ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਢਾਹ ਲਾ ਰਹੇ ਨੇ ਮੋਦੀ: ਪ੍ਰਿਯੰਕਾ
ਵਾਇਨਾਡ, 6 ਨਵੰਬਰ
ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਤੋਂ ਯੂਡੀਐੱਫ ਗੱਠਜੋੜ ਦੀ ਉਮੀਦਵਾਰ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਇੱਥੇ ਦੋਸ਼ ਲਾਇਆ ਕਿ ਭਾਜਪਾ ਅਤੇ ਉਸ ਦੇ ਨੇਤਾ ਨਰਿੰਦਰ ਮੋਦੀ ਸੰਵਿਧਾਨ ਦੇ ਸਮਾਨਤਾ, ਨਿਆਂ ਅਤੇ ਧਰਮ-ਨਿਰਪੱਖਤਾ ਦੀਆਂ ਕਦਰਾਂ-ਕੀਮਤਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਪਿਛਲੇ 10 ਸਾਲ ਦੇ ਸ਼ਾਸਨ ਵਿੱਚ ਦੇਸ਼ ਵਿੱਚ ਵੰਡਣ ਦੀ ਸਿਆਸਤ ਦੇਖਣ ਨੂੰ ਮਿਲੀ ਹੈ, ਜਿੱਥੇ ਸੱਤਾਧਾਰੀ ਧਿਰ ਨੇ ਸੱਤਾ ਵਿੱਚ ਬਣੇ ਰਹਿਣ ਲਈ ਲੋਕਾਂ ਦਾ ਧਿਆਨ ਉਨ੍ਹਾਂ ਦੀਆਂ ਅਸਲ ਸਮੱਸਿਆਵਾਂ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ।
ਮਲਪਪੁਰਮ ਜ਼ਿਲ੍ਹੇ ਦੇ ਵਾਨਦੂਰ ਵਿਧਾਨ ਸਭਾ ਹਲਕੇ ਵਿੱਚ ਚੇਰੂਕੋਡੇ ’ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਜਦੋਂ ਅਜਿਹੇ ਲੋਕ ਸਿਆਸਤ ਵਿੱਚ ਸ਼ਕਤੀਸ਼ਾਲੀ ਹੋ ਜਾਂਦੇ ਹਨ ਤਾਂ ਲੋਕਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ’ਚ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ’ਤੇ ਧਿਆਨ ਨਹੀਂ ਰਹਿੰਦਾ। ਇਸ ਮਗਰੋਂ ਵਾਨਦੂਰ ਵਿਧਾਨ ਸਭਾ ਹਲਕੇ ਦੇ ਥੂਵੂਰ ਅਤੇ ਕਾਲਿਕਾਵੂ ਕਸਬੇ ਵਿੱਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਦੋਸ਼ ਲਾਇਆ ਕਿ ਮੋਦੀ ਅਜਿਹੇ ਨੇਤਾ ਹਨ, ਜੋ ਉਨ੍ਹਾਂ ਨੂੰ ਚੁਣਨ ਵਾਲੇ ਲੋਕਾਂ ਨੂੰ ਅਣਦੇਖਿਆ ਕਰਦੇ ਹਨ। ਉਨ੍ਹਾਂ ਕਿਹਾ, ‘‘ਉਹ ਅਜਿਹੇ ਨੇਤਾ ਹਨ, ਜੋ ਭਾਈਚਾਰਿਆਂ ਅਤੇ ਲੋਕਾਂ ਵਿਚਕਾਰ ਬੇਯਕੀਨੀ ਅਤੇ ਡਰ ਫੈਲਾਉਂਦੇ ਹਨ ਤਾਂ ਕਿ ਉਹ ਲੋਕਾਂ ਵਿੱਚ ਵੰਡੀਆਂ ਪਾ ਕੇ ਲੰਬੇ ਸਮੇਂ ਤੱਕ ਸੱਤਾ ’ਚ ਰਹਿ ਸਕਣ। ਉਹ ਲੋਕਾਂ ਦੀਆਂ ਲੋੜਾਂ ਨੂੰ ਨਜ਼ਰਅੰਦਾਜ਼ ਕਰਦੇ ਹਨ। ਉਨ੍ਹਾਂ ਦਾ ਇਕਲੌਤਾ ਉਦੇਸ਼ ਕਿਸੇ ਵੀ ਤਰ੍ਹਾਂ ਸੱਤਾ ਵਿੱਚ ਬਣੇ ਰਹਿਣਾ ਹੈ।’’ ਕਾਂਗਰਸ ਨੇਤਾ ਨੇ ਦੋਸ਼ ਲਾਇਆ ਕਿ ਭਾਜਪਾ ਦੇ ਰਾਜ ਵਿੱਚ ਕਿਸਾਨ ਜਾਂ ਮੱਧਵਰਗੀ ਤੇ ਛੋਟੇ ਉਦਯੋਗਾਂ ਲਈ ਕੋਈ ਸਹਾਇਤਾ ਪ੍ਰਣਾਲੀ ਨਹੀਂ ਹੈ। -ਪੀਟੀਆਈ