For the best experience, open
https://m.punjabitribuneonline.com
on your mobile browser.
Advertisement

ਮੋਦੀ ਦੀ ‘ਅਜਿੱਤ’ ਦਿੱਖ ਨੂੰ ਝਟਕਾ, ਵਿਰੋਧੀ ਧਿਰ ਨੂੰ ਮਿਲਿਆ ਜੀਵਨਦਾਨ

06:05 AM Jun 06, 2024 IST
ਮੋਦੀ ਦੀ ‘ਅਜਿੱਤ’ ਦਿੱਖ ਨੂੰ ਝਟਕਾ  ਵਿਰੋਧੀ ਧਿਰ ਨੂੰ ਮਿਲਿਆ ਜੀਵਨਦਾਨ
ਵਿਦੇਸ਼ੀ ਅਖ਼ਬਾਰਾਂ ਵਿੱਚ ਭਾਰਤੀ ਚੋਣ ਨਤੀਜਿਆਂ ਬਾਰੇ ਨਸ਼ਰ ਸੁਰਖੀਆਂ।
Advertisement

ਵਾਸ਼ਿੰਗਟਨ/ਲੰਡਨ:

Advertisement

ਕੌਮਾਂਤਰੀ ਮੀਡੀਆ ਨੇ ਭਾਰਤ ਵਿਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਵੱਖੋ ਵੱਖਰੀ ਪ੍ਰਤਿਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਵੋਟਰਾਂ ਨੇ ਇਨ੍ਹਾਂ ਚੋਣਾਂ ਵਿਚ ਪ੍ਰਧਾਨ ਮੰਤਰੀ ਦੇ ‘ਅਜਿੱਤ ਰਹਿਣ ਦੇ ਆਭਾ ਮੰਡਲ’ ਦੀਆਂ ਨਾ ਸਿਰਫ਼ ‘ਧੱਜੀਆਂ’ ਉਡਾ ਦਿੱਤੀਆਂ ਬਲਕਿ ਵਿਰੋਧੀ ਧਿਰ ਨੂੰ ਵੀ ਇਕ ਨਵਾਂ ਜੀਵਨ ਦਾਨ ਦਿੱਤਾ ਹੈ। ‘ਨਿਊਯਾਰਕ ਟਾਈਮਜ਼’ ਨੇ ਆਪਣੀ ਰਿਪੋਰਟ ਦੀ ਸ਼ੁਰੂਆਤ ਇਸ ਟਿੱਪਣੀ ਨਾਲ ਕੀਤੀ ਕਿ, ‘‘ਅਚਾਨਕ ਨਰਿੰਦਰ ਮੋਦੀ ਦੇ ਆਲੇ ਦੁਆਲੇ ਬਣਿਆ ਅਜਿੱਤ ਰਹਿਣ ਦਾ ਆਭਾ ਮੰਡਲ ਖ਼ਤਮ ਹੋ ਗਿਆ ਹੈ।’’ ਨਤੀਜਿਆਂ ਨੂੰ ਅਣਕਿਆਸੇ ਦੱਸਦਿਆਂ ਰਿਪੋਰਟ ਵਿਚ ਕਿਹਾ ਗਿਆ ਇਹ ‘ਸ੍ਰੀ ਮੋਦੀ ਦੇ ਇਕ ਦਹਾਕੇ ਦੇ ਕਾਰਜਕਾਲ ਤੋਂ ਬਾਅਦ ਵੱਡਾ ਉਲਟਫੇਰ’ ਹੈ। ‘ਦਿ ਵਾਸ਼ਿੰਗਟਨ ਪੋਸਟ’ ਨੇ ਲਿਖਿਆ, ‘‘ਮੰਗਲਵਾਰ ਨੂੰ ਜਦੋਂ ਅੰਤਿਮ ਨਤੀਜੇ ਆਏ ਤਾਂ ਵੋਟਰਾਂ ਨੇ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰਹਿਣ ਨੂੰ ਲੈ ਕੇ ਨਰਾਜ਼ਗੀ ਜਤਾਈ ਤੇ ਲਗਾਤਾਰ ਜਿੱਤਣ ਵਾਲੇ ਇਸ ਆਗੂ ਨੂੰ ਮੁਸ਼ਕਲ ਸਥਿਤੀ ਵਿਚ ਲੈ ਆਂਦਾ।’’ ਸੀਐੱਨਐੱਨ ਨੇ ਕਿਹਾ, ‘‘ਇਨ੍ਹਾਂ ਚੋਣਾਂ ਵਿਚ ਮੋਦੀ ਨੇ ਸੰਸਦ ਦੇ ਹੇਠਲੇ ਸਦਨ ਭਾਵ ਲੋਕ ਸਭਾ ਵਿਚ 400 ਸੀਟਾਂ ਜਿੱਤਣ ਦਾ ਟੀਚਾ ਰੱਖਿਆ ਸੀ। ਪਰ ਮੰਗਲਵਾਰ ਨੂੰ ਜਿਵੇਂ ਜਿਵੇਂ ਨਤੀਜੇ ਆਉਣੇ ਸ਼ੁਰੂ ਹੋਏ ਤਾਂ ਇਹ ਸਾਫ਼ ਹੋ ਗਿਆ ਕਿ ਸੱਤਾਧਾਰੀ ਭਾਜਪਾ ਕੋਲ ਪੂਰਨ ਬਹੁਮਤ ਲਈ ਵੀ ਲੋੜੀਂਦੀ (ਸੀਟਾਂ ਦੀ) ਗਿਣਤੀ ਨਹੀਂ ਹੋਵੇਗੀ ਅਤੇ ਉਨ੍ਹਾਂ ਨੂੰ ਇਕ ਦਹਾਕੇ ਪਹਿਲਾਂ ਸੱਤਾ ਵਿਚ ਆਉਣ ਮਗਰੋਂ ਪਹਿਲੀ ਵਾਰ ਸਰਕਾਰ ਵਿਚ ਬਣੇ ਰਹਿਣ ਲਈ ਗੱਠਜੋੜ ਦੇ ਪੁਰਾਣੇ ਭਾਈਵਾਲਾਂ ’ਤੇ ਟੇਕ ਰੱਖਣੀ ਹੋਵੇਗੀ।’’ ਬੀਬੀਸੀ ਨੇ ਆਪਣੀ ਖ਼ਬਰ ਵਿਚ ਕਿਹਾ ਕਿ ਲੋਕਾਂ ਦਾ ਇਹ ਫ਼ਤਵਾ ਕਾਂਗਰਸ ਪਾਰਟੀ ਦੀ ਅਗਵਾਈ ਵਾਲੇ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਲਈ ਮੁੜ ਉਭਰਨ ਦਾ ਪ੍ਰਤੀਕ ਹੈ। ਚੋਣ ਨਤੀਜੇ ‘ਐਗਜ਼ਿਟ ਪੋਲ’ ਤੇ ਚੋਣਾਂ ਤੋਂ ਬਾਅਦ ਕੀਤੇ ਸਰਵੇਖਣਾਂ ਤੋਂ ਪੂਰੀ ਤਰ੍ਹਾਂ ਵੱਖਰੇ ਹਨ। ਰਿਪੋਰਟ ਵਿਚ ਕਿਹਾ ਗਿਆ ਕਿ ਚੋਣ ਨਤੀਜੇ ਦਰਸਾਉਂਦੇ ਹਨ ਕਿ ‘ਬਰਾਂਡ ਮੋਦੀ’ ਦੀ ਚਮਕ ਕੁਝ ਘੱਟ ਹੋਈ ਹੈ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਮੋਦੀ ਵੀ ਸੱਤਾ ਵਿਰੋਧੀ ਲਹਿਰ ਨੂੰ ਲੈ ਕੇ ਸੰਵੇਦਨਸ਼ੀਨ ਹਨ।ਬੀਬੀਸੀ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਨਾਲ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਨੂੰ ਵੀ ਇਕ ਨਵੀਂ ਊਰਜਾ ਮਿਲੇਗੀ। ‘ਟਾਈਮ’ ਰਸਾਲੇ ਨੇ ‘ਕਾਰਨੇਗੀ ਫਾਰ ਇੰਟਰਨੈਸ਼ਨਲ ਪੀਸ’ ਦੇ ਦੱਖਣੀ ਏਸ਼ੀਆ ਪ੍ਰੋਗਰਾਮ ਦੇ ਡਾਇਰੈਕਟਰ ਮਿਲਨ ਵੈਸ਼ਨਵ ਦੇ ਹਵਾਲੇ ਨਾਲ ਆਪਣੀ ਖ਼ਬਰ ਵਿਚ ਕਿਹਾ, ‘‘ਬਿਨਾਂ ਸ਼ੱਕ ਇਹ ਚੋਣਾਂ ਮੋਦੀ ਤੇ ਭਾਜਪਾ ਲਈ ਵੱਡਾ ਝਟਕਾ ਹਨ।’’ ਇਸ ਵਿਚ ਕਿਹਾ ਗਿਆ, ‘‘ਸੱਤਾ ਵਿਚ ਦਸ ਸਾਲ ਬਾਅਦ, ਇਹ ਕਈ ਮਾਅਨਿਆਂ ਵਿਚ ਸਰਕਾਰ ’ਚ ਰਹਿੰਦਿਆਂ ਉਨ੍ਹਾਂ ਦੇ ਟਰੈਕ ਰਿਕਾਰਡ ਨੂੰ ਲੈ ਕੇ ਲੋਕਾਂ ਦਾ ਫ਼ਤਵਾ ਸੀ ਤੇ ਸਪਸ਼ਟ ਰੂਪ ਵਿਚ ਕਈ ਭਾਰਤੀ ਬੇਚੈਨ ਤੇ ਅਸਹਿਜ ਮਹਿਸੂਸ ਕਰ ਰਹੇ ਹਨ।’’ ਖ਼ਬਰ ਵਿਚ ਕਿਹਾ ਗਿਆ ਕਿ ਮੋਦੀ ਨੂੰ ਹੁਣ ਪਿਛਲੇ ਇਕ ਦਹਾਕੇ ਦੇ ਮੁਕਾਬਲੇ ਵੱਧ ਮਜ਼ਬੂਤ ਵਿਰੋਧੀ ਧਿਰ ਦਾ ਟਾਕਰਾ ਕਰਨਾ ਹੋਵੇਗਾ। ਇਸ ਵਿਚ ਕਿਹਾ ਗਿਆ, ‘‘ਉਨ੍ਹਾਂ (ਪ੍ਰਧਾਨ ਮੰਤਰੀ ਮੋਦੀ) ਦੇ ਖ਼ਰਾਬ ਪ੍ਰਦਰਸ਼ਨ ਦੇ ਸਿਆਸੀ ਨਤੀਜੇ ਹੋਣਗੇ। ਘੱਟੋ-ਘੱਟ ਭਾਜਪਾ ਨੂੰ ਆਪਣੇ ਗੱਠਜੋੜ ਦੇ ਭਾਈਵਾਲਾਂ ’ਤੇ ਵਧੇੇਰੇ ਟੇਕ ਰੱਖਣੀ ਹੋਵੇਗੀ।’’ ‘ਵਾਲ ਸਟਰੀਟ ਜਰਨਲ’ ਨੇ ਚੋਣ ਨਤੀਜਿਆਂ ਨੂੰ ਮੋਦੀ ਲਈ ਚੋਣ ਝਟਕਾ ਦੱਸਿਆ। ‘ਦਿ ਗਾਰਡੀਅਨ’ ਵਿਚ ਛਪੇ ਲੇਖ ਵਿਚ ਕਿਹਾ ਗਿਆ ਕਿ ਚੋਣ ਨਤੀਜਿਆਂ ਤੋਂ ਸੰਕੇਤ ਮਿਲਦਾ ਹੈ ਕਿ ਮੋਦੀ ਨੂੰ ਉਹ ਵੱਡੀ ਜਿੱਤ ਨਹੀਂ ਮਿਲੀ ਜਿਸ ਦੀ ਕਈ ਲੋਕਾਂ ਨੇ ਭਵਿੱਖਬਾਣੀ ਕੀਤੀ ਸੀ। ‘ਸੀਬੀਸੀ ਨਿਊਜ਼’ ਨੇ ਕਿਹਾ ਕਿ ਚੋਣ ਨਤੀਜਿਆਂ ਨਾਲ ਕਾਂਗਰਸ ਪਾਰਟੀ ਨੂੰ ਨਵਾਂ ਜੀਵਨ ਦਾਨ ਮਿਲਿਆ ਹੈ। ਅਮਰੀਕਾ ਦੀ ਮਾਸ ਮੀਡੀਆ ਕੰਪਨੀ ‘ਵੌਕਸ ਮੀਡੀਆ’ ਨੇ ਜ਼ੋਰ ਦਿੱਤਾ ਕਿ ਭਾਰਤ ਦੀ ਚੋਣ ਦਰਸਾਉਂਦੀ ਹੈ ਕਿ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਅਜੇ ਵੀ ਇਕ ਲੋਕਤੰਤਰ ਹੈ। ਚੀਨ ਦੇ ਸਰਕਾਰੀ ਅਖ਼ਬਾਰ ‘ਚਾਈਨਾ ਡੇਲੀ’ ਨੇ ਸਮੀਖਿਅਕਾਂ ਦੇ ਹਵਾਲੇ ਨਾਲ ਆਪਣੀ ਖ਼ਬਰ ਵਿਚ ਕਿਹਾ ਕਿ ਆਪਣੇ ਤੀਜੇ ਕਾਰਜਕਾਲ ਵਿਚ ਮੋਦੀ ਦੀ ਅਗਵਾਈ ਵਾਲੀ ਸਰਕਾਰ ਆਪਣਾ ਧਿਆਨ ਘਰੇਲੂ ਮੁੱਦਿਆਂ ’ਤੇ ਕੇਂਦਰਤ ਕਰ ਸਕਦੀ ਹੈ। -ਪੀਟੀਆਈ

‘ਮੋਦੀ ਦੀ ਜਿੱਤ ਪਾਕਿਸਤਾਨ ਲਈ ਸ਼ੁਭ ਸੰਕੇਤ ਨਹੀਂ’

ਪਾਕਿਸਤਾਨ ਦੇ ਅਖ਼ਬਾਰ ‘ਡਾਅਨ’ ਨੇ ਆਪਣੀ ਸੰਪਾਦਕੀ ਵਿਚ ਲਿਖਿਆ, ‘‘ਮੋਦੀ ਦੀ ਜਿੱਤ ਭਾਵੇਂ ਕਮਜ਼ੋਰ ਹੈ, ਪਰ ਇਹ ਯਕੀਨੀ ਤੌਰ ’ਤੇ ਪਾਕਿਸਤਾਨ ਲਈ ਸ਼ੁਭ ਸੰਕੇਤ ਨਹੀਂ ਹੈ। ਮੋਦੀ ਦੇ ਪ੍ਰਧਾਨ ਮੰਤਰੀ ਵਜੋਂ ਪਿਛਲੇ ਦੋ ਕਾਰਜਕਾਲਾਂ ਦੌਰਾਨ ਦੋਵਾਂ ਮੁਲਕਾਂ ਦਰਮਿਆਨ ਰਿਸ਼ਤੇ ਬਹੁਤ ਖ਼ਰਾਬ ਹੋ ਗਏ ਸਨ। ਭਾਰਤ ਦੇ ਪ੍ਰਧਾਨ ਮੰਤਰੀ ਨੇ ਚੋਣਾਂ ਵਿਚ ਪਾਕਿਸਤਾਨ ਖਿਲਾਫ਼ ਹਮਲੇ ਵਧਾ ਦਿੱਤੇ ਸਨ।’’ ਸੰਪਾਦਕੀ ਵਿਚ ਕਿਹਾ ਗਿਆ ਕਿ ਭਾਰਤ ਨੂੰ ਪਾਕਿਸਤਾਨ ਨਾਲ ਰਾਬਤਾ ਕਰਨਾ ਚਾਹੀਦਾ ਹੈ ਤੇ ਪਾਕਿਸਤਾਨ ਨੂੰ ਭਾਰਤ ਦੀ ਕਿਸੇ ਵੀ ਪੇਸ਼ਕਦਮੀ ਦਾ ਸਕਾਰਾਤਮਕ ਜਵਾਬ ਦੇਣਾ ਚਾਹੀਦਾ ਹੈ। ਸੰਪਾਦਕੀ ਵਿਚ ਕਿਹਾ ਗਿਆ ਕਿ ਕੁਦਰਤੀ ਤੌਰ ’ਤੇ ਭਰੋਸਾ ਬਹਾਲੀ ਵਿਚ ਸਮਾਂ ਲੱਗੇਗਾ, ਪਰ ਪਾਕਿਸਤਾਨ-ਭਾਰਤ ਰਿਸ਼ਤਿਆਂ ਵਿਚ ਸੁਧਾਰ ਤੋਂ ਬਿਨਾਂ ਦੱਖਣੀ ਏਸ਼ੀਆ ਵਿਚ ਲੰਮੇ ਸਮੇਂ ਲਈ ਸ਼ਾਂਤੀ ਸੰਭਵ ਨਹੀਂ ਹੈ। ਪ੍ਰਮੁੱਖ ਪਾਕਿਸਤਾਨੀ ਅਖ਼ਬਾਰ ਨੇ ਕਿਹਾ, ‘‘ਭਾਰਤ ਕਸ਼ਮੀਰ ਦੇ ਸਵਾਲ ਤੋਂ ਬਚ ਨਹੀਂ ਸਕਦਾ; ਦੋਵਾਂ ਧਿਰਾਂ ਨੂੰ ਘੱਟੋ-ਘੱਟ ਸੰਵਾਦ ਸ਼ੁਰੂ ਕਰਨਾ ਚਾਹੀਦਾ ਹੈ। ਭਾਰਤ ਦੀ ਨਵੀਂ ਸਰਕਾਰ ਨੂੰ ਪਾਕਿਸਤਾਨ ਨਾਲ ਨਵੇਂ ਸਿਰੇ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ।’’

Advertisement
Author Image

joginder kumar

View all posts

Advertisement
Advertisement
×