For the best experience, open
https://m.punjabitribuneonline.com
on your mobile browser.
Advertisement

ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਸ਼ੱਕੀ ਜੈਸ਼ ਦਹਿਸ਼ਤਗਰਦ ਹਲਾਕ

07:22 AM Jun 27, 2024 IST
ਜੰਮੂ ਕਸ਼ਮੀਰ  ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਸ਼ੱਕੀ ਜੈਸ਼ ਦਹਿਸ਼ਤਗਰਦ ਹਲਾਕ
ਪਠਾਨਕੋਟ ਦੇ ਸਰਹੱਦੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਸੁਰੱਖਿਆ ਦਸਤੇ।
Advertisement

ਭੱਦਰਵਾਹ/ਜੰਮੂ, 26 ਜੂਨ
ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਅਧੀਨ ਪੈਂਦੇ ਜੰਗਲੀ ਖੇਤਰ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਤਿੰਨ ਦਹਿਸ਼ਤਗਰਦ ਮਾਰੇ ਗਏ ਜਿਨ੍ਹਾਂ ਦੇ ਪਾਕਿਸਤਾਨ ਅਧਾਰਿਤ ਦਹਿਸ਼ਤੀ ਗੁੱਟ ਜੈਸ਼-ਏ-ਮੁਹੰਮਦ ਨਾਲ ਜੁੜੇ ਹੋਣ ਦਾ ਖ਼ਦਸ਼ਾ ਹੈ। ਪੁਲੀਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਪਹਾੜੀ ਜ਼ਿਲ੍ਹੇ ’ਚ 11 ਤੇ 12 ਜੂਨ ਨੂੰ ਹੋਏ ਦੋ ਦਹਿਸ਼ਤੀ ਹਮਲਿਆਂ ਮਗਰੋਂ ਪੁਲੀਸ, ਫੌਜ ਅਤੇ ਸੀਆਰਪੀਐੱਫ ਨੇ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਵਿੱਢੀ ਹੋਈ ਸੀ, ਜਿਸ ਦੌਰਾਨ ਸਵੇਰੇ ਲਗਪਗ 9.50 ਵਜੇ ਗੰਡੋਹ ਇਲਾਕੇ ਦੇ ਪਿੰਡ ਬਜਾਦ ਵਿੱਚ ਗੋਲੀਬਾਰੀ ਸ਼ੁਰੂ ਹੋ ਗਈ। ਉਨ੍ਹਾਂ ਦੱਸਿਆ ਕਿ ਮੁਕਾਬਲੇ ਦੌਰਾਨ ਪੁਲੀਸ ਦਾ ਇੱਕ ਜਵਾਨ ਵੀ ਜ਼ਖਮੀ ਹੋਇਆ ਹੈ।
ਦੱਸਣਯੋਗ ਹੈ ਕਿ 11 ਜੂਨ ਨੂੰ ਚਤਰਗੱਲਾ ’ਚ ਇੱਕ ਸਾਂਝੇ ਨਾਕੇ ’ਤੇ ਦਹਿਸ਼ਤੀ ਹਮਲੇ ’ਚ ਛੇ ਸੁਰੱਖਿਆ ਜਵਾਨ ਜ਼ਖਮੀ ਹੋ ਗਏ ਸਨ ਜਦਕਿ ਇਸ ਤੋਂ ਅਗਲੇ ਦਿਨ ਗੰਡੋਹ ਇਲਾਕੇ ’ਚ ਦਹਿਸ਼ਤਗਰਦਾਂ ਨਾਲ ਮੁਕਾਬਲੇ ’ਚ ਇਕ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਿਆ ਸੀ। ਦੋਵਾਂ ਹਮਲਿਆਂ ਮਗਰੋਂ ਸੁਰੱਖਿਆ ਬਲਾਂ ਨੇ ਅਤਿਵਾਦ ਵਿਰੋਧੀ ਮੁਹਿੰਮ ਵਿੱਢੀ ਹੋਈ ਹੈ ਅਤੇ ਚਾਰ ਪਾਕਿਸਤਾਨੀ ਦਹਿਸ਼ਤਗਰਦਾਂ ਜਿਨ੍ਹਾਂ ਦੇ ਜ਼ਿਲ੍ਹੇ ’ਚ ਸਰਗਰਮ ਹੋਣ ਦੀਆਂ ਰਿਪੋਰਟਾਂ ਹਨ, ਦੇ ਸਿਰ ’ਤੇ 5-5 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਦੀ ਮਦਦ ਨਾਲ ਪੁਲੀਸ ਨੇ ਸਿਨੂ ਪੰਚਾਇਤ ਦੇ ਇੱਕ ਪਿੰਡ ’ਚ ਤਲਾਸ਼ੀ ਮੁਹਿੰਮ ਚਲਾਈ ਸੀ ਜਿਸ ਦੌਰਾਨ ਇੱਕ ਕੱਚੇ ਘਰ ’ਚ ਲੁਕੇ ਦਹਿਸ਼ਤਗਰਦਾਂ ਨੇ ਗੋਲੀਬਾਰੀ ਸ਼ੁਰੂੁ ਕਰ ਦਿੱਤੀ ਅਤੇ ਸੁਰੱਖਿਆ ਬਲਾਂ ਵੱਲੋਂ ਕੀਤੀ ਜਵਾਬੀ ਕਾਰਵਾਈ ’ਚ ਤਿੰਨ ਦਹਿਸ਼ਤਗਰਦ ਮਾਰੇ ਗਏ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਭਾਰੀ ਮਾਤਰਾ ’ਚ ਹਥਿਆਰ ਤੇ ਗੋਲੀਸਿੱਕਾ ਬਰਾਮਦ ਹੋਇਆ ਹੈ, ਜਿਸ ਵਿੱਚ ਦੋ ਐੱਮ4 ਕਾਰਬਾਈਨਾਂ ਅਤੇ ਏਕੇ-ਸੀਰੀਜ਼ ਦੀ ਇੱਕ ਰਾਈਫਲ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਮਾਰੇ ਗਏ ਦਹਿਸ਼ਤਗਰਦਾਂ ਦੀ ਹਾਲੇ ਪਛਾਣ ਨਹੀਂ ਹੋ ਸਕੀ ਅਤੇ ਨਾ ਹੀ ਇਹ ਪਤਾ ਲੱਗ ਸਕਿਆ ਹੈ ਉਹ ਕਿਸ ਗੁੱਟ ਨਾਲ ਸਬੰਧਤ ਸਨ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਮੁੱਢਲੀ ਜਾਂਚ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਹਾਲ ਹੀ ’ਚ ਸਰਹੱਦ ਪਾਰੋਂ ਘੁਸਪੈਠ ਕਰਨ ਵਾਲੇ ਦਹਿਸ਼ਤਗਰਦ ਜੈਸ਼-ਏ-ਮੁਹੰਮਦ ਦੇ ਮੈਂਬਰ ਹਨ ਅਤੇ ਪਾਕਿਸਤਾਨ ਤੋਂ ਆਏ ਹਨ। ਅਧਿਕਾਰੀਆਂ ਮੁਤਾਬਕ ਮੁਕਾਬਲਾ ਸ਼ਾਮ ਲਗਪਗ 4 ਵਜੇ ਖਤਮ ਹੋ ਗਿਆ ਪਰ ਇਹ ਯਕੀਨੀ ਬਣਾਉਣ ਲਈ ਤਲਾਸ਼ੀ ਮੁਹਿੰਮ ਹਾਲੇ ਵੀ ਜਾਰੀ ਹੈ ਕਿ ਇਲਾਕੇ ’ਚ ਕੋਈ ਦਹਿਸ਼ਤਗਰਦ ਮੌਜੂਦ ਤਾਂ ਨਹੀਂ। ਅਧਿਕਾਰੀਆਂ ਮੁਤਾਬਕ ਇਹਤਿਆਤ ਵਜੋਂ ਗੰਡੋਹ ਤੇ ਨਾਲ ਲੱਗਦੇ ਇਲਾਕਿਆਂ ’ਚ ਇੰਟਰਨੈੱਟ ਮੋਬਾਈਲ ਸੇਵਾਵਾਂ ਮੁਅੱਤਲ ਕੀਤੀਆਂ ਗਈਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਰਾਜੌਰੀ ਜ਼ਿਲ੍ਹੇ ਦੇ ਇਲਾਕੇ ਚਿੰਗੁਸ ਅਧੀਨ ਪੈਂਦੇ ਪਿੰਡ ‘ਪਿੰਡ’ ਵਿੱਚੋਂ ਇੱਕ ਚੀਨੀ ਹੱਥਗੋਲਾ ਵੀ ਬਰਾਮਦ ਹੋਇਆ। ਇਸੇ ਦੌਰਾਨ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਇੱਕ ਫੌਜੀ ਕੈਂਪ ’ਚ ਅਚਾਨਕ ਇੱਕ ਹੱਥਗੋਲਾ ਫਟਣ ਕਾਰਨ ਇੱਕ ਜਵਾਨ ਗੰਭੀਰ ਜ਼ਖਮੀ ਹੋ ਗਿਆ। -ਪੀਟੀਆਈ

Advertisement

ਦੋ ਮਸ਼ਕੂਕ ਨਜ਼ਰ ਆਉਣ ਮਗਰੋਂ ਪਠਾਨਕੋਟ ਤੇ ਗੁਰਦਾਸਪੁਰ ’ਚ ਰੈੱਡ ਅਲਰਟ

ਪਠਾਨਕੋਟ (ਐੱਨ.ਪੀ. ਧਵਨ): ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦੇ ਬਲਾਕ ਬਮਿਆਲ ਦੇ ਪਿੰਡ ਕੋਟ ਭੱਟੀਆਂ ’ਚ ਮੰਗਲਵਾਰ ਰਾਤ ਨੂੰ ਦੋ ਸ਼ੱਕੀ ਹਥਿਆਰਬੰਦ ਵਿਅਕਤੀ ਦੇਖੇ ਜਾਣ ਮਗਰੋਂ ਪੰਜਾਬ ਪੁਲੀਸ, ਸਪੈਸ਼ਲ ਪ੍ਰੋਟੈਕਸ਼ਨ ਫੋਰਸ, ਬੀਐੱਸਐੱਫ ਤੇ ਫੌਜ ਨੇ ਇਲਾਕੇ ’ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਤਲਾਸ਼ੀ ਮੁਹਿੰਮ ’ਚ ਡਰੋਨਾਂ ਦੀ ਮਦਦ ਲੈਣ ਤੋਂ ਇਲਾਵਾ ਹੈਲੀਕਾਪਟਰ ਰਾਹੀਂ ਵੀ ਪਿੰਡ ਕੋਟ ਭੱਟੀਆਂ ਤੇ ਆਲੇ-ਦੁਆਲੇ ਦੇ ਖੇਤਰ ’ਤੇ ਨਜ਼ਰ ਰੱਖੀ ਜਾ ਰਹੀ ਹੈ। ਮਾਮਲਾ ਸੰਵੇਦਨਸ਼ੀਲ ਹੋਣ ਕਰ ਕੇ ਪੁਲੀਸ ਨੇ ਪਠਾਨਕੋਟ ਅਤੇ ਗੁਰਦਾਸਪੁਰ ਖੇਤਰ ਨੂੰ ਰੈੱਡ ਅਲਰਟ ’ਤੇ ਲਿਆਂਦਾ ਹੈ ਅਤੇ ਥਾਂ-ਥਾਂ ਨਾਕੇ ਲਾ ਕੇ ਆਉਣ ਜਾਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਠਾਨਕੋਟ ’ਚ ਵੀ ਫੌਜ ਨੇ ਆਪਣੇ ਮਾਮੂਨ, ਏਅਰਬੇਸ ਅਤੇ ਹੋਰ ਸਬੰਧਤ ਇਲਾਕਿਆਂ ਵਿੱਚ ਕਿਊਆਰਟੀ ਦੀਆਂ ਟੀਮਾਂ ਨੂੰ ਤਾਇਨਾਤ ਕਰ ਦਿੱਤਾ ਹੈ। ਪੁਲੀਸ ਫੋਰਸ ਵੱਲੋਂ ਉਸ ਫਾਰਮ ਹਾਊਸ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ ਜਿਸ ਦੇ ਬਾਹਰ ਸ਼ੱਕੀ ਵਿਅਕਤੀ ਨਜ਼ਰ ਆਏ ਸਨ। ਇਹ ਮੰਨਿਆ ਜਾ ਰਿਹਾ ਹੈ ਕਿ ਕਥਿਤ ਸ਼ੱਕੀ ਹਥਿਆਰਬੰਦ ਦੋਨੋਂ ਵਿਅਕਤੀ ਪਿੰਡ ਕੋਟ ਭੱਟੀਆਂ ਤੋਂ ਜੰਮੂ-ਕਸ਼ਮੀਰ ਖੇਤਰ ਵੱਲ ਨੂੰ ਚਲੇ ਗਏ। ਹਾਲਾਂਕਿ ਅੱਜ ਸ਼ਾਮ ਤੱਕ ਦੋਵਾਂ ਦਾ ਕੋਈ ਥਹੁ-ਪਤਾ ਨਾ ਲੱਗ ਸਕਿਆ। ਜਾਣਕਾਰੀ ਅਨੁਸਾਰ ਮੰਗਲਵਾਰ ਕਰੀਬ 9.30 ਵਜੇ ਦੋ ਸ਼ੱਕੀ ਹਥਿਆਰਬੰਦ ਵਿਅਕਤੀ ਅਮਿਤ ਕੁਮਾਰ ਦੇ ਫਾਰਮ ਹਾਊਸ ਵਿੱਚ ਦਾਖ਼ਲ ਹੋਏ ਅਤੇ ਉਨ੍ਹਾਂ ਉਥੇ ਰਹਿ ਰਹੇ ਬਿਹਾਰੀ ਮਜ਼ਦੂਰ ਮਹੇਸ਼ ਤੋਂ ਖਾਣਾ ਮੰਗਿਆ ਤੇ ਕੁਝ ਸਬਜ਼ੀ ਖਾ ਕੇ ਜਾਣ ਸਮੇਂ ਮਜ਼ਦੂਰ ਨੂੰ ਇਸ ਬਾਰੇ ਪੁਲੀਸ ਨੂੰ ਨਾ ਦੱਸਣ ਦੀ ਧਮਕੀ ਦਿੱਤੀ। ਇਸ ਬਾਰੇ ਰਾਤ ਕਰੀਬ 12 ਵਜੇ ਸੂਚਨਾ ਮਿਲਦੇ ਸਾਰ ਹੀ ਪੁਲੀਸ ਚੌਕਸ ਹੋ ਗਈ ਤੇ ਖੁਫੀਆ ਏਜੰਸੀਆਂ ਵੀ ਪਿੰਡ ਪੁੱਜ ਗਈਆਂ। ਹਾਲੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਉਕਤ ਹਥਿਆਰਬੰਦ ਮਸ਼ਕੂਕ ਸਰਹੱਦ ਤੋਂ ਪਾਰ ਉਝ ਦਰਿਆ ਪਾਰ ਕਰ ਕੇ ਪੰਜਾਬ ਦੇ ਇਲਾਕੇ ’ਚ ਦਾਖਲ ਹੋਏ ਜਾਂ ਜੰਮੂ-ਕਸ਼ਮੀਰ ਖੇਤਰ ’ਚੋਂ ਆਏ ਹਨ।

Advertisement
Author Image

joginder kumar

View all posts

Advertisement
Advertisement
×