ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਜੋਕਾ ਮਨੁੱਖ ਅਤੇ ਕੁਦਰਤ

09:20 AM Dec 02, 2023 IST

ਕਮਲਜੀਤ ਕੌਰ ਗੁੰਮਟੀ

Advertisement

ਕੁਦਰਤੀ ਵਾਤਾਵਰਨ ਸੰਸਾਰ ਦੇ ਸਭ ਜੀਵ ਜੰਤੂਆਂ ਦਾ ਪਾਲਣ ਪੋਸ਼ਣ ਕਰਦਾ ਹੈ। ਕੁਦਰਤ ਸਾਡੀ ਮਾਂ ਹੈ, ਇਹ ਏਨੀ ਦਿਆਲੂ ਹੈ ਕਿ ਮਨੁੱਖ ਉਸ ਨਾਲ ਜੋ ਵੀ ਵਧੀਕੀਆਂ ਕਰਦਾ ਹੈ ਉਸ ਨੂੰ ਆਪਣੇ ਸੀਨੇ ’ਤੇ ਬਰਦਾਸ਼ਤ ਕਰਦੀ ਹੈ। ਅਜੋਕੇ ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕਰਕੇ ਵਿਨਾਸ਼ਕਾਰੀ ਸ਼ਕਤੀਆਂ ਵਿੱਚ ਬੇਹੱਦ ਵਾਧਾ ਕੀਤਾ ਹੈ। ਅਨੇਕਾਂ ਆਫ਼ਤਾਂ ਆਪਣੇ ਹੱਥੀ ਸਿਰਜ ਲਈਆਂ ਹਨ। ਇਹ ਆਫ਼ਤਾਂ ਮਨੁੱਖ ਦੀ ਘਟੀਆ ਸੋਚ ਦਾ ਨਤੀਜਾ ਹਨ। ਅਜੋਕਾ ਮਨੁੱਖ ਵੱਧ ਤੋਂ ਵੱਧ ਭੌਤਿਕਵਾਦੀ ਬਣ ਗਿਆ ਹੈ। ਤਰੱਕੀ ਦੀਆਂ ਅਣਗਿਣਤ ਪੌੜੀਆਂ ਨੂੰ ਪਾਰ ਕਰਦੇ ਹੋਏ ਵਾਤਾਵਰਨ ਦਾ ਘਾਣ ਕਰ ਰਿਹਾ ਹੈ। ਸਾਰੀ ਮਨੁੱਖ ਜਾਤੀ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ ਕਿ ਪਰਮਾਣੂ ਯੁੱਧ ਆਤਮਘਾਤੀ ਸਿੱਧ ਹੁੰਦੇ ਹਨ। ਹਵਾ ਅਤੇ ਸਮੁੰਦਰਾਂ ਨੂੰ ਵੀ ਪ੍ਰਦੂਸ਼ਿਤ ਕਰਦੇ ਹਨ। ਥੋੜ੍ਹੇ ਸਮੇਂ ਦੇ ਹਿੱਤਾਂ ਲਈ ਮਨੁੱਖ ਫੇਰ ਵੀ ਇਹੋ ਜਿਹੇ ਯੁੱਧ ਕਰਦੇ ਹਨ ਜਿਨ੍ਹਾਂ ਦਾ ਸੰਤਾਪ ਆਉਣ ਵਾਲੀਆਂ ਪੀੜ੍ਹੀਆਂ ਵੀ ਭੁਗਤਦੀਆਂ ਹਨ।
ਅਜੋਕੇ ਮਨੁੱਖ ਨੇ ਪਹਾੜ ਅਤੇ ਰੁੱਖ ਕੱਟ ਕੇ ਆਪਣੀ ਸੁੱਖ ਸੁਵਿਧਾ ਲਈ ਸੜਕਾਂ ਅਤੇ ਹੋਟਲ ਬਣਾ ਲਏ ਹਨ। ਝੀਲਾਂ, ਦਰਿਆਵਾਂ, ਟੋਭੇ ਅਤੇ ਸਮੁੰਦਰਾਂ ਦਾ ਪਾਣੀ ਗੰਧਲਾ ਕਰ ਦਿੱਤਾ ਹੈ। ਊਰਜਾ ਦਾ ਵਧੇਰੇ ਪ੍ਰਯੋਗ, ਉਦਯੋਗੀਕਰਨ, ਸ਼ਹਿਰੀਕਰਨ, ਮਸ਼ੀਨੀਕਰਨ, ਉਪਗ੍ਰਹਿ, ਪਰਮਾਣੂ, ਕੀਟਨਾਸ਼ਕ ਦਵਾਈਆਂ ਦੀ ਵਰਤੋਂ, ਸ਼ੋਰ ਸ਼ਰਾਬਾ, ਪਲਾਸਟਿਕ ਦੀ ਵਰਤੋਂ, ਤਾਪ, ਧੂੰਆਂ ,ਰਸਾਇਣਿਕ ਪਦਾਰਥ ਅਤੇ ਪੈਟਰੋਲੀਅਮ ਸਾਰੇ ਹੀ ਕੁਦਰਤੀ ਹਵਾ ਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੇ ਹਨ। ਪ੍ਰਦੂਸ਼ਿਤ ਵਾਤਾਵਰਨ ਵਿੱਚ ਬਿਮਾਰੀਆਂ ਪੈਦਾ ਹੁੰਦੀਆਂ ਹਨ। ਸ਼ੁੱਧ ਹਵਾ, ਸਾਫ਼ ਪਾਣੀ ਤੇ ਸਾਫ਼ ਵਾਤਾਵਰਨ ਹੀ ਸਾਨੂੰ ਬਿਮਾਰੀਆਂ ਤੋਂ ਬਚਾ ਸਕਦਾ ਹੈ। ਉਦਯੋਗਿਕ ਕ੍ਰਾਂਤੀ ਤੋਂ ਬਾਅਦ ਡੂੰਘੀ ਖੇਤੀ ਸਦਕਾ ਕੀਟਨਾਸ਼ਕ ਦਵਾਈਆਂ ਅਤੇ ਰਸਾਇਣਿਕ ਤੱਤਾਂ ਦੀ ਵਰਤੋਂ ਨੇ ਖੇਤੀਬਾੜੀ ਕਿੱਤੇ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇੱਕ ਸਿਹਤਮੰਦ ਸਮਾਜ ਦੀ ਰਚਨਾ ਲਈ ਸਿਰਫ਼ ਪਦਾਰਥਕ ਤਰੱਕੀ ਹੀ ਕਾਫ਼ੀ ਨਹੀਂ, ਸਮਾਜ ਦੀ ਨਿਰੋਈ ਸਿਹਤ ਵੀ ਜ਼ਰੂਰੀ ਹੈ। ਸਾਧਨ ਮਨੁੱਖ ਨੂੰ ਕੁਦਰਤ ਦੀ ਬਹੁਤ ਵੱਡੀ ਦੇਣ ਹਨ। ਮਨੁੱਖ ਆਪਣੀ ਤਰੱਕੀ ਲਈ ਇਨ੍ਹਾਂ ਸਾਧਨਾਂ ਨੂੰ ਲਗਾਤਾਰ ਵਰਤਦਾ ਹੋਇਆ ਖ਼ਤਮ ਕਰ ਰਿਹਾ ਹੈ। ਕਈ ਸਾਧਨ ਅਜਿਹੇ ਹਨ ਜਿਹੜੇ ਇੱਕ ਵਾਰ ਖ਼ਤਮ ਹੋਣ ਤੋਂ ਬਾਅਦ ਦੁਬਾਰਾ ਮਿਲਣੇ ਮੁਸ਼ਕਿਲ ਹਨ। ਕੋਲਾ, ਪੈਟਰੋਲੀਅਮ ਨੂੰ ਸੰਭਾਲਣ ਦੀ ਬਹੁਤ ਜ਼ਰੂਰਤ ਹੈ। ਇਨ੍ਹਾਂ ਸਾਧਨਾਂ ਦੀ ਵਰਤੋਂ ਲਈ ਨਿਯਮ ਅਤੇ ਗਿਆਨ ਦੀ ਜ਼ਰੂਰਤ ਹੈ। ਸਾਧਨਾਂ ਦੀ ਜ਼ਰੂਰਤ ਅਨੁਸਾਰ ਵਰਤੋਂ ਹੀ ਇਨ੍ਹਾਂ ਦੀ ਸੰਭਾਲ ਹੈ।
ਕੁਦਰਤ ਮਨੁੱਖ ਦਾ ਅਨਿੱਖੜਵਾਂ ਹਿੱਸਾ ਹੈ। ਪੁਰਾਤਨ ਸਮੇਂ ਵਿੱਚ ਰਿਸ਼ੀ ਮੁਨੀ ਅਤੇ ਆਮ ਲੋਕ ਕੁਦਰਤ ਦੀ ਗੋਦ ਵਿੱਚ ਬੈਠਦੇ ਸਨ। ਉਨ੍ਹਾਂ ਦੀ ਸਿਹਤ ਵੀ ਨਰੋਈ ਹੁੰਦੀ ਸੀ। ਅੱਜਕੱਲ੍ਹ ਰੁੱਖਾਂ ਹੇਠਲੀ ਖੁੱਲ੍ਹੀ ਥਾਂ ਦੀ ਜਗ੍ਹਾ ਬੰਦ ਕਮਰਿਆਂ ਨੇ ਲੈ ਲਈ ਹੈ। ਕਮਰੇ ਵੀ ਅਜਿਹੇ ਹਨ ਜਿਨ੍ਹਾਂ ਵਿੱਚ ਹਵਾ ਅਤੇ ਧੁੱਪ ਦੀ ਆਮਦ ਬਿਲਕੁਲ ਵੀ ਨਹੀਂ ਹੁੰਦੀ। ਗਰਮੀਆਂ ਵਿੱਚ ਏ.ਸੀ. ਅਤੇ ਸਰਦੀਆਂ ਵਿੱਚ ਹੀਟਰ ਬਿਨਾਂ ਗੁਜ਼ਾਰਾ ਨਹੀਂ। ਅਜੋਕਾ ਮਨੁੱਖ ਕੁਦਰਤ ਦੇ ਬੱਚੇ ਜਾਨਵਰਾਂ ਅਤੇ ਰੁੱਖ ਬੂਟਿਆਂ ਨਾਲ ਪਿਛਲੇ ਕਈ ਸਾਲਾਂ ਤੋਂ ਖਿਲਵਾੜ ਕਰ ਰਿਹਾ ਹੈ। ਕੁਦਰਤ ਦੇ ਇਨ੍ਹਾਂ ਰੁੱਖ ਬੂਟਿਆਂ ਵਿੱਚ ਵੀ ਸੰਵੇਦਨਾ ਹੈ। ਖੁਰਾਕ, ਹਵਾ, ਮੀਂਹ ਸਭ ਕੁੱਝ ਇਨ੍ਹਾਂ ਰੁੱਖ ਬੂਟਿਆਂ ਦੀ ਹੀ ਦੇਣ ਹਨ। ਮਨੁੱਖ ਕਾਰਬਨ ਡਾਈਆਕਸਾਈਡ ਗੈਸ ਛੱਡਦਾ ਹੈ। ਇਸ ਗੈਸ ਦੇ ਵਾਧੇ ਨੇ ਵਾਤਾਵਰਨ ਵਿੱਚ ਵਧੇਰੇ ਤਬਾਹੀ ਮਚਾਈ ਹੈ। ਇਹ ਇੱਕ ਜ਼ਹਿਰੀਲੀ ਗੈਸ ਹੈ। ਪੌਦੇ ਮਨੁੱਖ ਤੋਂ ਲਈ ਹੋਈ ਇਸ ਜ਼ਹਿਰੀਲੀ ਗੈਸ ਨੂੰ ਲੈਂਦੇ ਹਨ ਅਤੇ ਵਾਪਸੀ ਦੇ ਰੂਪ ਵਿੱਚ ਸ਼ੁੱਧ ਆਕਸੀਜਨ ਮਨੁੱਖ ਤੱਕ ਪਹੁੰਚਦੀ ਕਰਦੇ ਹਨ। ਰੁੱਖ ਬੂਟੇ ਹੀ ਵਾਤਾਵਰਨ ਵਿੱਚੋਂ ਇਸ ਗੈਸ ਦੀ ਮਾਤਰਾ ਨੂੰ ਘਟਾ ਸਕਦੇ ਹਨ। ਕੁਦਰਤ ਦੇ ਬੇਜ਼ੁਬਾਨ ਬੱਚੇ ਰੁੱਖ ਬੂਟੇ ਇਨਸਾਨੀ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ, ਪਰ ਬੁੱਧੀਮਾਨ ਮਨੁੱਖ ਇਨ੍ਹਾਂ ਨੂੰ ਰੌਂਦ ਦਿੰਦੇ ਹਨ। ਜਿਹੜਾ ਵਿਅਕਤੀ ਇਨ੍ਹਾਂ ਨੂੰ ਪਿਆਰ ਨਾਲ ਪਾਲਦਾ ਹੈ, ਉੱਥੇ ਇਨ੍ਹਾਂ ਦਾ ਵਾਧਾ ਵਧੇਰੇ ਦੇਖਣ ਵਿੱਚ ਮਿਲਦਾ ਹੈ। ਮਨੁੱਖੀ ਭਾਵਨਾਵਾਂ ਦੀ ਇੱਕ ਉਦਾਹਰਨ ਹੈ ਕਿ ਜਪਾਨ ਦੇ ਲੋਕ ਬੜੇ ਕੋਮਲ ਦਿਲ ਵਾਲੇ ਹਨ। ਉਨ੍ਹਾਂ ਦੇ ਬਾਗ਼ ਅੱਗੇ ਲਿਖਿਆ ਹੁੰਦਾ ਹੈ, ‘ਫੁੱਲ ਤੁਹਾਨੂੰ ਜੀ ਆਇਆਂ ਆਖਦੇ ਹਨ।’ ਉੱਧਰ ਅਫ਼ਗਾਨਿਸਤਾਨ ਦੇ ਬੱਚਿਆਂ ਦੇ ਹੱਥਾਂ ਵਿੱਚ ਵੀ ਪਿਸਤੌਲ ਅਤੇ ਬਾਰੂਦ ਹੈ। ਉਨ੍ਹਾਂ ਨੇ ਕੈਕਟਸ ਦੀ ਵਾੜ ਕਰਕੇ ਲਿਖਿਆ ਹੈ ‘ਇੱਥੇ ਫੁੱਲ ਉਗਾਉਣਾ ਮਨ੍ਹਾ ਹੈ।’ ਕੁਦਰਤ ਨੂੰ ਕੋਹਝ ਪਸੰਦ ਨਹੀਂ, ਫਿਰ ਵੀ ਮਨੁੱਖ ਨੇ ਹਵਾ ਨੂੰ ਪੂਰੀ ਤਰ੍ਹਾਂ ਪਲੀਤ ਕਰ ਦਿੱਤਾ ਹੈ। ਪਲੀਤ ਹਵਾ ਭਾਰੀ ਹੋ ਕੇ ਕੀਟਾਣੂ ਮਨੁੱਖ ਦੇ ਅੰਦਰ ਤੱਕ ਪਹੁੰਚਦੇ ਕਰਦੀ ਹੈ। ਪਰਾਲੀ ਅਤੇ ਦੀਵਾਲੀ ਦੇ ਧੂੰਏ ਨੇ ਨਿਰਮਲ ਅਤੇ ਪਵਿੱਤਰ ਆਕਾਸ਼ ਨੂੰ ਕਾਲੇ ਧੂੰਏ ਨਾਲ ਭਰ ਦਿੱਤਾ ਸੀ। ਆਮ ਮਨੁੱਖ ਦਾ ਸਾਹ ਲੈਣਾ ਮੁਸ਼ਕਿਲ ਹੋ ਗਿਆ ਸੀ। ਅਨੇਕਾਂ ਪੰਛੀ ਅੱਗ ਦੇ ਸੇਕ ਨਾਲ ਮਾਰੇ ਜਾਂਦੇ ਹਨ। ਸ਼ਹਿਰਾਂ ਵਿੱਚ ਬਲਬਾਂ ਦੀ ਤੇਜ਼ ਰੌਸ਼ਨੀ ਕਰਕੇ ਤਾਰਾਂ ’ਤੇ ਊਂਘਦੇ ਪੰਛੀ ਹੇਠਾਂ ਡਿੱਗ ਕੇ ਮਰ ਜਾਂਦੇ ਹਨ ਕਿਉਂਕਿ ਮਨੁੱਖ ਨੇ ਉਨ੍ਹਾਂ ਦੇ ਕੁਦਰਤੀ ਟਿਕਾਣਿਆਂ ਨੂੰ ਖਤਮ ਕਰ ਦਿੱਤਾ ਹੈ। ਅਨੇਕਾਂ ਪਸ਼ੂ ਪੰਛੀਆਂ ਦੀਆਂ ਨਸਲਾਂ ਲੁਪਤ ਹੋ ਚੁੱਕੀਆਂ ਹਨ। ਕਦੇ ਕਦੇ ਲੱਗਦਾ ਹੈ ਕਿ ਅਜੋਕਾ ਮਨੁੱਖ ਅੱਗੇ ਵਧਣ ਦੀ ਦੌੜ ਵਿੱਚ ਮਨੁੱਖੀ ਨਸਲ ਨੂੰ ਹੀ ਲੁਪਤ ਨਾ ਕਰ ਦੇਵੇ। ਅਜੋਕੇ ਮਨੁੱਖ ਨੂੰ ਸਾਦਗੀ ਵੱਲ ਮੁੜਨਾ ਪਵੇਗਾ। ਟੈਗੋਰ ਸੰਤ ਅਤੇ ਕਵੀ ਹੋਏ। ਉਨ੍ਹਾਂ ਨੇ ਸ਼ਾਂਤੀ ਨਿਕੇਤਨ ਦੀ ਸਥਾਪਨਾ ਇਸੇ ਕਰਕੇ ਹੀ ਕੀਤੀ ਸੀ ਤਾਂ ਕਿ ਖੁੱਲ੍ਹੇ ਵਾਤਾਵਰਨ ਵਿੱਚ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਸਕੇ ਤੇ ਉਨ੍ਹਾਂ ਦਾ ਸਰੀਰਿਕ ਵਿਕਾਸ ਚੰਗੀ ਤਰ੍ਹਾਂ ਹੋਵੇ। ਅੱਜ ਦੇ ਦੌਰ ਵਿੱਚ ਸਕੂਲਾਂ ਵਿੱਚ ਵੀ ਬੰਦ ਕਮਰਿਆਂ ਵਿੱਚ ਹੀ ਬੱਚਿਆਂ ਨੂੰ ਸਿੱਖਿਆ ਗ੍ਰਹਿਣ ਕਰਵਾਈ ਜਾਂਦੀ ਹੈ। ਅਜੋਕਾ ਮਨੁੱਖ ਮਸ਼ੀਨ ਬਣ ਚੁੱਕਿਆ ਹੈ। ਭਾਵਨਾਵਾਂ ਖਤਮ ਹੋ ਚੁੱਕੀਆਂ ਹਨ। ਲਾਲਚ ਕਰਕੇ ਕੁਦਰਤੀ ਨਜ਼ਾਰਿਆਂ ਤੋਂ ਦੂਰ ਹੋ ਰਿਹਾ ਹੈ। ਵਿਗਿਆਨ ਅਤੇ ਤਕਨਾਲੋਜੀ ਨਾਲ ਆਪਣੇ ਗਿਆਨ ਵਿੱਚ ਬੇਹੱਦ ਵਾਧਾ ਕਰ ਲਿਆ ਹੈ, ਪਰ ਕੁਦਰਤ ਪ੍ਰਤੀ ਅੱਜ ਵੀ ਮਨੁੱਖ ਦਾ ਗਿਆਨ ਸੀਮਿਤ ਹੈ।

ਸੰਪਰਕ: 98769-26873

Advertisement

Advertisement