For the best experience, open
https://m.punjabitribuneonline.com
on your mobile browser.
Advertisement

ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ

07:22 AM Jun 10, 2024 IST
ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ
ਰਾਸ਼ਟਰਪਤੀ ਦਰੋਪਦੀ ਮੁਰਮੂ ਹਲਫ਼ਦਾਰੀ ਸਮਾਗਮ ਦੌਰਾਨ ਸਹੁੰ ਚੁਕਾਉਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਜ਼ਾਰਤ ਨਾਲ ਸਾਂਝੀ ਤਸਵੀਰ ਖਿਚਵਾਉਂਦੇ ਹੋਏ। -ਫੋਟੋ: ਰਾਇਟਰਜ਼
Advertisement

ਨਵੀਂ ਦਿੱਲੀ, 9 ਜੂਨ
ਨਰਿੰਦਰ ਮੋਦੀ ਨੇ ਅੱਜ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਹਲਫ ਲਿਆ। ਉਹ ਅਜਿਹੇ ਮੰਤਰੀ ਮੰਡਲ ਦੀ ਪ੍ਰਧਾਨਗੀ ਕਰ ਰਹੇ ਹਨ ਜਿਸ ਵੱਲੋਂ ਨਿਰੰਤਰਤਾ ਤੇ ਤਜਰਬੇ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਵਿੱਚ ਆਪਣੀਆਂ ਭਾਈਵਾਲ ਪਾਰਟੀਆਂ ਨੂੰ ਵੀ ਨੁਮਾਇੰਦਗੀ ਦਿੱਤੀ ਜਾ ਰਹੀ ਹੈ। ਇਸ ਸਹੁੰ ਚੁੱਕ ਸਮਾਗਮ ਵਿੱਚ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਵੀ ਹਾਜ਼ਰ ਸਨ ਜਦਕਿ ਵਿਰੋਧੀ ਧਿਰ ਦੇ ਹੋਰ ਆਗੂ ਗੈਰ-ਹਾਜ਼ਰ ਰਹੇ। ਮੋਦੀ ਕੈਬਨਿਟ ਦੀ ਭਲਕੇ ਸ਼ਾਮ 5.30 ਵਜੇ ਪਹਿਲੀ ਮੀਟਿੰਗ ਸੱਦ ਲਈ ਗਈ ਹੈ।
ਰਾਸ਼ਟਰਪਤੀ ਭਵਨ ਵਿੱਚ ਹੋਏ ਸਹੁੰ ਚੁੱਕ ਸਮਾਗਮ ਦੌਰਾਨ ਮੋਦੀ ਦੇ ਨਾਲ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਨਿਰਮਲਾ ਸੀਤਾਰਾਮਨ ਅਤੇ ਐੱਸ ਜੈਸ਼ੰਕਰ ਸਣੇ ਸਾਰੇ ਸੀਨੀਅਰ ਭਾਜਪਾ ਆਗੂਆਂ (ਜੋ ਕਿ ਮੋਦੀ ਦੇ ਪ੍ਰਧਾਨ ਮੰਤਰੀ ਵਜੋਂ ਦੂਜੇ ਕਾਰਜਕਾਲ ਵਿੱਚ ਵੀ ਮੰਤਰੀ ਸਨ) ਨੇ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੋਦੀ ਅਤੇ 30 ਕੈਬਨਿਟ ਮੰਤਰੀਆਂ ਨੂੰ ਅਹੁਦੇ ਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਸਮਾਰੋਹ ਦੌਰਾਨ ਚਿੱਟੇ ਕੁੜਤੇ ਤੇ ਚੂੜੀਦਾਰ ਪਜਾਮੀ ਦੇ ਨਾਲ ਨੀਲੀ ਜੈਕਟ ਵਿੱਚ ਮੋਦੀ (73) ਨੇ ਅਹੁਦੇ ਦੀ ਸਹੁੰ ਚੁੱਕੀ। ਸਾਬਕਾ ਪ੍ਰਧਾਨ ਮੰਤਰੀ ਮਰਹੂਮ ਜਵਾਹਰ ਲਾਲ ਨਹਿਰੂ ਤੋਂ ਬਾਅਦ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਵਾਲੇ ਦੂਜੇ ਆਗੂ ਹਨ। ਮੋਦੀ 3.0 ਸਰਕਾਰ ਵਿੱਚ 33 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ ਅਤੇ ਘੱਟੋ-ਘੱਟ ਛੇ ਅਜਿਹੀਆਂ ਸ਼ਖ਼ਸੀਅਤਾਂ ਹਨ ਜੋ ਕਿ ਮਸ਼ਹੂਰ ਸਿਆਸੀ ਪਰਿਵਾਰਾਂ ਨਾਲ ਸਬੰਧਤ ਹਨ।

Advertisement


ਰਾਸ਼ਟਰਪਤੀ ਭਵਨ ਵਿੱਚ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਹਲਫ਼ ਲੈਂਦੇ ਹੋਏ ਨਰਿੰਦਰ ਮੋਦੀ।
-ਫੋਟੋ: ਪੀਟੀਆਈ

ਹਾਲ ਹੀ ਵਿੱਚ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਬਹੁਮਤ ਹਾਸਲ ਕਰਨ ਵਿੱਚ ਅਸਫਲ ਰਹੀ, ਜਿਸ ਕਾਰਨ ਉਸ ਨੂੰ ਭਾਈਵਾਲ ਪਾਰਟੀਆਂ ’ਤੇ ਨਿਰਭਰ ਹੋਣਾ ਪੈ ਰਿਹਾ ਹੈ। ਇਨ੍ਹਾਂ ਭਾਈਵਾਲ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਵੀ ਕੈਬਨਿਟ ਮੰਤਰੀਆਂ ਵਜੋਂ ਹਲਫ਼ ਲਿਆ। ਇਨ੍ਹਾਂ ਭਾਈਵਾਲ ਪਾਰਟੀਆਂ ਦੇ ਆਗੂਆਂ ਵਿੱਚ ਜੇਡੀ (ਐੱਸ) ਆਗੂ ਐੱਚ.ਡੀ. ਕੁਮਾਰਸਵਾਮੀ, ਐੱਚਏਐੱਮ (ਸੈਕੁਲਰ) ਦੇ ਮੁਖੀ ਜਿਤਿਨ ਰਾਮ ਮਾਂਝੀ, ਜੇਡੀ (ਯੂ) ਆਗੂ ਰਾਜੀਵ ਰੰਜਨ ਸਿੰਘ ‘ਲਲਨ’, ਟੀਡੀਪੀ ਦੇ ਕੇ ਰਾਮ ਮੋਹਨ ਨਾਇਡੂ ਅਤੇ ਐੱਲਜੇਪੀ-ਆਰਵੀ ਆਗੂ ਚਿਰਾਗ ਪਾਸਵਾਨ ਸ਼ਾਮਲ ਹਨ। ਇਨ੍ਹਾਂ ਪੰਜ ਭਾਈਵਾਲ ਪਾਰਟੀਆਂ ਨੂੰ ਇਕ ਇਕ ਕੈਬਨਿਟ ਰੈਂਕ ਮਿਲਿਆ ਹੈ।
ਭਾਜਪਾ ਪ੍ਰਧਾਨ ਜੇਪੀ ਨੱਢਾ ਦੀ ਪੰਜ ਸਾਲਾਂ ਬਾਅਦ ਮੰਤਰੀ ਮੰਡਲ ਵਿੱਚ ਵਾਪਸੀ ਹੋਈ ਹੈ ਜਦਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੋਦੀ ਮੰਤਰੀ ਮੰਡਲ ਵਿੱਚ ਨਵੇਂ ਚਿਹਰੇ ਹਨ। ਭਾਜਪਾ ਆਗੂ ਪ੍ਰਿਯੂਸ਼ ਗੋਇਲ, ਜਯੋਤਿਰਦਿੱਤਿਆ ਸਿੰਧੀਆ, ਧਰਮੇਂਦਰ ਪ੍ਰਧਾਨ ਅਤੇ ਭੁਪੇਂਦਰ ਯਾਦਵ ਜੋ ਕਿ ਪਹਿਲਾਂ ਰਾਜ ਸਭਾ ਮੈਂਬਰ ਸਨ ਪਰ ਹੁਣ ਚੁਣ ਕੇ ਲੋਕ ਸਭਾ ਵਿੱਚ ਆਏ ਹਨ, ਨੂੰ ਵੀ ਮੰਤਰੀਆਂ ਦੇ ਅਹੁਦੇ ’ਤੇ ਕਾਇਮ ਰੱਖਿਆ ਗਿਆ ਹੈ। ਇਸ ਦੌਰਾਨ ਨਵੀਂ ਬਣੀ ਐੱਨਡੀਏ ਸਰਕਾਰ ਵਿੱਚ ਕਰਨਾਟਕ ਦੇ ਪੰਜ ਮੰਤਰੀ ਬਣੇ ਹਨ ਜਦਕਿ ਪਿਛਲੀ ਸਰਕਾਰ ਵਿੱਚ ਸੂਬੇ ਤੋਂ ਤਿੰਨ ਮੰਤਰੀ ਸਨ।
ਕੈਬਨਿਟ ਮੰਤਰੀ ਵਜੋਂ ਹਲਫ਼ ਲੈਣ ਵਾਲਿਆਂ ਵਿੱਚ ਅਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ, ਅਸ਼ਵਨੀ ਵੈਸ਼ਨਵ, ਵਿਰੇਂਦਰ ਕੁਮਾਰ, ਪ੍ਰਹਿਲਾਦ ਜੋਸ਼ੀ, ਗਿਰੀਰਾਜ ਸਿੰਘ, ਜੁਆਲ ਓਰਮ, ਗੁਜਰਾਤ ਭਾਜਪਾ ਦੇ ਪ੍ਰਧਾਨ ਸੀਆਰ ਪਾਟਿਲ, ਮਨਸੁੱਖ ਮਾਂਡਵੀਆ, ਜੀ ਕਿਸ਼ਨ ਰੈੱਡੀ, ਹਰਦੀਪ ਸਿੰਘ ਪੁਰੀ, ਕਿਰਨ ਰਿਜਿਜੂ, ਅੰਨਪੂਰਨਾ ਦੇਵੀ ਅਤੇ ਗਜੇਂਦਰ ਸਿੰਘ ਸ਼ੇਖਾਵਤ ਸ਼ਾਮਲ ਹਨ। ਇਸ ਸਮਾਰੋਹ ਵਿੱਚ ਉਪ ਰਾਸ਼ਟਰਪਤੀ ਜਗਦੀਪ ਧਨਖੜ, ਟੀਡੀਪੀ ਦੇ ਮੁਖੀ ਚੰਦਰਬਾਬੂ ਨਾਇਡੂ ਅਤੇ ਜੇਡੀ (ਯੂ) ਦੇ ਮੁਖੀ ਨਿਤੀਸ਼ ਕੁਮਾਰ ਵੀ ਹਾਜ਼ਰ ਸਨ। ਮੋਦੀ ਨੂੰ ਤੀਜੇ ਕਾਰਜਕਾਲ ਵਿੱਚ ਲੋਕ ਫ਼ਤਵਾ ਪਹਿਲੇ ਦੋ ਕਾਰਜਕਾਲਾਂ ਵਾਂਗ ਨਹੀਂ ਮਿਲਿਆ ਹੈ। ਇਸ ਵਾਰ ਲੋਕ ਸਭਾ ਚੋਣਾਂ ਵਿੱਚ ਭਾਜਪਾ ਆਪਣੇ ਜ਼ੋਰ ’ਤੇ ਬਹੁਮਤ ਹਸਲ ਕਰਨ ਵਿੱਚ ਅਸਫ਼ਲ ਰਹੀ। ਲੋਕ ਸਭਾ ਚੋਣਾਂ ਵਿੱਚ ਕਾਂਗਰਸ ਤੇ ‘ਇੰਡੀਆ’ ਗੱਠਜੋੜ ਦੀਆਂ ਹੋਰ ਭਾਈਵਾਲ ਪਾਰਟੀਆਂ ਵੱਲੋਂ ਉੱਤਰ ਪ੍ਰਦੇਸ਼ ਤੇ ਰਾਜਸਥਾਨ ਵਰਗੇ ਸੂਬਿਆਂ ਵਿੱਚ ਕੀਤੇ ਗਏ ਪ੍ਰਦਰਸ਼ਨ ਨਾਲ ਭਾਜਪਾ ਸਦਮੇ ਵਿੱਚ ਹੈ। ਇਨ੍ਹਾਂ ਦੋਵੇਂ ਸੂਬਿਆਂ ਵਿੱਚ ਭਾਜਪਾ ਦਾ ਕਾਫੀ ਆਧਾਰ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਚੋਣਾਂ ਦੇ ਨਤੀਜਿਆਂ ਵਿੱਚ ਭਾਜਪਾ ਨੂੰ ਮਿਲੀਆਂ 240 ਸੀਟਾਂ ਕਾਰਨ ਪਾਰਟੀ ਦੇ ਕੱਟੜ ਸਮਰਥਕਾਂ ਨੂੰ ਨਿਰਾਸ਼ਾ ਝੱਲਣੀ ਪਈ ਅਤੇ ਵਿਰੋਧੀ ਪਾਰਟੀਆਂ ਨੇ ਇਸ ਨੂੰ ਮੋਦੀ ਦੀ ‘ਨੈਤਿਕ ਹਾਰ’ ਕਰਾਰ ਦਿੱਤਾ। ਕਾਂਗਰਸ ਨੂੰ ਇਨ੍ਹਾਂ ਚੋਣਾਂ ਵਿੱਚ 99 ਸੀਟਾਂ ਮਿਲੀਆਂ। ਹਾਲਾਂਕਿ, ਇਹ ਭਾਜਪਾ ਦੀ ਵਿਸ਼ਾਲ ਸਿਆਸੀ ਹਾਜ਼ਰੀ ਦਾ ਹੀ ਨਤੀਜਾ ਹੈ ਕਿ ਲਗਾਤਾਰ ਤੀਜੀ ਲੋਕ ਸਭਾ ਚੋਣਾਂ ਵਿੱਚ ਉਹ 240 ਸੀਟਾਂ ਹਾਸਲ ਕਰ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ। ਭਾਜਪਾ ਦੀ ਅਗਵਾਈ ਵਿੱਚ ਕੌਮੀ ਜਮਹੂਰੀ ਗੱਠਜੋੜ ਨੇ 293 ਸੀਟਾਂ ਜਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਇਸ ਨੂੰ ਚੋਣਾਂ ਤੋਂ ਪਹਿਲਾਂ ਹੋਏ ਕਿਸੇ ਵੀ ਗੱਠਜੋੜ ਦੀ ਸਭ ਤੋਂ ਵੱਡੀ ਸਫਲਤਾ ਕਰਾਰ ਦਿੱਤਾ ਹੈ। ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਾਰੇ ਆਗੂ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਮੁਰਮੂ ਵੱਲੋਂ ਦਿੱਤੇ ਗਏ ਭੋਜ ਵਿੱਚ ਵੀ ਸ਼ਾਮਲ ਹੋਏ। ਇਸ ਹਲਫ਼ਦਾਰੀ ਸਮਾਗਮ ਦੌਰਾਨ ਕਈ ਸਿਆਸੀ ਦਿੱਗਜ, ਵੱਡੇ ਕਾਰੋਬਾਰੀ ਅਤੇ ਫਿਲਮੀ ਹਸਤੀਆਂ ਸਮੇਤ 9,000 ਤੋਂ ਜ਼ਿਆਦਾ ਲੋਕ ਹਾਜ਼ਰ ਸਨ। ਇਸ ਦੌਰਾਨ ‘ਮੋਦੀ-ਮੋਦੀ’ ਦੇ ਨਾਅਰੇ ਵੀ ਗੂੰਜੇ। ਸਮਾਗਮ ਲਈ ਸਫ਼ਾਈ ਕਾਮਿਆਂ, ਟਰਾਂਸਜੈਂਡਰਜ਼ ਅਤੇ ਸੰਸਦ ਭਵਨ ਦੀ ਨਵੀਂ ਇਮਾਰਤ ਉਸਾਰਨ ਵਾਲਿਆਂ ਨੂੰ ਵੀ ਉਚੇਚੇ ਤੌਰ ’ਤੇ ਸੱਦਾ ਦਿੱਤਾ ਗਿਆ ਸੀ। -ਪੀਟੀਆਈ

ਸੱਤ ਸਾਬਕਾ ਮੁੱਖ ਮੰਤਰੀ ਕੈਬਨਿਟ ਦਾ ਹਿੱਸਾ ਬਣੇ

ਨਵੀਂ ਦਿੱਲੀ: ਨਰਿੰਦਰ ਮੋਦੀ ਸਮੇਤ ਸੱਤ ਸਾਬਕਾ ਮੁੱਖ ਮੰਤਰੀਆਂ ਨੇ ਅੱਜ ਨਵੇਂ ਮੰਤਰੀ ਮੰਡਲ ਦੇ ਮੰਤਰੀਆਂ ਵਜੋਂ ਹਲਫ਼ ਲਿਆ। ਛੇ ਹੋਰ ਸਾਬਕਾ ਮੁੱਖ ਮੰਤਰੀਆਂ ਵਿੱਚ ਸ਼ਿਵਰਾਜ ਚੌਹਾਨ (ਮੱਧ ਪ੍ਰਦੇਸ਼), ਰਾਜਨਾਥ ਸਿੰਘ (ਉੱਤਰ ਪ੍ਰਦੇਸ਼), ਮਨੋਹਰ ਲਾਲ ਖੱਟਰ (ਹਰਿਆਣਾ), ਸਰਬਨੰਦ ਸੋਨੋਵਾਲ (ਅਸਾਮ), ਐੱਚਡੀ ਕੁਮਾਰਸਵਾਮੀ (ਕਰਨਾਟਕ) ਅਤੇ ਜੀਤਨ ਰਾਮ ਮਾਂਝੀ (ਬਿਹਾਰ) ਸ਼ਾਮਲ ਹਨ। ਇਨ੍ਹਾਂ ’ਚੋਂ ਪੰਜ ਸਾਬਕਾ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਜਦਕਿ ਕੁਮਾਰਸਵਾਮੀ (ਜਨਤਾ ਦਲ-ਐੱਸ) ਅਤੇ ਮਾਂਝੀ (ਹਿੰਦੁਸਤਾਨੀ ਅਵਾਮ ਮੋਰਚਾ) ਭਾਈਵਾਲ ਪਾਰਟੀਆਂ ਨਾਲ ਸਬੰਧਤ ਹਨ। -ਪੀਟੀਆਈ

ਅਕਸ਼ੈ, ਸ਼ਾਹਰੁਖ, ਅੰਬਾਨੀ-ਅਡਾਨੀ ਅਤੇ ਹੋਰ ਹਸਤੀਆਂ ਵੱਲੋਂ ਸਮਾਗਮ ’ਚ ਸ਼ਿਰਕਤ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਫ਼ਦਾਰੀ ਸਮਾਗਮ ਦੌਰਾਨ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ, ਸ਼ਾਹਰੁਖ ਖ਼ਾਨ, ਅਨਿਲ ਕਪੂਰ, ਰਜਨੀਕਾਂਤ, ਰਵੀਨਾ ਟੰਡਨ, ਅਨੁਪਮ ਖੇਰ, ਵਿਕਰਾਂਤ ਮੈਸੀ, ਸਨਅਤਕਾਰ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਸਮੇਤ ਹੋਰ ਹਸਤੀਆਂ ਹਾਜ਼ਰ ਸਨ। ਸਨਅਤਕਾਰਾਂ ’ਚੋਂ ਮੁਕੇਸ਼ ਅੰਬਾਨੀ ਆਪਣੇ ਬੇਟਿਆਂ ਅਨੰਤ ਅਤੇ ਆਕਾਸ਼ ਨਾਲ ਸਮਾਗਮ ’ਚ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਦਾ ਜਵਾਈ ਆਨੰਦ ਪਿਰਾਮਲ ਵੀ ਮੌਜੂਦ ਸੀ। ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ ਪਤਨੀ ਪ੍ਰੀਤੀ ਅਤੇ ਭਰਾ ਰਾਜੇਸ਼ ਅਡਾਨੀ ਨਾਲ ਹਾਜ਼ਰ ਸਨ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਵੀ ਪਤਨੀ ਨਾਲ ਮੌਜੂਦ ਸਨ। ਸਾਬਕਾ ਰਾਸ਼ਟਰਪਤੀਆਂ ਰਾਮਨਾਥ ਕੋਵਿੰਦ ਅਤੇ ਪ੍ਰਤਿਭਾ ਪਾਟਿਲ ਵੀ ਇਸ ਮੌਕੇ ਹਾਜ਼ਰ ਸਨ। ਕਈ ਸਾਧੂ-ਸੰਤ ਵੀ ਸਮਾਗਮ ਦਾ ਹਿੱਸਾ ਬਣੇ। -ਪੀਟੀਆਈ

ਟੀਡੀਪੀ ਆਗੂ ਪੇਮਾਸਨੀ ਸਭ ਤੋਂ ਅਮੀਰ ਮੰਤਰੀ

ਨਵੀਂ ਦਿੱਲੀ: ਟੀਡੀਪੀ ਦੇ ਸੰਸਦ ਮੈਂਬਰ ਡਾਕਟਰ ਚੰਦਰ ਸ਼ੇਖਰ ਪੇਮਾਸਨੀ 5700 ਕਰੋੜ ਰੁਪਏ ਦੀ ਸੰਪਤੀ ਨਾਲ 18ਵੀਂ ਲੋਕ ਸਭਾ ਦੇ ਮੰਤਰੀ ਮੰਡਲ ’ਚ ਸਭ ਤੋਂ ਅਮੀਰ ਮੰਤਰੀ ਹਨ। ਉਨ੍ਹਾਂ ਨੂੰ ਰਾਜ ਮੰਤਰੀ ਵਜੋਂ ਹਲਫ਼ ਦਿਵਾਇਆ ਗਿਆ ਹੈ। ਉਨ੍ਹਾਂ ਸਾਰੇ 8390 ਉਮੀਦਵਾਰਾਂ ’ਚੋਂ ਸਭ ਤੋਂ ਵੱਧ 5705 ਕਰੋੜ ਰੁਪਏ ਦੀ ਸੰਪਤੀ ਐਲਾਨੀ ਸੀ। ਕੈਬਨਿਟ ਰੈਂਕ ਵਾਲੇ ਮੰਤਰੀਆਂ ’ਚੋਂ ਜਯੋਤਿਰਦਿੱਤਿਆ ਸਿੰਧੀਆ ਦੀ 484 ਕਰੋੜ ਰੁਪਏ ਦੀ ਸੰਪਤੀ ਹੈ। ਲੋਕ ਸਭਾ ਚੋਣ ਜਿੱਤਣ ਵਾਲੇ ਸਿਖਰਲੇ 10 ਅਮੀਰ ਉਮੀਦਵਾਰਾਂ ’ਚੋਂ ਸਿਰਫ਼ ਪੇਮਾਸਨੀ ਅਤੇ ਸਿੰਧੀਆ ਨੂੰ ਹੀ ਮੰਤਰੀ ਬਣਾਇਆ ਗਿਆ ਹੈ। -ਪੀਟੀਆਈ

ਰਵਨੀਤ ਬਿੱਟੂ ਨੂੰ ਹਾਰਨ ਦੇ ਬਾਵਜੂਦ ਕੇਂਦਰੀ ਮੰਤਰੀ ਮੰਡਲ ’ਚ ਮਿਲੀ ਥਾਂ

ਰਾਜ ਮੰਤਰੀ ਵਜੋਂ ਹਲਫ਼ ਲੈਣ ਤੋਂ ਬਾਅਦ ਅਮਿਤ ਸ਼ਾਹ ਨੂੰ ਝੁਕ ਕੇ ਮਿਲਦੇ ਹੋਏ ਰਵਨੀਤ ਬਿੱਟੂ। -ਫੋਟੋ: ਮੁਕੇਸ਼ ਅਗਰਵਾਲ

ਨਵੀਂ ਦਿੱਲੀ: ਸਿੱਖ ਚਿਹਰਾ, ਖਾਲਿਸਤਾਨੀ ਪੱਖੀਆਂ ਦੇ ਆਲੋਚਕ ਅਤੇ ਪੰਜਾਬ ਤੋਂ ਤਿੰਨ ਵਾਰ ਸੰਸਦ ਮੈਂਬਰ ਰਹੇ ਰਵਨੀਤ ਸਿੰਘ ਬਿੱਟੂ (48) ਨੂੰ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਟਿਕਟ ਤੋਂ ਹਾਰਨ ਦੇ ਬਾਵਜੂਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ ਵਿੱਚ ਥਾਂ ਮਿਲੀ ਹੈ। ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤਰੇ ਹਨ ਜਿਨ੍ਹਾਂ ਦੀ 31 ਅਗਸਤ 1995 ਨੂੰ ਚੰਡੀਗੜ੍ਹ ’ਚ ਅਤਿਵਾਦੀਆਂ ਵੱਲੋਂ ਕੀਤੇ ਗਏ ਇਕ ਬੰਬ ਧਮਾਕੇ ਵਿੱਚ ਮੌਤ ਹੋ ਗਈ ਸੀ। ਉਸ ਵੇਲੇ ਉਹ ਪੰਜਾਬ ਦੇ ਮੁੱਖ ਮੰਤਰੀ ਸਨ। ਲੋਕ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਹੀ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ। ਭਾਜਪਾ ਵੱਲੋਂ ਉਨ੍ਹਾਂ ਨੂੰ ਲੁਧਿਆਣਾ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਪਰ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਤੋਂ ਹਾਰ ਗਏ। ਹਾਰਨ ਦੇ ਬਾਵਜੂਦ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਕੇਂਦਰੀ ਮੰਤਰੀ ਮੰਡਲ ਵਿੱਚ ਰਾਜ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ। -ਆਈਏਐੱਨਐੱਸ

ਜੇਪੀ ਨੱਢਾ ਦੀ ਕੈਬਨਿਟ ’ਚ ਵਾਪਸੀ

ਨਵੀਂ ਦਿੱਲੀ: ਭਾਜਪਾ ਦੇ ਕੌਮੀ ਪ੍ਰਧਾਨ ਵਜੋਂ ਚਾਰ ਸਾਲ ਤੋਂ ਵੱਧ ਸਮਾਂ ਅਗਵਾਈ ਕਰਨ ਤੋਂ ਬਾਅਦ ਜੇਪੀ ਨੱਢਾ ਦੀ ਅੱਜ ਕੇਂਦਰੀ ਮੰਤਰੀ ਮੰਡਲ ’ਚ ਵਾਪਸੀ ਹੋਈ ਹੈ। ਨੱਢਾ (63) ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਤੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਚ ਹਿਮਾਚਲ ਪ੍ਰਦੇਸ਼ ਤੋਂ ਇੱਕੋ-ਇੱਕ ਨੁਮਾਇੰਦੇ ਬਣੇ। ਉਨ੍ਹਾ ਨੌਂ ਨਵੰਬਰ 2014 ਤੋਂ 30 ਮਈ 2019 ਤੱਕ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਕੇਂਦਰੀ ਸਿਹਤ ਮੰਤਰੀ ਵਜੋਂ ਕੰਮ ਕੀਤਾ ਸੀ। -ਪੀਟੀਆਈ

ਨਵੀਂ ਦਿੱਲੀ ਵਿੱਚ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਫ਼ਦਾਰੀ ਸਮਾਗਮ ’ਚ ਸ਼ਿਰਕਤ ਕਰਦੇ ਹੋਏ ਜੇਡੀਯੂ ਮੁਖੀ ਨਿਤੀਸ਼ ਕੁਮਾਰ, ਟੀਡੀਪੀ ਮੁਖੀ ਚੰਦਰਬਾਬੂ ਨਾਇਡੂ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪ੍ਰਮੋਦ ਕੁਮਾਰ ਮਿਸ਼ਰਾ
ਨਵੀਂ ਦਿੱਲੀ ਵਿੱਚ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਫ਼ਦਾਰੀ ਸਮਾਗਮ ’ਚ ਸ਼ਿਰਕਤ ਕਰਦੇ ਹੋਏ ਜੇਡੀਯੂ ਮੁਖੀ ਨਿਤੀਸ਼ ਕੁਮਾਰ, ਟੀਡੀਪੀ ਮੁਖੀ ਚੰਦਰਬਾਬੂ ਨਾਇਡੂ
ਹਲਫ਼ਦਾਰੀ ਸਮਾਗਮ ਦੌਰਾਨ ਸਨਮਾਨਤ ਕੀਤੇ ਗਏ ਨਵੀਂ ਸੰਸਦ ਬਣਾਉਣ ਵਾਲੇ ਕਾਮੇ। -ਫੋੋਟੋ: .ਏਐਨਆਈ

‘ਹਾਈਵੇਅ ਮੈਨ ਆਫ਼ ਇੰਡੀਆ’ ਮੁੜ ਬਣੇ ਮੰਤਰੀ

ਨਾਗਪੁਰ ਤੋਂ ਆਉਂਦੇ ਭਾਜਪਾ ਦੇ ਸੀਨੀਅਰ ਆਗੂ ਨਿਤਿਨ ਗਡਕਰੀ ‘ਹਾਈਵੇਅ ਮੈਨ ਆਫ਼ ਇੰਡੀਆ’ ਵਜੋਂ ਵੀ ਜਾਣੇ ਜਾਂਦੇ ਹਨ। ਉਹ ਮੋਦੀ ਦੀ ਅਗਵਾਈ ਹੇਠਲੀਆਂ ਪਿਛਲੀਆਂ ਦੋ ਸਰਕਾਰਾਂ ’ਚ ਸੜਕ ਆਵਾਜਾਈ ਅਤੇ ਰਾਜਮਾਰਗਾਂ ਬਾਰੇ ਮੰਤਰੀ ਵਜੋਂ ਸੇਵਾਵਾਂ ਨਿਭਾਉਂਦੇ ਆਏ ਹਨ। ਗਡਕਰੀ ਦੇ ਸਿਰ ’ਤੇ 90 ਹਜ਼ਾਰ ਕਿਲੋਮੀਟਰ ਤੋਂ ਵੱਧ ਕੌਮੀ ਮਾਰਗਾਂ ਦੀ ਉਸਾਰੀ ਅਤੇ 30 ਹਜ਼ਾਰ ਕਿਲੋਮੀਟਰ ਨਵੀਆਂ ਸੜਕਾਂ ਬਣਾਉਣ ਦਾ ਸਿਹਰ ਬੱਝਦਾ ਹੈ। ਸੰਘ ਨਾਲ ਜੁੜੇ ਭਾਜਪਾ ਦੇ ਸਾਬਕਾ ਪ੍ਰਧਾਨ ਗਡਕਰੀ ਨੇ ਲਗਾਤਾਰ ਤੀਜੀ ਵਾਰ ਨਾਗਪੁਰ (ਮਹਾਰਾਸ਼ਟਰ) ਤੋਂ ਜਿੱਤ ਹਾਸਲ ਕੀਤੀ ਹੈ।

ਭਾਰਤ ਦੀ ਤੇਲ ਕੂਟਨੀਤੀ ਦਾ ਚਿਹਰਾ ਹਰਦੀਪ ਸਿੰਘ ਪੁਰੀ

ਨਵੀਂ ਦਿੱਲੀ: ਸਾਬਕਾ ਕੂਟਨੀਤਕ ਹਰਦੀਪ ਸਿੰਘ ਪੁਰੀ ਜਿਨ੍ਹਾਂ ਨਵੇਂ ਸੰਸਦ ਦੇ ਨਿਰਮਾਣ ਤੇ ਲਗਾਤਾਰ ਦੋ ਤੇਲ ਸੰਕਟਾਂ ’ਚੋਂ ਭਾਰਤ ਨੂੰ ਬਾਹਰ ਕੱਢਣ ’ਚ ਅਹਿਮ ਭੂਮਿਕਾ ਨਿਭਾਈ, ਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਮੰਤਰਾਲਿਆਂ ਨੂੰ ਘੁਟਾਲਾ ਮੁਕਤ ਕਰਨ ਲਈ ਸਨਮਾਨਿਆ ਗਿਆ ਹੈ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਹਾਊਸਿੰਗ ਤੇ ਸ਼ਹਿਰੀ ਮਾਮਲੇ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮਾਮਲਿਆਂ ਬਾਰੇ ਮੰਤਰੀ ਰਹੇ ਪੁਰੀ (72) ਨੂੰ ਅੱਜ ਮੋਦੀ ਸਰਕਾਰ ਦੇ ਨਵੇਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਦਿੱਲੀ ’ਚ ਜਨਮੇ ਹਰਦੀਪ ਪੁਰੀ 1974 ਬੈਚ ਦੇ ਆਈਐੱਫਐੱਸ ਅਫਸਰ ਹਨ। -ਪੀਟੀਆਈ

ਭਾਜਪਾ ਦੀ ਤਾਕਤ ਦਾ ਧੁਰਾ ਅਮਿਤ ਸ਼ਾਹ

ਨਵੀਂ ਦਿੱਲੀ: ਆਪਣੇ ਸਿਆਸੀ ਤੇ ਰਣਨੀਤਕ ਹੁਨਰ ਲਈ ਜਾਣੇ ਜਾਂਦੇ ਸੀਨੀਅਰ ਭਾਜਪਾ ਆਗੂ ਅਮਿਤ ਸ਼ਾਹ ਨੇ ਪਾਰਟੀ ਦੀ ਤਾਕਤ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੇ ਇਸ ਹੁਨਰ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀਆਂ ਸੀਟਾਂ ਦਾ ਅੰਕੜਾ 300 ਤੋਂ ਪਾਰ ਪਹੁੰਚਾਉਣ ਵਿੱਚ ਮਦਦ ਕੀਤੀ ਸੀ। ਸੜਕਾਂ ’ਤੇ ਆਪਣੀ ਪਾਰਟੀ ਦੇ ਪੋਸਟਰ ਅਤੇ ਪਰਚੇ ਚਿਪਕਾ ਕੇ ਆਪਣੀ ਸਿਆਸੀ ਯਾਤਰਾ ਸ਼ੁਰੂ ਕਰਨ ਵਾਲੇ ਅਮਿਤ ਸ਼ਾਹ ਨੂੰ ਭਾਜਪਾ ਦੀ ਚੋਣ ਰਣਨੀਤੀ ਤਿਆਰ ਕਰਨ ਵਾਲਾ ‘ਚਾਣਕਿਆ’ ਕਿਹਾ ਜਾਂਦਾ ਹੈ। ਉਹ ਇਸ ਅਕਤੂਬਰ ਵਿੱਚ ਆਪਣੀ ਜ਼ਿੰਦਗੀ ਦੇ ਛੇ ਦਹਾਕੇ ਪੂਰੇ ਕਰਨ ਜਾ ਰਹੇ ਹਨ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×