For the best experience, open
https://m.punjabitribuneonline.com
on your mobile browser.
Advertisement

ਮੋਦੀ ਗੱਲਾਂ ਛੱਡ ਕੇ ਆਪਣੀ ਕਾਰਗੁਜ਼ਾਰੀ ਦੱਸਣ: ਭਗਵੰਤ ਮਾਨ

06:41 AM May 10, 2024 IST
ਮੋਦੀ ਗੱਲਾਂ ਛੱਡ ਕੇ ਆਪਣੀ ਕਾਰਗੁਜ਼ਾਰੀ ਦੱਸਣ  ਭਗਵੰਤ ਮਾਨ
ਪੱਪੀ ਪਰਾਸ਼ਰ ਦੇ ਹੱਕ ’ਚ ਰੋਡ ਸ਼ੋਅ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ। -ਫੋਟੋ: ਹਿਮਾਂਸ਼ੂ ਮਹਾਜਨ
Advertisement

* ਜਗਰਾਉਂ ’ਚ ਅਸ਼ੋਕ ਪਰਾਸ਼ਰ ਪੱਪੀ ਦੇ ਹੱਕ ’ਚ ਰੋਡ ਸ਼ੋਅ ਕੀਤਾ

Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 9 ਮਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਦੌਰਾਨ 13-0 ਨਾਲ ਜਿੱਤ ਦਾ ਦਾਅਵਾ ਦੁਹਰਾਉਂਦਿਆਂ ਆਪਣੀ ਸਰਕਾਰ ਦੀ ਦੋ ਸਾਲ ਦੀ ਕਾਰਗੁਜ਼ਾਰੀ ਦਾ ਜ਼ਿਕਰ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਏਧਰ-ਓਧਰ ਦੀਆਂ ਗੱਲਾਂ ਅਤੇ ਮੰਗਲਸੂਤਰ-ਮੁਸਲਮਾਨ ਕਰਨ ਦੀ ਥਾਂ ’ਤੇ ਆਪਣੀ ਸਰਕਾਰ ਦੀ 10 ਸਾਲਾਂ ਦੀ ਕਾਰਗੁਜ਼ਾਰੀ ਦਾ ਹਿਸਾਬ ਦੇ ਕੇ ਦੇਸ਼ ਵਾਸੀਆਂ ਤੋਂ ਵੋਟਾਂ ਮੰਗਣ। ‘ਉਹ ਅਜਿਹਾ ਕਰ ਨਹੀਂ ਸਕਦੇ ਕਿਉਂਕਿ 10 ਸਾਲ ਦੀ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਅਜਿਹੀ ਨਹੀਂ ਕਿ ਲੋਕ ਮੁੜ ਵੋਟਾਂ ਪਾ ਕੇ ਉਨ੍ਹਾਂ ਨੂੰ ਮੌਕਾ ਦੇਣ। ਲੋਕ ਹੁਣ ਆਵਾਜ਼ ਚੁੱਕਣ ਲੱਗ ਪਏ ਹਨ ਜੋ ਆਮ ਆਦਮੀ ਪਾਰਟੀ ਦੀ ਆਵਾਜ਼ ਬਣ ਰਹੇ ਹਨ। ‘ਆਪ’ ਨੂੰ ਮਿਲ ਰਹੇ ਭਰਪੂਰ ਹੁੰਗਾਰੇ ਕਰਕੇ ਵਿਰੋਧੀ ਪਾਰਟੀ ਵਾਲਿਆਂ ਨੂੰ ਡਾਕਟਰਾਂ ਕੋਲ ਦਿਲ ਖੜਾਉਣ ਵਾਲੀ ਦਵਾਈ ਲੈਣ ਜਾਣਾ ਪੈ ਰਿਹਾ ਹੈ।’ ਪਾਰਟੀ ਦੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਹੱਕ ’ਚ ਰੋਡ ਸ਼ੋਅ ਦੌਰਾਨ ਉਨ੍ਹਾਂ ਵਿਰੋਧੀਆਂ ’ਤੇ ਪਹਾੜਾਂ ’ਚ ਕਰੋੜਾਂ ਅਰਬਾਂ ਰੁਪਏ ਖ਼ਰਚ ਕਰਕੇ ਮਹਿਲ ਉਸਾਰਨ ਦਾ ਵੀ ਦੋਸ਼ ਲਾਇਆ। ਸੁਖਵਿਲਾਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਉਸ ਨੂੰ ਟੈਕਸਾਂ ਤੋਂ ਮਿਲੀ ਹੋਈ ਰਾਹਤ ਬਾਰੇ ਜਾਣਕਾਰੀ ਦਿੱਤੀ। ਇਹ ਵੀ ਕਿਹਾ ਕਿ ਸਰਕਾਰੀ ਰੁਪਏ ਦੀ ਦੁਰਵਰਤੋਂ ਕਰਕੇ ਬਣਾਏ ਸੁਖਵਿਲਾਸ ਹੋਟਲ ’ਤੇ ਕਬਜ਼ਾ ਕਰਕੇ ਉਥੇ ਸਕੂਲ ਖੋਲ੍ਹਿਆ ਜਾਵੇਗਾ। ਉਨ੍ਹਾਂ ਇਸ ਲਈ ਨਾਅਰਾ ਵੀ ਬਣਾ ਲਿਆ ਹੈ ਕਿ ‘ਦੁਨੀਆਂ ਦਾ ਪਹਿਲਾ ਸਕੂਲ ਜੀਹਦੇ ਹਰ ਕਮਰੇ ਪਿੱਛੇ ਪੂਲ।’ ਮੁੱਖ ਮੰਤਰੀ ਨੇ ਆਪਣੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ 43 ਹਜ਼ਾਰ ਨੌਕਰੀਆਂ ਦੇਣ, 90 ਫ਼ੀਸਦੀ ਘਰਾਂ ਨੂੰ ਮੁਫ਼ਤ ਬਿਜਲੀ, ਖੇਤੀ ਮੋਟਰਾਂ ਦੀ ਮੰਗ ਮੁਤਾਬਕ ਬਿਜਲੀ ਦੇਣ ਸਮੇਤ ਹੋਰ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਹੈ ਅਤੇ ਉਹ ਸਾਰੇ ਬੌਂਦਲੇ ਪਏ ਹਨ। ਰੋਡ ਸ਼ੋਅ ਕਾਫੀ ਛੋਟਾ ਸੀ ਜੋ ਰਾਣੀ ਝਾਂਸੀ ਚੌਕ ਤੋਂ ਸ਼ੁਰੂ ਹੋ ਕੇ ਨਹਿਰੂ ਮਾਰਕਿਟ ਜਾ ਕੇ ਖ਼ਤਮ ਹੋ ਗਿਆ। ਪਾਰਟੀ ਉਮੀਦਵਾਰ ਪਰਾਸ਼ਰ ਮੁੱਖ ਮੰਤਰੀ ਵਾਲੀ ਗੱਡੀ ’ਚ ਉਨ੍ਹਾਂ ਨਾਲ ਸਵਾਰ ਸਨ ਜਦਕਿ ਜ਼ਿਲ੍ਹੇ ਦੇ ਪਾਰਟੀ ਵਿਧਾਇਕ ਮਗਰਲੀ ਗੱਡੀ ’ਚ ਸਨ। ਭਗਵੰਤ ਮਾਨ ਦੇ ਜਗਰਾਉਂ ’ਚ ਪਹਿਲਾਂ ਦੇ ਵੱਡੇ ਇਕੱਠ ਹੁੰਦੇ ਰਹੇ ਸਨ ਪਰ ਉਨ੍ਹਾਂ ਦੇ ਮੁਕਾਬਲੇ ਅੱਜ ਵਾਲਾ ਇਕੱਠ ਕੁਝ ਫਿੱਕਾ ਰਿਹਾ। ਇਸ ਸਮੇਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਕੁਲਵਿੰਦਰ ਸਿੰਘ ਕਾਲਾ ਸਮੇਤ ਹੋਰ ਆਗੂ ਹਾਜ਼ਰ ਸਨ।

ਮਜ਼ਦੂਰਾਂ ਨੇ ਮੁੱਖ ਮੰਤਰੀ ਨੂੰ ਦਿਖਾਈਆਂ ਕਾਲੀਆਂ ਝੰਡੀਆਂ

ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਮਜ਼ਦੂਰਾਂ ਨੂੰ ਰੋਕਣ ਦਾ ਯਤਨ ਕਰਦੀ ਹੋਈ ਪੁਲੀਸ।

ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਮੁੱਖ ਮੰਤਰੀ ਭਗਵੰਤ ਮਾਨ ਅੱਜ ਬਾਅਦ ਦੁਪਹਿਰ ਜਿਵੇਂ ਹੀ ਜਗਰਾਉਂ ’ਚ ਪਾਰਟੀ ਉਮੀਦਵਾਰ ਦੇ ਹੱਕ ’ਚ ਰੋਡ ਸ਼ੋਅ ਕਰਨ ਪਹੁੰਚੇ ਤਾਂ ਅਚਨਚੇਤ ਇਕ ਪਾਸਿਓਂ ਕਾਲੀਆਂ ਝੰਡੀਆਂ ਲੈ ਕੇ ਮਜ਼ਦੂਰ ਆ ਗਏ। ਉਨ੍ਹਾਂ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਦਾ ਵਿਰੋਧ ਕੀਤਾ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਇਕ ਦਰਜਨ ਤੋਂ ਵਧੇਰੇ ਮਜ਼ਦੂਰ ਰੋਡ ਸ਼ੋਅ ਮੂਹਰੇ ਪਹੁੰਚ ਗਏ। ਕੁਝ ਮਿੰਟਾਂ ਮਗਰੋਂ ਪੁਲੀਸ ਮਜ਼ਦੂਰਾਂ ਨੂੰ ਧੂਹ ਕੇ ਇਕ ਪਾਸੇ ਲੈ ਗਈ। ਜਦੋਂ ਮੁੱਖ ਮੰਤਰੀ ਦਾ ਕਾਫ਼ਲਾ ਲੰਘ ਗਿਆ ਤਾਂ ਕੁਝ ਦੇਰ ਬਾਅਦ ਮਜ਼ਦੂਰਾਂ ਨੂੰ ਵੀ ਜਾਣ ਦਿੱਤਾ ਗਿਆ। ਮਜ਼ਦੂਰਾਂ ਨੂੰ ਰੋਕਣ ਲਈ ਪੁਲੀਸ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ। ਉਨ੍ਹਾਂ ਦੇ ਹੱਥਾਂ ’ਚ ਫੜੀਆਂ ਕਾਲੀਆਂ ਝੰਡੀਆਂ ਖੋਹ ਲਈਆਂ ਮੁੱਖ ਮੰਤਰੀ ਵਿਰੁੱਧ ਲਿਖੇ ਨਾਅਰੇ ਵਾਲੇ ਪੋਸਟਰ ਵੀ ਪਾੜ ਦਿੱਤੇ। ਮਜ਼ਦੂਰ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਪੇਂਡੂ ਤੇ ਖੇਤ ਮਜ਼ਦੂਰਾਂ ਨੂੰ ਕਈ ਵਾਰ ਸਮਾਂ ਦੇ ਕੇ ਮੀਟਿੰਗ ਤੋਂ ਮੁਨਕਰ ਹੋ ਚੁੱਕੇ ਹਨ ਅਤੇ ਸਰਕਾਰ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਹੈ। ਜ਼ਿਲ੍ਹਾ ਪ੍ਰਧਾਨ ਰਸੂਲਪੁਰ, ਸੁਖਦੇਵ ਮਾਣੂੰਕੇ, ਸੋਨੀ ਸਿੱਧਵਾਂ ਨੇ ਕਿਹਾ ਕਿ ਪਿਛਲੇ ਦਿਨੀਂ ਨੇੜਲੇ ਪਿੰਡ ਸਿੱਧਵਾਂ ਕਲਾਂ ’ਚ ਵੀ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਘੇਰ ਕੇ ਸਵਾਲ ਕੀਤੇ ਗਏ ਸਨ ਜਿਨ੍ਹਾਂ ਦਾ ਉਹ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ ਸਨ। ਉਨ੍ਹਾਂ ਪੰਚਾਇਤੀ ਜ਼ਮੀਨ ’ਚ ਹਿੱਸੇਦਾਰੀ, ਨੀਲੇ ਕਾਰਡ ਕੱਟਣ, ਬਿਜਲੀ ਬਿੱਲ ਭੇਜਣ, ਪਲਾਟ ਨਾ ਦੇਣ ਸਮੇਤ ਹੋਰ ਮੰਗਾਂ ਲਈ ਇਹ ਵਿਰੋਧ ਪ੍ਰਦਰਸ਼ਨ ਕੀਤਾ।

‘ਦੋ ਸਾਲਾਂ ’ਚ ਕੀਤੇ ਵਿਕਾਸ ਕੰਮਾਂ ਦੇ ਆਧਾਰ ’ਤੇ ਮੰਗ ਰਹੇ ਹਾਂ ਵੋਟਾਂ’

ਸ਼ਾਹਕੋਟ ’ਚ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਇਕੱਠ ਨੂੰ ਸੰਬੋਧਨ ਕਰਦੇ ਹੋਏ।

ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ‘ਆਪ’ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂ ਦੇ ਹੱਕ ਵਿਚ ਇੱਥੇ ਕੀਤੇ ਰੋਡ ਸ਼ੋਅ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸੂਬੇ ਵਿਚ 2 ਸਾਲਾਂ ਵਿਚ ਕੀਤੇ ਵਿਕਾਸ ਕੰਮਾਂ ਦੇ ਆਧਾਰ ’ਤੇ ਹੀ ਉਹ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ 2022 ਵਿਚ ਜਿਸ ਤਰ੍ਹਾਂ ਪੰਜਾਬੀਆਂ ਨੇ ਕਾਂਗਰਸ ਅਤੇ ਅਕਾਲੀ ਦਲ ਦੇ ਵੱਡੇ-ਵੱਡੇ ਆਗੂਆਂ ਨੂੰ ਹਰਾ ਦਿੱਤਾ ਸੀ, ਬਿਲਕੁਲ ਉਸੇ ਤਰਜ਼ ’ਤੇ ਇਸ ਵਾਰ ਸੂਬੇ ਵਿਚ ‘ਆਪ’ ਸਾਰੀਆਂ 13 ਸੀਟਾਂ ’ਤੇ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ 10 ਸਾਲ ਰਾਜ ਕਰਨ ਵਾਲੀ ਕੇਂਦਰ ਦੀ ਮੋਦੀ ਸਰਕਾਰ ਆਪਣੀ ਕਾਰਗੁਜ਼ਾਰੀ ਦੀ ਥਾਂ ’ਤੇ ਧਰਮ ਦੇ ਆਧਾਰ ’ਤੇ ਵੋਟਾਂ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ 10 ਸਾਲਾਂ ਵਿਚ ਵਿਕਾਸ ਕਰਨ ਦੀ ਬਜਾਏ ਸਾਰਾ ਸਮਾਂ ਦੇਸ਼ ਵਿਚ ਨਫ਼ਰਤ ਫੈਲਾਉਣ ਉਪਰ ਲਗਾ ਦਿੱਤਾ। ‘ਅਬ ਕੀ ਬਾਰ 400 ਪਾਰ’ ਦਾ ਨਾਅਰਾ ਲਗਾਉਣ ਵਾਲੀ ਭਾਜਪਾ ਨੂੰ ਹੁਣ ਆਪਣਾ ਬੇੜਾ ਪਾਰ ਹੋਣ ਦੀ ਚਿੰਤਾ ਸਤਾਉਣ ਲੱਗ ਪਈ ਹੈ। ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਦੇ ਪੰਜਾਬ, ਹਰਿਆਣਾ ਅਤੇ ਦਿੱਲੀ ਵਿਚੋਂ ਲਗਭਗ 25 ਤੋਂ 30 ਲੋਕ ਸਭਾ ਮੈਂਬਰ ਜਿੱਤ ਰਹੇ ਹਨ। ਰਾਜ ਸਭਾ ਦੇ 10 ਮੈਂਬਰਾਂ ਨੂੰ ਮਿਲਾ ਕੇ ਜਦੋਂ 30-40 ਸੰਸਦ ਮੈਂਬਰ ‘ਆਪ’ ਦੇ ਹੋਣਗੇ ਤਾਂ ਫਿਰ ਲੋਕ ਮੁੱਦਿਆਂ ਦੀ ਸੰਸਦ ਵਿਚ ਗੂੰਜ ਪਵੇਗੀ। ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂ ਨੇ ਕਿਹਾ ਕਿ ਇਹ ਚੋਣਾਂ ਨਵਾਂ ਇਤਿਹਾਸ ਸਿਰਜਣਗੀਆਂ ਜੋ ਸੰਵਿਧਾਨ ਬਦਲਣ ਅਤੇ ਸੰਵਿਧਾਨ ਬਚਾਉਣ ਵਾਲੀਆਂ ਦੋ ਧਿਰਾਂ ਦਰਮਿਆਨ ਲੜੀਆਂ ਜਾ ਰਹੀਆਂ ਹਨ। ਇਸ ਮੌਕੇ ਮੁੱਖ ਮੰਤਰੀ ਨੇ ਮਰਹੂਮ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਰੋਡ ਸ਼ੋਅ ਮੌਕੇ ਕੈਬਨਿਟ ਮੰਤਰੀ ਬਲਕਾਰ ਸਿੰਘ, ਵਿਧਾਇਕ ਇੰਦਰਜੀਤ ਕੌਰ ਮਾਨ, ਸ਼ਾਹਕੋਟ ਦੇ ਹਲਕਾ ਇੰਚਾਰਜ ਪਿੰਦਰ ਪੰਡੋਰੀ, ਮਾਰਕਿਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ ਅਤੇ ਸ਼ਾਹਕੋਟ ਦੇ ਚੇਅਰਮੈਨ ਬਲਬੀਰ ਸਿੰਘ ਢੰਡੋਵਾਲ ਤੋਂ ਇਲਾਵਾ ਕਈ ਆਗੂ ਹਾਜ਼ਰ ਸਨ। ਰੋਡ ਸ਼ੋਅ ਕਾਰਨ ਆਮ ਲੋਕ ਬੇਹੱਦ ਖੱਜਲ-ਖੁਆਰ ਹੋਏ। ਜਿਸ ਸਥਾਨ ਤੋਂ ਰੋਡ ਸ਼ੋਅ ਸ਼ੁਰੂ ਕੀਤਾ ਜਾਣਾ ਸੀ, ਉਸ ਸਥਾਨ ਨੂੰ ਜਾਣ ਵਾਲਾ ਰਸਤਾ ਪੁਲੀਸ ਨੇ ਸਵੇਰ ਤੋਂ ਹੀ ਬੰਦ ਕਰ ਦਿੱਤਾ ਸੀ। ਰੇਹੜੀਆਂ ਵਾਲਿਆਂ ਨੂੰ ਹਟਾ ਦਿੱਤਾ ਗਿਆ ਸੀ। ਤਹਿਸੀਲ ਕੰਪਲੈਕਸ ਕੋਲੋਂ ਵਾਹਨਾਂ ਦਾ ਕਸਬੇ ਅੰਦਰ ਦਾਖ਼ਲਾ ਬੰਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

Advertisement
Author Image

joginder kumar

View all posts

Advertisement
Advertisement
×