ਮਨੀਪੁਰ ਸੰਕਟ ਦੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਗਏ ਮੋਦੀ: ਕਾਂਗਰਸ
ਨਵੀਂ ਦਿੱਲੀ, 15 ਅਪਰੈਲ
ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਮਨੀਪੁਰ ਵਿੱਚ ‘ਭਾਜਪਾ ਵੱਲੋਂ ਪੈਦਾ ਕੀਤੇ ਸੰਕਟ’ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉੱਤਰ-ਪੂਰਬ ਦੇ ਇਸ ਸੂਬੇ ਵਿੱਚ ਕਾਨੂੰਨ ਵਿਵਸਥਾ ਠੱਪ ਹੋਣ ਦੇ ਬਾਵਜੂਦ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੂੰ ਬਰਖਾਸਤ ਕਿਉਂ ਨਹੀਂ ਕੀਤਾ ਗਿਆ? ਕਾਂਗਰਸ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ, ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਨੀਪੁਰ ਦੌਰੇ ’ਤੇ ਹਨ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਮਨੀਪੁਰ ਦੇ ਮੁੱਖ ਮੰਤਰੀ ਨੂੰ ਬਚਾਅ ਕਿਉਂ ਰਹੇ ਹਨ? ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਉਮੀਦਵਾਰਾਂ ਦੇ ਸਮਰਥਨ ਵਿੱਚ ਅੱਜ ਮਨੀਪੁਰ ਵਿੱਚ ਚੋਣ-ਪ੍ਰਚਾਰ ਕੀਤਾ।
ਜੈਰਾਮ ਰਮੇਸ਼ ਨੇ ‘ਐਕਸ’ ’ਤੇ ਕਿਹਾ, ‘‘ਪ੍ਰਧਾਨ ਮੰਤਰੀ ਨੇ ਮਨੀਪੁਰ ਵਿੱਚ ਭਾਜਪਾ ਵੱਲੋਂ ਪੈਦਾ ਕੀਤੇ ਸੰਕਟ ਸਬੰਧੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਲਿਆ ਹੈ। ਹਾਲਾਂਕਿ, ਉਨ੍ਹਾਂ ਦੇ ਗ੍ਰਹਿ ਮੰਤਰੀ ਨੂੰ ਅੱਜ ਸੂਬੇ ਵਿੱਚ ਪ੍ਰਚਾਰ ਕਰਨ ਦਾ ਸਮਾਂ ਮਿਲ ਗਿਆ। ਸਾਨੂੰ ਉਮੀਦ ਹੈ ਕਿ ਉਹ ਪ੍ਰਧਾਨ ਮੰਤਰੀ ਵੱਲੋਂ ਕੁੱਝ ਸਵਾਲਾਂ ਦੇ ਜਵਾਬ ਦੇਣ ਦੀ ਪਹਿਲ ਕਰਨਗੇ।’’
ਉਨ੍ਹਾਂ ਕਿਹਾ, ‘‘ਮਨੀਪੁਰ ਵਿੱਚ 3 ਮਈ 2023 ਨੂੰ ਵੱਡੇ ਪੱਧਰ ’ਤੇ ਹਿੰਸਾ ਫੈਲਣ ਮਗਰੋਂ ਪ੍ਰਧਾਨ ਮੰਤਰੀ ਨੇ ਇੱਕ ਵਾਰ ਵੀ ਸੂਬੇ ਦਾ ਦੌਰਾ ਨਹੀਂ ਕੀਤਾ। ਉਨ੍ਹਾਂ ਨੇ ਸੂਬੇ ਦੇ ਵਿਧਾਇਕਾਂ ਜਾਂ ਕਿਸੇ ਹੋਰ ਸਿਆਸੀ ਨੁਮਾਇੰਦਿਆਂ ਨੂੰ ਨਾ ਤਾਂ ਮਿਲਣ ਦਾ ਸਮਾਂ ਦਿੱਤਾ ਅਤੇ ਨਾ ਉਨ੍ਹਾਂ ਨੂੰ ਫੋਨ ਕੀਤਾ। ਇਸ ਦੌਰਾਨ ਰਾਹੁਲ ਗਾਂਧੀ ਨੇ ਸਥਿਤੀ ਨੂੰ ਸਮਝਣ ਤੇ ਮਨੀਪੁਰ ਦੇ ਲੋਕਾਂ ਨਾਲ ਇਕਜੁਟਤਾ ਜ਼ਾਹਿਰ ਕਰਨ ਲਈ ਦੋ ਵਾਰ ਸੂਬੇ ਦਾ ਦੌਰਾ ਕੀਤਾ।’’ -ਪੀਟੀਆਈ
ਮਨੀਪੁਰ ਵਿੱਚ ਸ਼ਾਂਤੀ ਸਥਾਪਤ ਕਰਨਾ ਕੇਂਦਰ ਦੀ ਤਰਜੀਹ: ਸ਼ਾਹ
ਕੁੱਕੀ ਜਥੇਬੰਦੀਆਂ ਵੱਲੋਂ ਚੋਣਾਂ ਦੇ ਬਾਈਕਾਟ ਦਾ ਐਲਾਨ
ਚੂਰਾਚਾਂਦਪੁਰ (ਮਨੀਪੁਰ): ਕੁੱਕੀ-ਜ਼ੋ ਭਾਈਚਾਰੇ ਦੀਆਂ ਕੁਝ ਜਥੇਬੰਦੀਆਂ ਨੇ ਹਿੰਸਾ ਪ੍ਰਭਾਵਿਤ ਸੂਬੇ ਵਿਚ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਮਗਰੋਂ ਐਲਾਨ ਕੀਤਾ ਕਿ ਉਹ ‘ਇਨਸਾਫ਼ ਨਹੀਂ ਤਾਂ ਵੋਟ ਨਹੀਂ’ ਦਾ ਸੱਦਾ ਦਿੰਦਿਆਂ ਅਗਾਮੀ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨਗੇ। ਇੰਫਾਲ ਪੂਰਬੀ ਜ਼ਿਲ੍ਹੇ ਵਿੱਚ ਸ਼ਨਿੱਚਰਵਾਰ ਨੂੰ ਦੋ ਹਥਿਆਰਬੰਦ ਗਰੁੱਪਾਂ ਦਰਮਿਆਨ ਹੋਈ ਗੋਲੀਬਾਰੀ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਸ਼ੁੱਕਰਵਾਰ ਨੂੰ ਤੈਂਗਨੋਪਾਲ ਜ਼ਿਲ੍ਹੇ ਵਿੱਚ ਹਥਿਆਰਬੰਦ ਗ੍ਰਾਮੀਣ ਵਾਲੰਟੀਅਰਾਂ ਅਤੇ ਅਣਪਛਾਤੇ ਵਿਅਕਤੀਆਂ ਵਿਚਾਲੇ ਗੋਲੀਬਾਰੀ ਦੌਰਾਨ ਤਿੰਨ ਜਣੇ ਜ਼ਖ਼ਮੀ ਹੋ ਗਏ। ਕੁੱਕੀ ਭਾਈਚਾਰੇ ਦੇ ਲੋਕਾਂ ਨੇ ਐਲਾਨ ਕੀਤਾ ਕਿ ਉਹ ਬਾਈਕਾਟ ਵਜੋਂ ਸੰਸਦੀ ਚੋਣਾਂ ਵਿੱਚ ਕੋਈ ਉਮੀਦਵਾਰ ਨਹੀਂ ਉਤਾਰ ਰਹੇ। -ਪੀਟੀਆਈ