮਿਤੀ ਮੈਂਬਰ, ਦਵਿੰਦਰ ਰਾਣਾ ਸਾਬਕਾ ਸਰਪੰਚ ਮਹਿੰਦਵਾਣੀ, ਰਾਜ ਕੁਮਾਰ, ਸਰਬਜੀਤ ਸਿੰਘ ਪੰਚ, ਸੋਢੀ ਰਾਮ, ਸ਼ਾਮ ਸੁੰਦਰ, ਗੁਰਦਾਸ ਰਾਮ ਅਤੇ ਲੋਕ ਬਚਾਓ ਤੇ ਪਿੰਡ ਬਚਾਉ ਸੰਘਰਸ਼ ਕਮੇਟੀ ਦੇ ਪ੍ਰਧਾਨ ਅਸ਼ੋਕ ਸ਼ਰਮਾ ਨੇ ਸੰਬੋਧਨ ਕੀਤਾ।
ਪਠਾਨਕੋਟ (ਐੱਨ ਪੀ ਧਵਨ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾ. ਭੀਮ ਰਾਓ ਅੰਬੇਡਕਰ ਵਿਰੁੱਧ ਕੀਤੀ ਗਈ ਟਿੱਪਣੀ ਖ਼ਿਲਾ਼ ਆਰਐੱਮਪੀਆਈ ਵੱਲੋਂ ਸੁਜਾਨਪੁਰ ਦੇ ਪੁਲ ਨੰਬਰ 5 ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਕਾਮਰੇਡ ਦੇਵ ਰਾਜ ਸੁਜਾਨਪੁਰ, ਕੈਪਟਨ ਪ੍ਰਿਥੀ ਰਾਜ, ਬਲਦੇਵ ਰਾਜ ਭੋਆ, ਰਘਬੀਰ ਸਿੰਘ ਧਲੌਰੀਆਂ, ਬਲਕਾਰ ਚੰਦ ਭਰਿਆਲ ਲਾਹੜੀ, ਸਕੱਤਰ ਸਿੰਘ, ਅਜੀਤ ਰਾਮ ਗੰਦਲਾ ਲਾਹੜੀ ਤੇ ਮੁਖਤਿਆਰ ਸਿੰਘ ਸ਼ਾਮਲ ਸਨ। ਇਸ ਮੌਕੇ ਨੱਥਾ ਸਿੰਘ ਢਡਵਾਲ, ਸ਼ਿਵ ਕੁਮਾਰ, ਹਰਿੰਦਰ ਸਿੰਘ ਰੰਧਾਵਾ ਅਤੇ ਮਾਸਟਰ ਸੁਭਾਸ਼ ਸ਼ਰਮਾ ਹਾਜ਼ਰ ਸਨ।
ਤਰਨ ਤਾਰਨ (ਗੁਰਬਖਸ਼ਪੁਰੀ): ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਵਰਕਰਾਂ ਵੱਲੋਂ ਸ਼ਹਿਰ ’ਚ ਇੱਕ ਰੋਸ ਮਾਰਚ ਕਰ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦੇਸ਼ ਦੇ ਸੰਵਿਧਾਨ ਘਾੜੇ ਡਾ. ਬੀਮ ਰਾਓ ਅੰਬੇਡਕਰ ਸਬੰਧੀ ਕੀਤੀਆਂ ਟਿੱਪਣੀਆਂ ਦੀ ਨਿਖੇਧੀ ਕੀਤੀ ਗਈ ਅਤੇ ਸ਼ਹਿਰ ਦੇ ਚੌਕ ਬੋਹੜੀ ਵਿੱਚ ਉਨ੍ਹਾਂ ਦਾ ਪੁਤਲਾ ਸਾੜਿਆ ਗਿਆ| ਰੋਸ ਮਾਰਚ ਕਰਨ ਤੋਂ ਪਹਿਲਾਂ ਪਾਰਟੀ ਆਗੂ ਜਰਨੈਲ ਸਿੰਘ ਰਸੂਲਪੁਰ, ਮੀਨਾ ਕੌਰ ਚੀਮਾ ਸਰਪੰਚ ਚੀਮਾ ਖੁਰਦ ਅਤੇ ਬੁੱਧ ਸਿੰਘ ਪੱਖੋਕੇ ਦੀ ਅਗਵਾਈ ਵਿੱਚ ਵਰਕਰਾਂ ਨੇ ਗਾਂਧੀ ਮਿਉਂਸਿਪਲ ਪਾਰਕ ਵਿੱਚ ਕੀਤੇ ਗਏ ਇਕੱਠ ਨੂੰ ਪਾਰਟੀ ਆਗੂ ਬਲਦੇਵ ਸਿੰਘ ਪੰਡੋਰੀ ਨੇ ਸੰਬੋਧਨ ਕੀਤਾ।
ਸੰਵਿਧਾਨ ਬਚਾਓ ਲੜੀ ਤਹਿਤ ਇਕੱਤਰਤਾ
ਅਜਨਾਲਾ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਵੱਲੋਂ ਅੱਜ ਪਿੰਡ ਮਟੀਆ ਵਿੱਚ ਦਲਿਤਾਂ, ਮਜ਼ਦੂਰਾਂ ਤੇ ਹੋਰ ਛੋਟੇ ਕਾਰੋਬਾਰੀਆਂ ਵੱਲੋਂ ‘ਸੰਵਿਧਾਨ ਬਚਾਓ, ਦੇਸ਼ ਬਚਾਓ’ ਦੇ ਬੈਨਰ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਡਾ. ਅੰਬੇਦਕਰ ਦੀ ਅਗਵਾਈ ਹੇਠ ਬਣਾਏ ਗਏ ਲੋਕ ਪੱਖੀ ਸੰਵਿਧਾਨ ਨੂੰ ਬਦਲ ਕੇ ਧਰਮ ਅਧਾਰਿਤ ਮਨੂਵਾਦ ਮੂਲਵਾਦੀ ਸਮਾਜਿਕ ਪ੍ਰਣਾਲੀ ਲਿਆਉਣਾ ਚਾਹੁੰਦੀ ਹੈ ਜਦਕਿ ਭਾਰਤ ਨੂੰ ਇੱਕ ਧਰਮ ਆਧਾਰਤ ਦੇਸ਼ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸੰਸਦ ਦੇ ਸੈਸ਼ਨ ਵਿੱਚ ਗ੍ਰਹਿ ਮੰਤਰੀ ਡਾ. ਅੰਬੇਦਕਰ ਦੀ ਸ਼ਖ਼ਸੀਅਤ ਵਿਰੁੱਧ ਅਪਮਾਨਜਨਕ ਸ਼ਬਦ ਬੋਲੇ ਗਏ ਜਿਸਦਾ ਪਾਰਲੀਮੈਂਟ ਵਿੱਚ ਵੀ ਡਟ ਕੇ ਵਿਰੋਧ ਹੋਇਆ। ਇਸੇ ਕੜੀ ਤਹਿਤ ਅੱਜ ਬਲਾਕ ਹਰਸ਼ਾ ਛੀਨਾਂ ਦੇ ਹੋਰ ਪਿੰਡਾਂ ਮੱਲੂਨੰਗਲ, ਜੋਸ਼ ਅਤੇ ਇਸੇ ਤਰ੍ਹਾਂ ਬਲਾਕ ਚੋਗਾਵਾਂ ਦੇ ਪਿੰਡ ਭਿੰਡੀ ਸੈਦਾਂ ਤੇ ਅਜਨਾਲਾ ਬਲਾਕ ਦੇ ਡੱਲਾ ਪਿੰਡ ਵਿੱਚ ਅਜਿਹੀਆਂ ਮੀਟਿੰਗ ਕੀਤੀਆਂ ਗਈਆਂ ਜਿਸ ਵਿੱਚ ਸੰਵਿਧਾਨ ਨੂੰ ਨਾ ਬਦਲਣ ਲਈ ਸੰਘਰਸ਼ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। -ਪੱਤਰ ਪ੍ਰੇਰਕ