ਦੁਵੱਲੇ ਸਬੰਧਾਂ ਲਈ ਅਹਿਮ ਹੋਵੇਗੀ ਮੋਦੀ ਦੀ ਯਾਤਰਾ: ਪੈਂਟਾਗਨ
ਵਾਸ਼ਿੰਗਟਨ, 9 ਜੂਨ
ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਮਹੀਨੇ ਹੋਣ ਵਾਲੀ ਅਮਰੀਕਾ ਦੀ ਯਾਤਰਾ ਦੁਵੱਲੇ ਸਬੰਧਾਂ ਲਈ ਨਵੇਂ ਪੈਮਾਨੇ ਤੈਅ ਕਰੇਗੀ ਅਤੇ ਇਸ ਦੌਰਾਨ ਰੱਖਿਆ ਸਹਿਯੋਗ ਬਾਰੇ ਵੱਡੇ ਤੇ ਇਤਿਹਾਸਕ ਐਲਾਨ ਹੋਣ ਤੇ ਭਾਰਤ ਦੀ ਸਵਦੇਸ਼ੀ ਫੌਜੀ ਸਨਅਤ ਨੂੰ ਹੁਲਾਰਾ ਮਿਲਣ ਦੀ ਸੰਭਾਵਨਾ ਹੈ।
ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਜੋਅ ਬਾਇਡਨ ਤੇ ਪ੍ਰਥਮ ਮਹਿਲਾ ਜਿਲ ਬਾਇਡਨ ਦੇ ਸੱਦੇ ‘ਤੇ ਇਸ ਮਹੀਨੇ ਅਮਰੀਕਾ ਦੀ ਪਹਿਲੀ ਸਰਕਾਰੀ ਯਾਤਰਾ ਕਰਨਗੇ। ਉਨ੍ਹਾਂ ਦੀ ਇਹ ਚਾਰ ਰੋਜ਼ਾ ਯਾਤਰਾ 21 ਜੂਨ ਤੋਂ ਸ਼ੁਰੂ ਹੋਵੇਗੀ। ਬਾਇਡਨ ਜੋੜਾ 22 ਜੂਨ ਨੂੰ ਸਰਕਾਰੀ ਭੋਜ ‘ਤੇ ਮੋਦੀ ਦੀ ਮੇਜ਼ਬਾਨੀ ਵੀ ਕਰੇਗਾ। ਹਿੰਦ-ਪ੍ਰਸ਼ਾਂਤ ਸੁਰੱਖਿਆ ਮਾਮਲਿਆਂ ਦੇ ਸਹਾਇਕ ਰੱਖਿਆ ਸਕੱਤਰ ਐਲੀ ਰੈਟਨਰ ਨੇ ਸੈਂਟਰ ਫਾਰ ਨਿਊ ਅਮੈਰੀਕਨ ਸਕਿਉਰਿਟੀ ‘ਚ ਇੱਕ ਪੈਨਲ ਚਰਚਾ ਦੌਰਾਨ ਕਿਹਾ, ‘ਜਦੋਂ ਪ੍ਰਧਾਨ ਮੰਤਰੀ ਮੋਦੀ ਇਸ ਮਹੀਨੇ ਦੇ ਅਖੀਰ ‘ਚ ਸਰਕਾਰੀ ਯਾਤਰਾ ‘ਤੇ ਵਾਸ਼ਿੰਗਟਨ ਆਉਣਗੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਦੋਵਾਂ ਦੇਸ਼ਾਂ ਦੇ ਸਬੰਧਾਂ ‘ਚ ਨਵੇਂ ਪੈਮਾਨੇ ਤੈਅ ਕਰਨ ਵਾਲੀ ਇਤਿਹਾਸਕ ਯਾਤਰਾ ਸਾਬਤ ਹੋਵੇਗੀ।’ ਉਨ੍ਹਾਂ ਕਿਹਾ, ‘ਮੈਨੂੰ ਲਗਦਾ ਹੈ ਕਿ ਇਸ ਯਾਤਰਾ ਨੂੰ ਉਸੇ ਤਰ੍ਹਾਂ ਦੇਖਿਆ ਜਾਵੇਗਾ ਜਿਵੇਂ ਇਸ ਸਾਲ ਦੀ ਸ਼ੁਰੂਆਤ ‘ਚ ਜਪਾਨ ਨਾਲ ‘ਟੂ ਪਲੱਸ ਟੂ’ ਵਾਰਤਾ ਨੂੰ ਰਿਸ਼ਤੇ ‘ਚ ਇੱਕ ਅਹਿਮ ਮੌਕੇ ਵਜੋਂ ਦੇਖਿਆ ਗਿਆ ਸੀ। ਲੋਕ ਪ੍ਰਧਾਨ ਮੰਤਰੀ ਮੋਦੀ ਦੀ ਇਸ ਯਾਤਰਾ ਨੂੰ ਅਮਰੀਕਾ-ਭਾਰਤ ਸਬੰਧਾਂ ‘ਚ ਇੱਕ ਅਸਲ ਪੁਲਾਂਘ ਦੇ ਰੂਪ ‘ਚ ਦੇਖਣਗੇ।’ ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਕਈ ਦੁਵੱਲੇ ਮੁੱਦਿਆਂ ਨੂੰ ਅੱਗੇ ਵਧਾਉਣ ਅਤੇ ਵਿਸ਼ੇਸ਼ ਸਮਝੌਤਿਆਂ ਤੇ ਯੋਜਨਾਵਾਂ ਨੂੰ ਆਖਰੀ ਰੂਪ ਦੇਣ ਲਈ ਪ੍ਰਧਾਨ ਮੰਤਰੀ ਦੀ ਵਾਸ਼ਿੰਗਟਨ ਯਾਤਰਾ ਦੀ ਜ਼ਮੀਨ ਤਿਆਰ ਕਰਨ ਲਈ ਹਾਲ ਹੀ ‘ਚ ਭਾਰਤ ਦੀ ਯਾਤਰਾ ਕੀਤੀ ਸੀ। -ਪੀਟੀਆਈ