ਸੰਵਿਧਾਨ ਬਦਲਣ ਦੀ ਗੱਲ ਕਰਨ ਵਾਲਿਆਂ ਨੂੰ ਬਦਲ ਦਿਓ: ਪ੍ਰਿਯੰਕਾ
ਪੱਤਰ ਪ੍ਰੇਰਕ
ਨਰਾਇਣਗੜ੍ਹ, 30 ਸਤੰਬਰ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਅੱਜ ਹਰਿਆਣਾ ਦੀ ਭਾਜਪਾ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੂਬੇ ਦੇ ਲੋਕ ਉਨ੍ਹਾਂ ਨੂੰ ਬਦਲ ਦੇਣ ਜੋ ਸੰਵਿਧਾਨ ਬਦਲਣ ਦੀ ਗੱਲ ਕਰਦੇ ਹਨ ਅਤੇ ਹਰ ਪੱਧਰ ’ਤੇ ਉਨ੍ਹਾਂ ਦਾ ਅਪਮਾਨ ਕਰਦੇ ਹਨ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣੀ ਪਹਿਲੀ ਚੋਣ ਰੈਲੀ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਦੇ ਲੋਕਾਂ ਨੇ ਹਮੇਸ਼ਾ ਦੇਸ਼ ਦੀ ਰੱਖਿਆ ਕੀਤੀ ਹੈ। ਉਨ੍ਹਾਂ ਕਿਹਾ, ‘ਇੱਥੋਂ ਦੇ ਕਿਸਾਨਾਂ, ਫੌਜੀਆਂ ਅਤੇ ਖਿਡਾਰੀਆਂ ਨੇ ਪੂਰੇ ਦੇਸ਼ ਦਾ ਸਨਮਾਨ ਬਰਕਰਾਰ ਰੱਖਿਆ ਹੈ। ਦੇਸ਼ ਦੇ ਹਿੱਤਾਂ ਦਾ ਸਤਿਕਾਰ ਤੇ ਰੱਖਿਆ ਕੀਤੀ ਹੈ। ਭਾਜਪਾ ਪਿਛਲੇ ਦਸ ਸਾਲਾਂ ਤੋਂ ਹਰਿਆਣਾ ਵਿੱਚ ਸੱਤਾ ਵਿੱਚ ਹੈ। ਉਨ੍ਹਾਂ ਨੇ ਇਸ ਸਨਮਾਨ ਦੀ ਰਾਖੀ ਬਦਲੇ ਤੁਹਾਨੂੰ ਕੀ ਦਿੱਤਾ? ਭਾਜਪਾ ਨੇ ਹਰ ਪੱਧਰ ’ਤੇ ਤੁਹਾਡਾ ਅਪਮਾਨ ਕੀਤਾ ਹੈ। ਕਿਸਾਨਾਂ ਨੂੰ ਉਨ੍ਹਾਂ ਦੇ ਅੰਦੋਲਨ ਬਦਲੇ ਲਾਠੀਆਂ ਅਤੇ ਅੱਥਰੂ ਗੈਸ ਦੇ ਗੋਲੇ ਮਿਲੇ ਹਨ।’’
ਉਨ੍ਹਾਂ ਕਿਹਾ, ‘‘ਭਾਜਪਾ ਨੇ ਹਰਿਆਣਾ ਵਿੱਚ ਨੌਜਵਾਨਾਂ ਨੂੰ ਬੇਰੁਜ਼ਗਾਰੀ ਦਿੱਤੀ ਹੈ।’ ਪ੍ਰਿਯੰਕਾ ਗਾਂਧੀ ਨੇ 24 ਫ਼ਸਲਾਂ ’ਤੇ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਦੇਣ ਦੇ ਭਾਜਪਾ ਸਰਕਾਰ ਦੇ ਦਾਅਵੇ ’ਤੇ ਵਿਅੰਗ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ 24 ਵਿੱਚੋਂ ਦਸ ਫ਼ਸਲਾਂ ਇੱਥੇ ਨਹੀਂ ਹੁੰਦੀਆਂ। ਸੰਵਿਧਾਨ ਨੇ ਤੁਹਾਨੂੰ ਸਨਮਾਨ ਦਿੱਤਾ ਹੈ। ਸੰਵਿਧਾਨ ਨੇ ਤੁਹਾਨੂੰ ਅਧਿਕਾਰ ਦਿੱਤਾ ਹੈ। ਤੁਸੀਂ ਉਨ੍ਹਾਂ ਲੋਕਾਂ ਨੂੰ ਬਦਲ ਦੇਵੋ ਜੋ ਸੰਵਿਧਾਨ ਬਦਲਣ ਦੀ ਗੱਲ ਕਰਦੇ ਹਨ।’ ਉਨ੍ਹਾਂ ਦਾਅਵਾ ਕੀਤਾ, ‘ਭਾਜਪਾ (ਸੱਤਾ ਤੋਂ) ਜਾ ਰਹੀ ਹੈ, ਕਾਂਗਰਸ ਆ ਰਹੀ ਹੈ।’ ਹਰਿਆਣਾ ਦੀਆਂ 90 ਵਿਧਾਨ ਸੀਟਾਂ ਲਈ 5 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ ਅਤੇ 8 ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ।