ਬੇਰੁਜ਼ਗਾਰੀ ਲਈ ਮੋਦੀ ਕੋਲ ਕੋਈ ਨਜ਼ਰੀਆ ਨਹੀਂ: ਕਾਂਗਰਸ
ਨਵੀਂ ਦਿੱਲੀ, 22 ਅਗਸਤ
ਕਾਂਗਰਸ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਦੇਸ਼ ਇੱਕ ‘ਬੇਮਿਸਾਲ ਬੇਰੁਜ਼ਗਾਰੀ ਸੰਕਟ’ ਨਾਲ ਜੂਝ ਰਿਹਾ ਹੈ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ‘ਕੋਈ ਦ੍ਰਿਸ਼ਟੀਕੋਣ’ ਨਹੀਂ ਹੈ। ਕਾਂਗਰਸ ਦੇ ਜਨਰਲ ਸਕੱਤਰ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਐਕਸ ’ਤੇ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਬੈਂਕ ਆਫ ਬੜੌਦਾ ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਗਿਆ ਹੈ ਕਿ ਵਿੱਤੀ ਸਾਲ 2023-24 ਵਿੱਚ ਕਾਰਪੋਰੇਟ ਖੇਤਰ ਵਿੱਚ ਰੁਜ਼ਗਾਰ ਦਾ ਵਾਧਾ ਪਿਛਲੇ ਸਾਲ ਦੇ ਮੁਕਾਬਲੇ 5.7 ਫ਼ੀਸਦੀ ਤੋਂ 1.5 ਫੀਸਦੀ ’ਤੇ ਆ ਗਿਆ ਹੈ। ਜੈਰਾਮ ਰਮੇਸ਼ ਨੇ ਹਿੰਦੀ ਵਿੱਚ ਪਾਈ ਪੋਸਟ ’ਚ ਕਿਹਾ, ‘‘ਇਹ ਆਰਥਿਕ ਮੋਰਚੇ ’ਤੇ ਇਸ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦੀ ਇੱਕ ਹੋਰ ਰਿਪੋਰਟ ਹੈ। ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਦਾਅਵਾ ਕੀਤਾ, ‘‘ਪ੍ਰਧਾਨ ਮੰਤਰੀ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਅਤੇ ਹਰ ਸਾਲ ਅੱਠ ਕਰੋੜ ਨੌਕਰੀਆਂ ਪੈਦਾ ਕਰਨ ਦੇ ਖੋਖਲੇ ਦਾਅਵੇ ਕਰਦੇ ਹਨ ਪਰ ਅਸਲੀਅਤ ਇਹ ਹੈ ਕਿ ਦੇਸ਼ ਬੇਰੁਜ਼ਗਾਰੀ ਦੇ ਬੇਮਿਸਾਲ ਸੰਕਟ ਨਾਲ ਜੂਝ ਰਿਹਾ ਹੈ।’’ -ਪੀਟੀਆਈ