ਪੈਰਿਸ ਓਲਿੰਪਕਸ: ਭਾਰਤੀ ਹਾਕੀ ਟੀਮ ਦਾ ਐਲਾਨ, ਹਰਮਨਪ੍ਰੀਤ ਸਿੰਘ ਕਪਤਾਨ
ਨਵੀਂ ਦਿੱਲੀ, 26 ਜੂਨ
ਹਾਕੀ ਇੰਡੀਆ ਨੇ ਅਗਲੇ ਮਹੀਨੇ ਹੋਣ ਵਾਲੀਆਂ ਪੈਰਿਸ ਓਲੰਪਿਕ ਲਈ 16 ਮੈਂਬਰੀ ਪੁਰਸ਼ ਟੀਮ ਦਾ ਐਲਾਨ ਕਰਦਿਆਂ ਹਰਮਨਪ੍ਰੀਤ ਸਿੰਘ ਨੂੰ ਕਪਤਾਨ ਅਤੇ ਹਾਰਦਿਕ ਸਿੰਘ ਨੂੰ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤ ਨੂੰ ਗਰੁੱਪ ਬੀ ਵਿੱਚ ਰੱਖਿਆ ਗਿਆ ਹੈ, ਜਿਸ ਵਿੱਚ ਮੌਜੂਦਾ ਚੈਂਪੀਅਨ ਬੈਲਜੀਅਮ, ਆਸਟਰੇਲੀਆ, ਅਰਜਨਟੀਨਾ, ਨਿਊਜ਼ੀਲੈਂਡ ਅਤੇ ਆਇਰਲੈਂਡ ਹਨ। ਪੂਲ ਦੀ ਅੰਕ ਸੂਚੀ ਵਿੱਚ ਸਿਖਰਲੀਆਂ ਚਾਰ ਟੀਮਾਂ ਕੁਆਰਟਰ ਫਾਈਨਲ ਵਿੱਚ ਪਹੁੰਚ ਜਾਣਗੀਆਂ। ਟੀਮ ਇੰਡੀਆ 27 ਜੁਲਾਈ ਨੂੰ ਨਿਊਜ਼ੀਲੈਂਡ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਅਤੇ ਇਸ ਤੋਂ ਬਾਅਦ 29 ਜੁਲਾਈ ਨੂੰ ਅਰਜਨਟੀਨਾ ਨਾਲ ਮੁਕਾਬਲਾ ਹੋਵੇਗਾ। ਭਾਰਤ 30 ਜੁਲਾਈ ਨੂੰ ਆਇਰਲੈਂਡ, 1 ਅਗਸਤ ਨੂੰ ਬੈਲਜੀਅਮ ਅਤੇ 2 ਅਗਸਤ ਨੂੰ ਆਸਟਰੇਲੀਆ ਨਾਲ ਭਿੜੇਗਾ। ਭਾਰਤ ਦੀ ਟੀਮ: ਗੋਲਕੀਪਰ: ਸ੍ਰੀਜੇਸ਼, ਡਿਫੈਂਡਰ: ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਹਰਮਨਪ੍ਰੀਤ ਸਿੰਘ, ਸੁਮਿਤ, ਸੰਜੈ, ਮਿਡਫੀਲਡਰ: ਰਾਜਕੁਮਾਰ ਪਾਲ, ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਫਾਰਵਰਡ: ਅਭਿਸ਼ੇਕ, ਲਵਜੀਤ ਕੁਮਾਰ, ਸੁਖਜੀਤ ਕੁਮਾਰ ਮਨਦੀਪ ਸਿੰਘ ਤੇ ਗੁਰਜੰਟ ਸਿੰਘ , ਬਦਲਵੇਂ ਖਿਡਾਰੀ: ਨੀਲਕਾਂਤ ਸ਼ਰਮਾ, ਜੁਗਰਾਜ ਸਿੰਘ ਤੇ ਕ੍ਰਿਸ਼ਨ ਬਹਾਦਰ ਪਾਠਕ।