ਮੋਦੀ ਸਰਕਾਰ ਨੇ ਕਿਸਾਨਾਂ ਤੇ ਔਰਤਾਂ ਦੇ ਹਿੱਤਾਂ ਲਈ ਕੰਮ ਕੀਤਾ: ਬਿਪਲਬ ਦੇਵ
ਪੱਤਰ ਪ੍ਰੇਰਕ
ਰਤੀਆ, 12 ਜੂਨ
ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਹਰਿਆਣਾ ਪ੍ਰਦੇਸ਼ ਇੰਚਾਰਜ ਬਿਪਲਬ ਕੁਮਾਰ ਦੇਵ ਅੱਜ ਪਿੰਡ ਰਤਾਖੇੜਾ ਵਿੱਚ ਭਾਰਤੀ ਜਨਤਾ ਪਾਰਟੀ ਸੰਯੁਕਤ ਮੋਰਚੇ ਦੇ ਪ੍ਰੋਗਰਾਮ ਵਿੱਚ ਪੁੱਜੇ। ਇਸ ਮੌਕੇ ਭਾਜਪਾ ਸੰਯੁਕਤ ਮੋਰਚਾ ਅਤੇ ਬਲਾਕ ਸਰਪੰਚ ਐਸੋਸੀਏਸ਼ਨ ਦੇ ਮੈਂਬਰਾਂ ਨੇ ਉਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ। ਸ੍ਰੀ ਵਿਪਲਬ ਦੇਵ ਨੇ ਇਸ ਪ੍ਰੋਗਰਾਮ ਵਿੱਚ ਸਰਕਾਰ ਅਤੇ ਸੰਸਥਾ ਦੇ ਪ੍ਰੋਗਰਾਮਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। 2024 ‘ਚ ਦੇਸ਼ ਅਤੇ ਹਰਿਆਣਾ ‘ਚ ਭਾਜਪਾ ਨੂੰ ਜਿਤਾਉਣ ਦਾ ਅਹਿਦ ਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਨੂੰ ਹਰਿਆਣਾ ਦਾ ਇੰਚਾਰਜ ਬਣਾ ਕੇ ਭੇਜਿਆ ਹੈ, ਇਸ ਲਈ ਅਸੀਂ ਵਿਧਾਨ ਸਭਾ ਚੋਣਾਂ ਵਿੱਚ ਸਿਰਸਾ ਅਤੇ ਫਤਿਹਾਬਾਦ ਤੋਂ ਸਾਰੀਆਂ ਸੀਟਾਂ ਜਿੱਤਣੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਦੇਸ਼ ‘ਚ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦੇ ਮੰਤਰ ‘ਤੇ ਚੱਲਦਿਆਂ ਕੇਂਦਰ ਸਰਕਾਰ ਨੇ ਗਰੀਬਾਂ, ਕਿਸਾਨਾਂ, ਔਰਤਾਂ ਦੇ ਹਿੱਤਾਂ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵਰਕਰ ਵੱਡੀ ਤਾਕਤ ਹਨ।
ਕੇਂਦਰ ਦੀ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 18 ਜੂਨ ਨੂੰ ਸਿਰਸਾ ਜ਼ਿਲ੍ਹੇ ‘ਚ ਹੋਣ ਵਾਲੀ ਵਿਕਾਸ ਰੈਲੀ ‘ਚ ਪਹੁੰਚ ਰਹੇ ਹਨ। ਉਨ੍ਹਾਂ ਨੇ ਵੱਧ ਤੋਂ ਵੱਧ ਗਿਣਤੀ ਵਰਕਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਸਿਰਸਾ ਦੀ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਆਮਦ ਨੂੰ ਲੈ ਕੇ ਭਾਜਪਾ ਵਰਕਰਾਂ ਤੇ ਆਗੂਆਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਰਤੀਆ ਦੇ ਵਿਧਾਇਕ ਲਛਮਣ ਨਾਪਾ ਅਤੇ ਫਤਿਹਾਬਾਦ ਦੇ ਵਿਧਾਇਕ ਦੂੜਾ ਰਾਮ ਨੇ ਪਿੰਡ ਰੱਤਾਖੇੜਾ ਪਹੁੰਚਣ ‘ਤੇ ਹਰਿਆਣਾ ਪ੍ਰਦੇਸ਼ ਇੰਚਾਰਜ ਦਾ ਸਵਾਗਤ ਕੀਤਾ।