For the best experience, open
https://m.punjabitribuneonline.com
on your mobile browser.
Advertisement

ਪੂਤਿਨ ਨਾਲ ਅਹਿਮ ਦਸਤਾਵੇਜ਼ ’ਤੇ ਦਸਤਖ਼ਤ ਕਰ ਸਕਦੇ ਨੇ ਮੋਦੀ

07:20 AM Jun 26, 2024 IST
ਪੂਤਿਨ ਨਾਲ ਅਹਿਮ ਦਸਤਾਵੇਜ਼ ’ਤੇ ਦਸਤਖ਼ਤ ਕਰ ਸਕਦੇ ਨੇ ਮੋਦੀ
Advertisement

ਜਯੋਤੀ ਮਲਹੋਤਰਾ

ਮਾਸਕੋ ਤੋਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ 8 ਜੁਲਾਈ ਨੂੰ ਆਪਣੇ ਦੌਰੇ ਦੌਰਾਨ ਰੂਸੀ ਰਾਜਧਾਨੀ ਪੁੱਜਣਗੇ ਤਾਂ ਉਹ ਇੱਥੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਇੱਕ ਅਹਿਮ ਦਸਤਾਵੇਜ਼ (ਵਿਜ਼ਨ ਡਾਕੂਮੈਂਟ) ’ਤੇ ਦਸਤਖ਼ਤ ਕਰ ਸਕਦੇ ਹਨ ਜੋ ਆਉਂਦੇ ਦਹਾਕਿਆਂ ਤੱਕ ਭਾਰਤ ਤੇ ਰੂਸ ਲਈ ਰੋਡ ਮੈਪ ਪੇਸ਼ ਕਰੇਗਾ।
ਮਾਸਕੋ ਸਥਿਤ ਰੂਸ ਦੇ ਵਿਦੇਸ਼ ਮੰਤਰਾਲੇ ’ਚ ਆਪਣੇ ਦਫ਼ਤਰ ਵਿੱਚ ‘ਟ੍ਰਿਬਿਊਨ ਪ੍ਰਕਾਸ਼ਨ ਸਮੂਹ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਖਣੀ ਏਸ਼ੀਆ ਲਈ ਰੂਸੀ ਅਧਿਕਾਰੀ ਜ਼ਮੀਰ ਕਾਬੁਲੋਵ ਨੇ ਕਿਹਾ, ‘ਰੂਸ (ਤੁਹਾਡੇ) ਪ੍ਰਧਾਨ ਮੰਤਰੀ ਦੇ ਸਵਾਗਤ ਲਈ ਉਤਸ਼ਾਹਿਤ ਹੈ। ਸਾਡਾ ਮੰਨਣਾ ਹੈ ਕਿ ਦੋਵਾਂ ਆਗੂਆਂ ਵਿਚਾਲੇ ਇਹ ਮੀਟਿੰਗ ਅਹਿਮ ਹੋਵੇਗੀ।’ ਰੂਸ ਦੀ ਵੱਕਾਰੀ ਪਰੀਮਾਕੋਵ ਇੰਸਟੀਚਿਊਟ ਆਫ ਗਲੋਬਲ ਇਕਾਨਮੀ ਐਂਡ ਇੰਟਰਨੈਸ਼ਨਲ ਰਿਲੇਸ਼ਨਜ਼ ਵੱਲੋਂ ਮਾਸਕੋ ’ਚ ਬੁੱਧੀਜੀਵੀਆਂ ਦੇ ਇੱਕ ਸਿਖਰ ਸੰਮੇਲਨ ਕਰਵਾਇਆ ਗਿਆ। ਸਮਾਗਮ ਦੇ ਇੱਕ ਪਾਸੇ ਇਸ ਇੰਸਟੀਚਿਊਟ ਦੇ ਪ੍ਰਧਾਨ ਅਲੈਕਜ਼ੈਂਡਰ ਡਾਇਨਕਿਨ ਨੇ ਕਿਹਾ, ‘ਇਹ ਮਹੱਤਵਪੂਰਨ ਹੈ ਕਿ ਤੀਜੀ ਵਾਰ ਪ੍ਰਧਾਨ ਮੰਤਰੀ ਚੁਣੇ ਜਾਣ ਮਗਰੋਂ ਭਾਰਤ ਦੇ ਪ੍ਰਧਾਨ ਮੰਤਰੀ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਰੂਸ ਨੂੰ ਚੁਣ ਰਹੇ ਹਨ।’
ਯਕੀਨੀ ਤੌਰ ’ਤੇ ਮੋਦੀ ਦੀ ਮਾਸਕੋ ਯਾਤਰਾ ’ਤੇ ਅਮਰੀਕਾ ਦੀ ਨਜ਼ਰ ਰਹੇਗੀ ਜਿਸ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਇੱਕ ਪੰਦਰਵਾੜੇ ਤੋਂ ਵੀ ਘੱਟ ਸਮਾਂ ਪਹਿਲਾਂ ਗੱਲਬਾਤ ਲਈ ਦਿੱਲੀ ਵਿੱਚ ਸਨ ਤਾਂ ਜੋ ਇਹ ਸੰਕੇਤ ਮਿਲ ਸਕੇ ਕਿ ਭਾਰਤ ਦਾ ਰੂਸ ਵੱਲ ਕਿੰਨਾ ਝੁਕਾਅ ਹੈ। ਪਰ ਇੱਥੋਂ ਤੱਕ ਕਿ ਅਮਰੀਕੀ ਵੀ ਜ਼ਮੀਨੀ ਹਕੀਕਤ ਨੂੰ ਸਮਝਦੇ ਹਨ ਜੋ ਇਹ ਹੈ ਕਿ ਯੂਕਰੇਨ ’ਤੇ ਰੂਸੀ ਹਮਲੇ ਅਤੇ ਉਸ ਮਗਰੋਂ ਪੱਛਮ ਵੱਲੋਂ ਰੂਸ ’ਤੇ ਲਾਈਆਂ ਗਈਆਂ ਪਾਬੰਦੀਆਂ ਨੇ ਭਾਰਤ ਨੂੰ ਸਥਿਤੀ ਦਾ ਫਾਇਦਾ ਚੁੱਕਣ ਦੇ ਸਮਰੱਥ ਬਣਾਇਆ ਹੈ।
ਪਿਛਲੇ ਦੋ ਸਾਲਾਂ ਦੌਰਾਨ ਭਾਰਤ ਨੇ ਰੂਸ ਤੋਂ ਇੰਨੀ ਵੱਡੀ ਮਾਤਰਾ ’ਚ ਤੇਲ ਖਰੀਦਿਆ ਕਿ ਇਸ ਦੇ ਸਿੱਟੇ ਵਜੋਂ ਸਾਊਦੀ ਅਰਬ ਦੀ ਥਾਂ ਰੂਸ ਨੇ ਭਾਰਤ ਦੇ ਸਭ ਤੋਂ ਵੱਡੇ ਤੇਲ ਬਰਾਮਦਕਾਰ ਦੀ ਥਾਂ ਲੈ ਲਈ ਹੈ ਤੇ ਨਾਲ ਹੀ ਭਾਰਤ ਵੱਲੋਂ ਇਸ ਸਸਤੇ ਰੂਸੀ ਤੇਲ ਦੀ ਖਰੀਦ ਨਾਲ ਘਰੇਲੂ ਰਿਫਾਇਨਰੀਆਂ ’ਚ ਇਸ ਨੂੰ ਰਿਫਾਈਨ ਕਰਨ ’ਚ ਵੀ ਮਦਦ ਮਿਲੀ ਹੈ। ਲਾਭ ਦਾ ਇੱਕ ਫੀਸਦ ਜੋੜੋ ਅਤੇ ਇਸ ਨੂੰ ਯੂਰਪੀ ਰਿਫਾਇਨਰੀਆਂ ਨੂੰ ਮੁੜ ਤੋਂ ਬਰਾਮਦ ਕਰੋ। ਇਹ ਉਹੀ ਰਿਫਾਇਨਰੀਆਂ ਹਨ ਜਿਨ੍ਹਾਂ ਨੂੰ ਰੂਸ ਤੋਂ ਤੇਲ ਖਰੀਦਣ ਤੋਂ ਰੋਕਿਆ ਗਿਆ ਸੀ ਕਿਉਂਕਿ ਜੇਕਰ ਉਹ ਅਜਿਹਾ ਕਰਦੇ ਤਾਂ ਉਨ੍ਹਾਂ ’ਤੇ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ।
‘ਟ੍ਰਿਬਿਊਨ ਪ੍ਰਕਾਸ਼ਨ ਸਮੂਹ’ ਨਾਲ ਇੰਟਰਵਿਊ ਦੌਰਾਨ ਕਾਬੁਲੋਵ ਜਿਹੜੇ ਕਿ ਅਫ਼ਗਾਨਿਸਤਾਨ ਲਈ ਰੂਸੀ ਰਾਸ਼ਟਰਪਤੀ ਦੇ ਦੂਤ ਵੀ ਹਨ, ਨੇ ਇਸ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ ਕਿ ਰੂਸ ਵੱਲੋਂ ਕਾਬੁਲ ਵਿੱਚ ਤਾਲਿਬਾਨ ਉੱਤੋਂ ‘ਅਤਿਵਾਦੀ ਟੈਗ’ ਹਟਾਉਣ ਬਾਰੇ ਅੰਦੂਰਨੀ ਤੌਰ ’ਤੇ ਚਰਚਾ ਕਿਉਂ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਕਾਬੁਲ ਵਿੱਚ ਰੂਸੀ ਸਫ਼ਾਰਤਖਾਨਾ ਪੂਰੀ ਤਰ੍ਹਾਂ ਖੁੱਲ੍ਹਾ ਹੈ (ਇਹ ਕਦੇ ਬੰਦ ਨਹੀਂ ਹੁੰਦਾ) ਤੇ ਇੱਕ ਸਫ਼ੀਰ ਉੱਥੇ ਲਗਾਤਾਰ ਰਹਿੰਦਾ ਹੈ ਅਤੇ ਉਨ੍ਹਾਂ (ਕਾਬੁਲੋਵ) ਨੇ ਪਿਛਲੇ ਮਹੀਨੇ ਆਪਣੇ ਭਾਰਤ ਦੌਰੇ ਦੌਰਾਨ ਭਾਰਤੀ ਅਧਿਕਾਰੀਆਂ ਨਾਲ ਇਸ ਮਾਮਲੇ ’ਤੇ ਗੱਲਬਾਤ ਵੀ ਕੀਤੀ ਸੀ। ਕਾਬੁਲੋਵ ਨੇ ਆਖਿਆ, ‘‘ਸਾਨੂੰ ਅਫ਼ਗਾਨਿਸਤਾਨ ’ਚ ਜ਼ਮੀਨੀ ਹਕੀਕਤ ਨੂੰ ਪਛਾਣਨ ਦੀ ਲੋੜ ਹੈ, ਮਤਲਬ ਕਿ ਤਾਲਿਬਾਨ ਸੱਤਾ ਵਿੱਚ ਹਨ।’’ ਇਹ ਪੁੱਛੇ ਜਾਣ ਕਿ ਮਨੁੱਖੀ ਅਧਿਕਾਰਾਂ ਬਾਰੇ ਤਾਲਿਬਾਨ ਦੇ ਖਰਾਬ ਰਿਕਾਰਡ ਅਤੇ ਆਪਣੇ ਹੀ ਮੁਲਕ ਦੀਆਂ ਔਰਤਾਂ ਨਾਲ ਬਦਸਲੂਕੀ ਦੇ ਬਾਵਜੂਦ ਕੀ ਰੂਸ ਇਸ ਗੁੱਟ (ਤਾਲਿਬਾਨ) ਨੂੰ ਮਾਨਤਾ ਦੇਵੇਗਾ ਅਤੇ ਆਲਮੀ ਭਾਈਚਾਰੇ ’ਚ ਸ਼ਾਮਲ ਕਰਨ ’ਤੇ ਜ਼ੋਰ ਦੇਵੇਗਾ ਅਤੇ ਕੀ ਇਸ ਲਈ ਸੰਯੁਕਤ ਰਾਸ਼ਟਰ ਆਮ ਸਭਾ ’ਚ ਇੱਕ ਸੀਟ ਸ਼ਾਮਲ ਹੋਵੇਗੀ, ਦੇ ਜਵਾਬ ’ਚ ਕਾਬੁਲੋਵ ਨੇ ਕਿਹਾ, ‘‘ਹਾਂ, ਅਸੀਂ ਅਜਿਹਾ ਸੋਚਦੇ ਹਾਂ। ਅਸੀਂ ਤਾਲਿਬਾਨ ਨੂੰ ਇਹ ਦੱਸਣ ਦਾ ਦਾਅਵਾ ਨਹੀਂ ਕਰ ਸਕਦੇ ਕਿ ਉਨ੍ਹਾਂ ਨੇ ਆਪਣਾ ਮੁਲਕ ਕਿਵੇਂ ਚਲਾਉਣਾ ਹੈ।’’
ਮੋਦੀ ਦੀ ਯਾਤਰਾ ਬਾਰੇ ਕਾਬੁਲੋਵ ਨੇ ਕਿਹਾ ਕਿ ‘ਅਹਿਮ ਦਸਤਾਵੇਜ਼’ ਸਿਰਫ਼ ਹਥਿਆਰਾਂ ਜਾਂ ਸਸਤੇ ਰੂਸੀ ਤੇਲ ਦੀ ਲਗਾਤਾਰ ਖ਼ਰੀਦ ਬਾਰੇ ਨਹੀਂ ਹੈ, ਸਗੋਂ ਇਸ ਤੋਂ ਕੁਝ ਜ਼ਿਆਦਾ ਹੈ। ਉਨ੍ਹਾਂ ਕਿਹਾ, ‘‘ਇਹ ਇਸ ਬਾਰੇ ਹੈ ਕਿ ਦੋਵੇਂ ਦੇਸ਼ ਉਦਯੋਗਿਕ ਤੇ ਵਿਗਿਆਨਕ ਮੋਰਚੇ ’ਤੇ ਕਿਵੇਂ ਇੱਕ-ਦੂਸਰੇ ਦੀ ਮਦਦ ਕਰ ਸਕਦੇ ਹਨ।’’ ਕਾਬੁਲੋਵ ਨੇ ਕਿਹਾ, ‘‘ਪੂਤਿਨ ਦੋਵਾਂ ਦੇਸ਼ਾਂ ਲਈ ਅਹਿਮ ਮੁੱਦਿਆਂ ’ਤੇ ਤੁਹਾਡੇ ਪ੍ਰਧਾਨ ਮੰਤਰੀ ਨਾਲ ਭੂ-ਰਾਜਨੀਤੀ, ਖੇਤਰੀ, ਦੁਵੱਲੇ, ਆਰਥਿਕ ਸਬੰਧ ਅਤੇ ਜੋ ਕੁਝ ਵੀ ਉਹ ਚਰਚਾ ਕਰਨ ਦਾ ਫ਼ੈਸਲਾ ਕਰਦੇ ਹਨ, ਬਾਰੇ ਚਰਚਾ ਕਰਨਗੇ। ਸਾਡੇ ਬਹੁਤ ਕਰੀਬੀ ਰਿਸ਼ਤੇ ਹਨ ਅਤੇ ਉਹ ਇੱਕ-ਦੂਜੇ ਨਾਲ ਖੁੱਲ੍ਹ ਕੇ ਗੱਲ ਕਰਦੇ ਹਨ।’’ ਹਾਲਾਂਕਿ, ਉਨ੍ਹਾਂ ਨੂੰ ਇਹ ਕਹਿਣ ਤੋਂ ਸੰਕੋਚ ਨਹੀਂ ਹੈ ਕਿ ਭਾਰਤ ਦੀ ਅਮਰੀਕਾ ਨਾਲ ਵਧਦੀ ਨੇੜਤਾ ਨੂੰ ਰੂਸ ਸਮਝਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਰੂਸ ਨੂੰ ਇਹ ਵੀ ਉਮੀਦ ਹੈ ਕਿ ਇਹ ਸਭ ਰੂਸ ਨਾਲ ਸਬੰਧਾਂ ਦੀ ਕੀਮਤ ’ਤੇ ਨਹੀਂ ਕੀਤਾ ਜਾਵੇਗਾ।

Advertisement

Advertisement
Advertisement
Author Image

sukhwinder singh

View all posts

Advertisement