ਸਿੰਗਾਪੁਰ ਤੇ ਬਰੂਨੇਈ ਦੀ ਯਾਤਰਾ ਤੋਂ ਪਰਤੇ ਮੋਦੀ
ਨਵੀਂ ਦਿੱਲੀ, 6 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੰਗਾਪੁਰ ਤੇ ਬਰੂਨੇਈ ਦੀ ਆਪਣੀ ਤਿੰਨ ਦਿਨਾਂ ਯਾਤਰਾ ਮਗਰੋਂ ਦਿੱਲੀ ਪਰਤ ਆਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ’ਤੇ ਆਪਣੀ ਸਿੰਗਾਪੁਰ ਫੇਰੀ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ, ‘‘ਮੇਰੀ ਸਿੰਗਾਪੁਰ ਫੇਰੀ ਬਹੁਤ ਵਧੀਆ ਰਹੀ। ਇਸ ਨਾਲ ਨਿਸ਼ਚਿਤ ਤੌਰ ’ਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਸਾਡੇ ਦੇਸ਼ਾਂ ਦੇ ਲੋਕਾਂ ਨੂੰ ਲਾਭ ਮਿਲੇਗਾ। ਮੈਂ ਸਿੰਗਾਪੁਰ ਦੀ ਸਰਕਾਰ ਤੇ ਲੋਕਾਂ ਵੱਲੋਂ ਮਿਲੇ ਪਿਆਰ ਲਈ ਉਨ੍ਹਾਂ ਦਾ ਧੰਨਵਾਦੀ ਹਾਂ।’’ ਦੇਸ਼ ਪਰਤਣ ਮਗਰੋਂ ਪ੍ਰਧਾਨ ਮੰਤਰੀ ਨੇ ਅਧਿਆਪਕ ਦਿਵਸ ਮੌਕੇ ਨੈਸ਼ਨਲ ਟੀਚਰਜ਼ ਐਵਾਰਡ ਨਾਲ ਸਨਮਾਨਿਤ ਅਧਿਆਪਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੋਦੀ ਨੇ ਉਨ੍ਹਾਂ ਨਾਲ ਨਵੀਂ ਸਿੱਖਿਆ ਨੀਤੀ (ਐੱਨਈਪੀ) ਦੇ ਪ੍ਰਭਾਵ ਬਾਰੇ ਚਰਚਾ ਕੀਤੀ ਅਤੇ ਅੱਜ ਦੇ ਨੌਜਵਾਨਾਂ ਨੂੰ ‘ਵਿਕਸਿਤ ਭਾਰਤ’ ਲਈ ਤਿਆਰ ਕਰਨ ਵਿੱਚ ਅਧਿਆਪਕਾਂ ਦੀ ਜ਼ਿੰਮੇਵਾਰੀ ਬਾਰੇ ਗੱਲਬਾਤ ਕੀਤੀ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਦੇ ਸੂਰਤ ਵਿੱਚ ‘ਜਲ ਸੰਚੈ ਜਨ ਭਾਗੀਦਾਰੀ’ ਪਹਿਲਕਦਮੀ ਦੀ ਸ਼ੁਰੂਆਤ ਵੀ ਕੀਤੀ ਗਈ। ਪ੍ਰਧਾਨ ਮੰਤਰੀ ਨੇ ਪਾਣੀ ਬਚਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਕੋਲ ਦੁਨੀਆਂ ਦੇ ਕੁਲ ਤਾਜ਼ੇ ਪਾਣੀ ਦਾ ਸਿਰਫ਼ ਚਾਰ ਫੀਸਦੀ ਹੈ। ਉਨ੍ਹਾਂ ਜਲ-ਸਿੰਜਾਈ ਲਈ ਪਾਣੀ ਦੀ ਦੁਰਵਰਤੋਂ ਰੋਕਣ, ਇਸ ਦੀ ਮੁੜ ਵਰਤੋਂ ਤੇ ਰੀਚਾਰਜ ਕਰਨ ਦੇ ਨਾਲ-ਨਾਲ ਇਸ ਦੇ ਰੀਸਾਈਕਲਿੰਗ ਦੇ ਮੰਤਰ ਨੂੰ ਅਪਣਾਉਣ ਦਾ ਸੱਦਾ ਦਿੱਤਾ। -ਏਜੰਸੀਆਂ