ਮੋਦੀ ਨੇ ਸਿਆਸਤ ਦਾ ਸੱਭਿਆਚਾਰ ਬਦਲਿਆ: ਨੱਢਾ
ਪੀਪੀ ਵਰਮਾ
ਪੰਚਕੂਲਾ, 30 ਸਤੰਬਰ
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਅੱਜ ਇੱਥੇ ਕਿਹਾ ਕਿ ਮਹਾਤਮਾ ਗਾਂਧੀ ਤੋਂ ਸ਼ੁਰੂ ਹੋਈ ਕਾਂਗਰਸ ਪਾਰਟੀ ਅੱਜ ਰਾਹੁਲ ਗਾਂਧੀ ਦੀ ਅਗਵਾਈ ਹੇਠ ਅਰਬਨ ਲੈੱਫਟ ਦਾ ਏਜੰਡਾ ਲੈ ਕੇ ਚੱਲ ਰਹੀ ਹੈ। ਭਾਜਪਾ ਦੇ ਕੌਮੀ ਪ੍ਰਧਾਨ ਨੇ ਕਿਹਾ ਕਿ 10 ਸਾਲ ਪਹਿਲਾਂ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ, ਤੁਸ਼ਟੀਕਰਨ ਅਤੇ ਵੋਟ ਬੈਂਕ ਚਰਚਾ ਦੇ ਵਿਸ਼ੇ ਸਨ। ਕਾਂਗਰਸ ਨੇ ਤੁਸ਼ਟੀਕਰਨ ਦੀ ਰਾਜਨੀਤੀ ਨੂੰ ਵਧਾਉਣ ਦਾ ਕੰਮ ਕੀਤਾ। 2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਨੇ ਰਾਜਨੀਤੀ ਦਾ ਸੱਭਿਆਚਾਰ ਬਦਲ ਦਿੱਤਾ ਹੈ ਅਤੇ ਅੱਜ ਵਿਕਾਸ ਦੀ ਰਾਜਨੀਤੀ ਦੀ ਚਰਚਾ ਹੋ ਰਹੀ ਹੈ। ਭਾਜਪਾ ਦੇ ਉਮੀਦਵਾਰ ਆਪਣੇ ਰਿਪੋਰਟ ਕਾਰਡ ਲੋਕਾਂ ਅੱਗੇ ਰੱਖਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਕਦੇ ਵੀ ਕਾਂਗਰਸੀ ਆਗੂਆਂ ਨੂੰ ਆਪਣੇ ਰਿਪੋਰਟ ਕਾਰਡ ਜਨਤਕ ਕਰਦਿਆਂ ਨਹੀਂ ਦੇਖਿਆ ਹੋਵੇਗਾ। ਨੱਢਾ ਨੇ ਕਿਹਾ ਕਿ ਕਾਂਗਰਸ ਦੇ ਚੋਣ ਮਨੋਰਥ ਪੱਤਰ ਦਾ ਨਵਾਂ ਐਡੀਸ਼ਨ ਆ ਗਿਆ ਹੈ। ਚੋਣਾਂ ਤੋਂ ਬਾਅਦ ਚੋਣਾਂ ਹੁੰਦੀਆਂ ਰਹੀਆਂ ਪਰ ਕਦੇ ਵੀ ਕਾਂਗਰਸ ਦੇ ਚੋਣ ਮਨੋਰਥ ਪੱਤਰ ਦਾ ਵਿਸ਼ਾ ਨਹੀਂ ਬਦਲਿਆ।