Modi visit to Kuwait ਮੋਦੀ ਦਾ ਦੋ ਦਿਨਾ ਕੁਵੈਤ ਦੌਰਾ 21 ਤੋਂ
ਨਵੀਂ ਦਿੱਲੀ, 18 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਤੇ ਕੁਵੈਤ ਵਿਚਾਲੇ ਬਹੁਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸ਼ਨਿਚਵਰਾਰ ਨੂੰ ਖਾੜੀ ਦੇਸ਼ ਦੇ ਦੋ ਰੋਜ਼ਾ ਦੌਰੇ ’ਤੇ ਜਾਣਗੇ। ਇਹ ਚਾਰ ਦਹਾਕਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਕੁਵੈਤ ਦਾ ਪਹਿਲਾ ਦੌਰਾ ਹੋਵੇਗਾ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੋਦੀ, ਕੁਵੈਤ ਦੇ ਅਮੀਰ ਸ਼ੇਖ ਮੇਸ਼ਾਲ ਅਲ-ਅਹਿਮਦ ਅਲ-ਜਬਰ ਅਲ-ਸਬਾਹ ਦੇ ਸੱਦੇ ’ਤੇ ਇਹ ਦੌਰਾ ਕਰ ਰਹੇ ਹਨ। ਦੌਰੇ ਦੌਰਾਨ ਮੋਦੀ ਕੁਵੈਤ ਦੇ ਆਗੂਆਂ ਨਾਲ ਚਰਚਾ ਕਰਨਗੇ ਅਤੇ ਉੱਥੇ ਰਹਿਣ ਵਾਲੇ ਭਾਰਤੀ ਭਾਈਚਾਰੇ ਨਾਲ ਵੀ ਗੱਲਬਾਤ ਕਰਨਗੇ।
ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, ‘‘ਭਾਰਤ ਤੇ ਕੁਵੈਤ ਵਿਚਾਲੇ ਇਤਿਹਾਸਕ ਸਮੇਂ ਤੋਂ ਰਵਾਇਤੀ ਤੌਰ ’ਤੇ ਗੂੜ੍ਹੇ ਤੇ ਦੋਸਤਾਨਾ ਸਬੰਧ ਹਨ।’’ ਭਾਰਤ, ਕੁਵੈਤ ਦੇ ਚੋਟੀ ਦੇ ਵਪਾਰਕ ਸਾਂਝੇਦਾਰਾਂ ’ਚੋਂ ਇਕ ਹੈ ਅਤੇ ਭਾਰਤੀ ਭਾਈਚਾਰਾ ਕੁਵੈਤ ਵਿੱਚ ਸਭ ਤੋਂ ਵੱਡਾ ਪਰਵਾਸੀ ਭਾਈਚਾਰਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਇਹ ਦੌਰਾ ਭਾਰਤ ਤੇ ਕੁਵੈਤ ਵਿਚਾਲੇ ਬਹੁਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰੇਗਾ।’’ -ਪੀਟੀਆਈ