ਮੋਦੀ ਨੇ ਲਕਸ਼ਦੀਪ ’ਚ ਸਮੁੰਦਰੀ ਜੀਵਨ ਦਾ ਲਿਆ ਨਜ਼ਾਰਾ
ਨਵੀਂ ਦਿੱਲੀ, 4 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਲਕਸ਼ਦੀਪ ਦੇ ਦੌਰੇ ਦੌਰਾਨ ਸਮੁੰਦਰੀ ਜੀਵਨ ਦਾ ਨਜ਼ਾਰਾ ਲੈਣ ਲਈ ‘ਸਨੋਰਕੇਲਿੰਗ’ ਕਰਦਿਆਂ ਪਾਣੀ ਦੀ ਸਤਹਿ ਤੱਕ ਗਏ। ਉਨ੍ਹਾਂ ‘ਐਕਸ’ ’ਤੇ ਇਸ ਸਬੰਧੀ ਤਸਵੀਰਾਂ ਪੋਸਟ ਕੀਤੀਆਂ ਹਨ ਅਤੇ ਅਰਬ ਸਾਗਰ ਦੇ ਕੰਢੇ ’ਤੇ ਸਥਿਤ ਟਾਪੂ ਦੇ ਆਪਣੇ ਉਤਸ਼ਾਹਜਨਕ ਤਜਰਬੇ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਲਿਖਿਆ,‘‘ਜਿਹੜੇ ਲੋਕ ਰੋਮਾਂਚ ਭਰਪੂਰ ਤਜਰਬਾ ਲੈਣਾ ਚਾਹੁੰਦੇ ਹਨ, ਲਕਸ਼ਦੀਪ ਉਨ੍ਹਾਂ ਦੀ ਸੂਚੀ ’ਚ ਜ਼ਰੂਰ ਹੋਣਾ ਚਾਹੀਦਾ ਹੈ। ਮੇਰੇ ਪਰਵਾਸ ਦੌਰਾਨ ਮੈਂ ਸਨੋਰਕੇਲਿੰਗ ਦੀ ਵੀ ਕੋਸ਼ਿਸ਼ ਕੀਤੀ। ਇਹ ਬਹੁਤ ਹੀ ਜ਼ਿਆਦਾ ਉਤਸ਼ਾਹਜਨਕ ਤਜਰਬਾ ਸੀ।’’ ਮੋਦੀ ਨੇ ਲਕਸ਼ਦੀਪ ਦੇ ਬੀਚਾਂ ’ਤੇ ਸਵੇਰ ਦੀ ਸੈਰ, ਫੁਰਸਤ ਦੇ ਪਲਾਂ ਅਤੇ ਬੀਚ ’ਤੇ ਕੁਰਸੀ ਉਪਰ ਬੈਠੇ ਹੋਣ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਕਿਹਾ,‘‘ਕੁਦਰਤੀ ਖ਼ੂਬਸੂਰਤੀ ਤੋਂ ਇਲਾਵਾ ਲਕਸ਼ਦੀਪ ਦੀ ਸ਼ਾਂਤੀ ਵੀ ਮੋਹ ਲੈਣ ਵਾਲੀ ਹੈ। ਇਸ ਨੇ ਮੈਨੂੰ ਇਹ ਸੋਚਣ ਦਾ ਮੌਕਾ ਦਿੱਤਾ ਕਿ 140 ਕਰੋੜ ਭਾਰਤੀਆਂ ਦੇ ਕਲਿਆਣ ਲਈ ਹੋਰ ਸਖ਼ਤ ਮਿਹਨਤ ਕਿਵੇਂ ਕੀਤੀ ਜਾਵੇ।’’ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਇਕ ਵੀਡੀਓ ਵੀ ਸਾਂਝਾ ਕੀਤਾ ਗਿਆ ਜਿਸ ’ਚ ਮੋਦੀ ਸਮੁੰਦਰ ’ਚ ਗੋਤਾ ਲਾਉਂਦੇ ਅਤੇ ਪਾਣੀ ਅੰਦਰ ਮੱਛੀਆਂ ਵਿਚਕਾਰ ਤੈਰਦੇ ਦਿਖ ਰਹੇ ਹਨ। ਇਸ ਵੀਡੀਓ ’ਚ ਪ੍ਰਧਾਨ ਮੰਤਰੀ ਸਮੁੰਦਰ ਕੰਢੇ ’ਤੇ ਬੈਠ ਕੇ ਕੁਝ ਕੰਮ ਕਰਦੇ ਵੀ ਨਜ਼ਰ ਆ ਰਹੇ ਹਨ।
ਮੋਦੀ ਨੇ ਲਕਸ਼ਦੀਪ ’ਚ ਕਈ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ,‘‘ਹੁਣੇ ਜਿਹੇ ਮੈਨੂੰ ਲਕਸ਼ਦੀਪ ਦੇ ਲੋਕਾਂ ਵਿਚਕਾਰ ਰਹਿਣ ਦਾ ਮੌਕਾ ਮਿਲਿਆ। ਮੈਂ ਹੁਣ ਵੀ ਉਥੋਂ ਦੇ ਟਾਪੂਆਂ ਦੀ ਹੈਰਾਨ ਕਰ ਦੇਣ ਵਾਲੀ ਖ਼ੂਬਸੂਰਤੀ ਅਤੇ ਉਥੋਂ ਦੇ ਲੋਕਾਂ ਦੀ ਗਰਮਜੋਸ਼ੀ ਤੋਂ ਹੈਰਾਨ ਹਾਂ। ਮੈਨੂੰ ਅਗਾਤੀ, ਬੰਗਾਰਾਮ ਅਤੇ ਕਾਵਾਰੱਤੀ ’ਚ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਮੈਂ ਟਾਪੂਆਂ ਦੇ ਲੋਕਾਂ ਨੂੰ ਉਨ੍ਹਾਂ ਦੀ ਮਹਿਮਾਨਨਿਵਾਜ਼ੀ ਲਈ ਧੰਨਵਾਦ ਦਿੰਦਾ ਹਾਂ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਲਕਸ਼ਦੀਪ ’ਚ ਉਨ੍ਹਾਂ ਦੀ ਸਰਕਾਰ ਦਾ ਧਿਆਨ ਵਿਕਾਸ ਰਾਹੀਂ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ। -ਪੀਟੀਆਈ