ਮੋਦੀ ਵਿਧਾਇਕਾਂ ਨੂੰ ਬੱਕਰੀਆਂ ਵਾਂਗ ਖ਼ਰੀਦ ਕੇ ਹਲਾਲ ਕਰਦੇ ਨੇ: ਖੜਗੇ
* ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਤੋਂ ਵਿਰੋਧੀ ਧਿਰ ਨਹੀਂ ਡਰਦੀ: ਕਾਂਗਰਸ ਪ੍ਰਧਾਨ
ਰਾਂਚੀ, 11 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲੇ ਤੇਜ਼ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਉਨ੍ਹਾਂ ’ਤੇ ਵਿਰੋਧੀ ਧਿਰ ਨੂੰ ਦਬਾਉਣ, ਚੁਣੀਆਂ ਹੋਈਆਂ ਸਰਕਾਰਾਂ ਡੇਗਣ ਅਤੇ ਵਿਧਾਇਕਾਂ ਨੂੰ ‘ਭੇਡਾਂ-ਬੱਕਰੀਆਂ ਤਰ੍ਹਾਂ ਖਰੀਦ ਕੇ ਉਨ੍ਹਾਂ ਨੂੰ ਰਜਾਉਣ ਅਤੇ ਬਾਅਦ ਵਿੱਚ ਹਲਾਲ ਕਰਨ’ ਦਾ ਦੋਸ਼ ਲਾਇਆ।
ਉਨ੍ਹਾਂ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ‘ਅਡਾਨੀ ਤੇ ਅੰਬਾਨੀ’ ਨਾਲ ਮਿਲ ਕੇ ਕੇਂਦਰ ਸਰਕਾਰ ਚਲਾਉਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਦੋਸ਼ ਲਾਇਆ, ‘ਮੋਦੀ ਜੀ ਸਰਕਾਰਾਂ ਡੇਗਣ ’ਚ ਯਕੀਨ ਰੱਖਦੇ ਹਨ। ਉਹ ਵਿਧਾਇਕ ਖਰੀਦਦੇ ਹਨ। ਉਨ੍ਹਾਂ ਦਾ ਕੰਮ ਵਿਧਾਇਕਾਂ ਨੂੰ ਬੱਕਰੀ ਦੀ ਤਰ੍ਹਾਂ ਆਪਣੇ ਕੋਲ ਰੱਖਣਾ, ਖੁਆਉਣਾ ਤੇ ਫਿਰ ਬਾਅਦ ਵਿੱਚ ਕੱਟ ਕੇ ਖਾਣਾ ਹੈ। ਇਹ ਮੋਦੀ ਹਨ।’ ਉਨ੍ਹਾਂ ਕਿਹਾ, ‘ਮੋਦੀ ਤੇ ਸ਼ਾਹ ਨੇ ਈਡੀ, ਸੀਬੀਆਈ ਤੇ ਹੋਰ ਕੇਂਦਰੀ ਏਜੰਸੀਆਂ ਦੀ ਵਿਰੋਧੀ ਧਿਰ ਦੇ ਆਗੂਆਂ ਖ਼ਿਲਾਫ਼ ਦੁਰਵਰਤੋਂ ਕੀਤੀ ਪਰ ਅਸੀਂ ਡਰੇ ਨਹੀਂ। ਅਸੀਂ ਆਜ਼ਾਦੀ ਲਈ ਸੰਘਰਸ਼ ਲੜਿਆ ਤੇ ਜਾਨਾਂ ਕੁਰਬਾਨ ਕੀਤੀਆਂ ਹਨ।’
ਉਨ੍ਹਾਂ ਕਿਹਾ, ‘ਚਾਰ ਜਣੇ ਮੋਦੀ, ਸ਼ਾਹ, ਅਡਾਨੀ ਤੇ ਅੰਬਾਨੀ ਦੇਸ਼ ਚਲਾ ਰਹੇ ਹਨ, ਜਦਕਿ ਰਾਹੁਲ ਗਾਂਧੀ ਤੇ ਮੈਂ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।’ ਉਨ੍ਹਾਂ ਪ੍ਰਧਾਨ ਮੰਤਰੀ ’ਤੇ ਤਨਜ਼ ਕਸਦਿਆਂ ਕਿਹਾ ‘ਮੋਦੀ ਮੰਨਦੇ ਹਨ ਕਿ ਉਹ ਜੈਵਿਕ ਨਹੀਂ ਹਨ।’ ਉਨ੍ਹਾਂ ਦੋਸ਼ ਲਾਇਆ, ‘ਉਹ (ਮੋਦੀ) ਝੂਠ ਬੋਲਣ ਦੇ ਆਦੀ ਹਨ ਜੋ ਕਦੀ ਆਪਣੇ ਵਾਅਦੇ ਪੂਰੇ ਨਹੀਂ ਕਰਦੇ। ਕੀ ਗੁਜਰਾਤ ’ਚ ਕਦੀ ਸੁਨਹਿਰੀ ਸਮਾਂ ਆਇਆ?’ ਉਨ੍ਹਾਂ ਕਿਹਾ, ‘ਅਸੀਂ ਮੋਦੀ ਦਾ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਵਜੋਂ 25 ਸਾਲ ਦਾ ਕਾਰਜਕਾਲ ਦੇਖਿਆ ਹੈ। ਉਹ ਉਨ੍ਹਾਂ ਦੀ ਹਮਾਇਤ ਕਰਦੇ ਹਨ ਜੋ ਪੱਛੜੇ ਲੋਕਾਂ ਤੇ ਮਹਿਲਾਵਾਂ ਦਾ ਸ਼ੋਸ਼ਣ ਕਰਦੇ ਹਨ। ਪ੍ਰਧਾਨ ਮੰਤਰੀ ਮੋਦੀ ਮਨੀਪੁਰ ਜਾਣ ਤੋਂ ਡਰਦੇ ਹਨ। ਮੈਂ ਉਨ੍ਹਾਂ ਨੂੰ ਉੱਥੇ ਜਾਣ ਦੀ ਚੁਣੌਤੀ ਦਿੰਦਾ ਹਾਂ।’ -ਪੀਟੀਆਈ
‘ਯੋਗੀ ਦੀ ਭਾਸ਼ਾ ਅਤਿਵਾਦੀਆਂ ਵਾਲੀ’
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਨਿਸ਼ਾਨੇ ’ਤੇ ਲੈਂਦਿਆਂ ਖੜਗੇ ਨੇ ਕਿਹਾ, ‘ਇੱਕ ਸੱਚਾ ਯੋਗੀ ‘ਬਟੇਂਗੇ ਤੋਂ ਕਟੇਂਗੇ’ ਜਿਹੀ ਭਾਸ਼ਾ ਦੀ ਵਰਤੋਂ ਨਹੀਂ ਕਰ ਸਕਦਾ। ਅਜਿਹੀ ਭਾਸ਼ਾ ਅਤਿਵਾਦੀ ਵਰਤਦੇ ਹਨ। ਯੋਗੀ ਇੱਕ ਮੱਠ ਦੇ ਮੁਖੀ ਹਨ, ਭਗਵਾ ਬਾਣਾ ਪਹਿਨਦੇ ਹਨ, ਪਰ ਉਹ ‘ਮੂੰਹ ’ਚ ਰਾਮ, ਬਗਲ ’ਚ ਛੁਰੀ’ ਵਿੱਚ ਯਕੀਨ ਰੱਖਦੇ ਹਨ।’