ਮੋਦੀ ਸਰਕਾਰ ਨੇ ਨਿੱਜੀਕਰਨ ਜ਼ਰੀਏ ਰਾਖਵੇਂਕਰਨ ਨੂੰ ਕਮਜ਼ੋਰ ਕੀਤਾ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਇੱਥੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਨਿੱਜੀਕਰਨ ਜ਼ਰੀਏ ਰਾਖਵੇਂਕਰਨ ਨੂੰ ‘ਕਮਜ਼ੋਰ’ ਕੀਤਾ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਭਾਜਪਾ ਵੱਲੋਂ ‘ਪ੍ਰਧਾਨ ਮੰਤਰੀ ਦੇ ਕੁੱਝ ਮਿੱਤਰਾਂ’ ਨੂੰ ਰਾਸ਼ਟਰ ਦੀ ਜਾਇਦਾਦ ‘ਬਿਨਾਂ ਸੋਚੇ-ਸਮਝੇ’ ਸੌਂਪੇ ਜਾਣਾ ਦਰਸਾਉਂਦਾ ਹੈ ਕਿ ਉਨ੍ਹਾਂ (ਮੋਦੀ) ਲਈ ਪੂੰਜੀਪਤੀਆਂ ਦੇ ਹਿੱਤ ਹਮੇਸ਼ਾ ਲੋਕਾਂ ਦੀ ਭਲਾਈ ਤੋਂ ਉੱਪਰ ਰਹਿਣਗੇ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਠੇਕਾਕਰਨ ਦਲਿਤ, ਆਦਿਵਾਸੀ ਅਤੇ ਓਬੀਸੀ ਪਰਿਵਾਰਾਂ ਨੂੰ ਰਾਖਵਾਂਕਰਨ ਤੋਂ ਵਾਂਝੇ ਕਰਨ ਦਾ ਇੱਕ ਤਰੀਕਾ ਹੈ।’’ ਰਮੇਸ਼ ਨੇ ਕਿਹਾ, ‘‘ਮੋਦੀ ਸਰਕਾਰ ਨੇ ਨਿੱਜੀਕਰਨ ਜ਼ਰੀਏ ਰਾਖਵਾਂਕਰਨ ਨੂੰ ਕਮਜ਼ੋਰ ਕਰ ਦਿੱਤਾ ਹੈ। ਇਹ ਹੈ ਤੱਥ: ਪ੍ਰਧਾਨ ਮੰਤਰੀ ਮੋਦੀ ਦੇ ‘ਅਨਿਆਏ ਕਾਲ’ ਵਿੱਚ 2.7 ਲੱਖ ਕੇਂਦਰੀ ਪੀਐੱਸਯੂ ਕਰਮਚਾਰੀਆਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ, ਠੇਕਾ ਕਰਮੀਆਂ ਦੀ ਹਿੱਸੇਦਾਰੀ 2013 ਦੇ 19 ਫ਼ੀਸਦੀ ਤੋਂ ਵਧ ਕੇ 2022 ਵਿੱਚ 42 ਫ਼ੀਸਦੀ ਹੋ ਗਈ ਹੈ।’’ ਉਨ੍ਹਾਂ ਦੋਸ਼ ਲਾਇਆ, ‘‘ਭਾਜਪਾ ਵੱਲੋਂ ਬਿਨਾਂ ਸੋਚੇ-ਸਮਝੇ ਦੇਸ਼ ਦੀਆਂ ਸੰਪਤੀਆਂ ਨੂੰ ਪ੍ਰਧਾਨ ਮੰਤਰੀ ਦੇ ‘ਕੁੱਝ ਦੋਸਤਾਂ’ ਨੂੰ ਮਾਮੂਲੀ ਕੀਮਤਾਂ ’ਤੇ ਸੌਂਪਣਾ ਅਤੇ ਵੱਡੇ ਪੈਮਾਨੇ ’ਤੇ ਨੌਕਰੀਆਂ ਦੀ ਹਾਨੀ ਤੋਂ ਪ੍ਰਧਾਨ ਮੰਤਰੀ ਦੀ ਕਾਰਜਸ਼ੈਲੀ ਜ਼ਾਹਿਰ ਹੋ ਗਈ ਹੈ। ਪੂੰਜੀਪਤੀ ਹਿੱਤ ਹਮੇਸ਼ਾ ਲੋਕਾਂ ਦੀ ਭਲਾਈ ’ਤੇ ਹਾਵੀ ਰਹਿਣਗੇ।’’ -ਪੀਟੀਆਈ