ਮੌਡਰੇਟ ਸੁਸਾਇਟੀਆਂ ਵੱਲੋਂ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਸੰਸਥਾ ਦਾ ਗਠਨ
ਹਰਦਮ ਮਾਨ
ਸਰੀ:
ਮੌਡਰੇਟ ਸਿੱਖ ਅਤੇ ਹਿੰਦੂ ਸੁਸਾਇਟੀਆਂ ਵੱਲੋਂ ਕੈਨੇਡਾ ਵਿੱਚ ਵਸਦੇ ਹਿੰਦੂ-ਸਿੱਖ ਭਾਈਚਾਰੇ ਵਿਚਾਲੇ ਏਕਤਾ ਬਣਾਈ ਰੱਖਣ ਅਤੇ ਗੁਰੂ ਘਰਾਂ ਤੇ ਮੰਦਰਾਂ ਦੇ ਬਾਹਰ ਵਿਖਾਵਿਆਂ ਤੇ ਰੋਸ ਮੁਜ਼ਾਹਰਿਆਂ ਦਾ ਵਿਰੋਧ ਕਰਨ ਦਾ ਫ਼ੈਸਲਾ ਕਰਦਿਆਂ ‘ਯੂਨਾਈਟਿਡ ਸਿੱਖ ਐਂਡ ਹਿੰਦੂ ਐਸੋਸੀਏਸ਼ਨ ਆਫ ਨਾਰਥ ਅਮਰੀਕਾ’ ਦਾ ਗਠਨ ਕੀਤਾ ਗਿਆ।
ਇਸ ਸਬੰਧੀ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਦੇ ਸੱਦੇ ’ਤੇ ਬੀਤੇ ਦਿਨੀਂ ਖਾਲਸਾ ਦੀਵਾਨ ਸੁਸਾਇਟੀ, ਰੌਸ ਸਟਰੀਟ ਵੈਨਕੂਵਰ ਵਿਖੇ ਮੌਡਰੇਟ ਸਿੱਖ ਅਤੇ ਹਿੰਦੂ ਸੁਸਾਇਟੀਆਂ ਦੀ ਮੀਟਿੰਗ ਹੋਈ। ਇਸ ਵਿੱਚ ਲਗਭਗ 20 ਗੁਰਦੁਆਰਿਆਂ ਤੇ ਮੰਦਰਾਂ ਦੇ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਵਿਚ ਸਰਬਸੰਮਤੀ ਨਾਲ ‘ਯੂਨਾਈਟਿਡ ਸਿੱਖ ਐਂਡ ਹਿੰਦੂ ਐਸੋਸੀਏਸ਼ਨ ਆਫ ਨਾਰਥ ਅਮਰੀਕਾ’ ਨਾਮ ਦੀ ਜਥੇਬੰਦੀ ਸਥਾਪਿਤ ਕੀਤੀ ਗਈ ਅਤੇ ਕਸ਼ਮੀਰ ਸਿੰਘ ਧਾਲੀਵਾਲ ਨੂੰ ਇਸ ਜਥੇਬੰਦੀ ਦਾ ਪ੍ਰਧਾਨ ਤੇ ਮੁੱਖ ਬੁਲਾਰਾ ਚੁਣਿਆ ਗਿਆ। ਮੀਟਿੰਗ ਦੌਰਾਨ ਕੈਨੇਡਾ ਵਿੱਚ ਵੱਖਵਾਦੀ ਤੇ ਧਰਮ ਦੇ ਨਾਮ ’ਤੇ ਫੁੱਟਪਾਊ ਤਾਕਤਾਂ ਦੀ ਸਖ਼ਤ ਨਿੰਦਾ ਕਰਦਿਆਂ ਹਿੰਦੂ-ਸਿੱਖ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਅਹਿਦ ਕੀਤਾ ਗਿਆ।
ਪਾਸ ਕੀਤੇ ਗਏ ਮਤਿਆਂ ਵਿੱਚ ਕੈਨੇਡਾ ਵਿੱਚ ਵਸਦੇ ਹਿੰਦੂ-ਸਿੱਖ ਭਾਈਚਾਰੇ ਵਿਚਾਲੇ ਆਪਸੀ ਸਾਂਝ ਪਕੇਰੀ ਕਰਨ ਅਤੇ ਗੁਰੂ ਘਰਾਂ ਤੇ ਮੰਦਰਾਂ ਦੇ ਬਾਹਰ ਵਿਖਾਵਿਆਂ ਤੇ ਰੋਸ ਮੁਜ਼ਾਹਰਿਆਂ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਗਿਆ। ਯੂਨਾਈਟਿਡ ਸਿੱਖ ਐਂਡ ਹਿੰਦੂ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਦੀ 20 ਮੈਂਬਰੀ ਕਮੇਟੀ ਵੀ ਬਣਾਈ ਗਈ।
ਇਸ ਮੌਕੇ ਜਰਨੈਲ ਸਿੰਘ ਭੰਡਾਲ, ਗਿਆਨੀ ਹਰਕੀਰਤ ਸਿੰਘ, ਪ੍ਰਸ਼ੋਤਮ ਗੋਇਲ, ਬਲਵੰਤ ਸਿੰਘ ਸੰਘੇੜਾ, ਸੁਰਿੰਦਰ ਸਿੰਘ ਜੱਬਲ, ਪ੍ਰੀਤ ਸੰਧੂ, ਕੁਲਵੰਤ ਸਿੰਘ ਢੇਸੀ, ਕੁਲਦੀਪ ਸਿੰਘ, ਮਲਕੀਤ ਸਿੰਘ ਧਾਮੀ, ਬਲਜਿੰਦਰ ਸਿੰਘ ਬੈਂਸ, ਹਰਜੀਤ ਸੋਹਪਾਲ, ਗੋਪਾਲ ਲੋਹੀਆ, ਸਤੀਸ਼ ਕੁਮਾਰ, ਰਮੇਸ਼ ਬਖਸ਼ੀ, ਨਿਰਮਲ (ਨੋਰਮ) ਸੰਘਾ ਨੇ ਇਸ ਜਥੇਬੰਦੀ ਦੇ ਗਠਨ ਅਤੇ ਪਾਸ ਕੀਤੇ ਮਤਿਆਂ ਦੀ ਪ੍ਰਸੰਸਾ ਕੀਤੀ ਅਤੇ ਇਸ ਦਾ ਦਾਇਰਾ ਪੂਰੇ ਉੱਤਰੀ ਅਮਰੀਕਾ ਤੱਕ ਵਧਾਉਣ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਇਨ੍ਹਾਂ ਬੁਲਾਰਿਆਂ ਨੇ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਤੇ ਸਮੁੱਚੀ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਜਥੇਬੰਦੀ ਦਾ ਗਠਨ ਸਮੇਂ ਦੀ ਵੱਡੀ ਜ਼ਰੂਰਤ ਸੀ। ਕਸ਼ਮੀਰ ਸਿੰਘ ਧਾਲੀਵਾਲ ਅਤੇ ਕੁਲਦੀਪ ਸਿੰਘ ਥਾਂਦੀ ਨੇ ਸਾਰੇ ਨੁਮਾਇੰਦਿਆਂ ਦਾ ਪਹੁੰਚਣ ’ਤੇ ਧੰਨਵਾਦ ਕੀਤਾ।
ਸੰਪਰਕ: 1 604 308 6663
ਨਵੀਂ ਕਮੇਟੀ ਨੇ ਚਾਰਜ ਸੰਭਾਲਿਆ
ਬਰੈਂਪਟਨ:
ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਕਬੱਡੀ ਦੀ ਸਿਰਮੌਰ ਸੰਸਥਾ ਵਜੋਂ ਜਾਣੀ ਜਾਂਦੀ ਹੈ। ਦੁਨੀਆ ਭਰ ਵਿੱਚ ਕਬੱਡੀ ਦੀ ਤਰੱਕੀ ਵਿੱਚ ਇਸ ਸੰਸਥਾ ਦਾ ਅਹਿਮ ਯੋਗਦਾਨ ਰਿਹਾ ਹੈ। ਬੀਤੇ ਦਿਨੀਂ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੀ ਮੀਟਿੰਗ ਹੋਈ ਜਿਸ ਵਿੱਚ ਸਾਲ 2025 ਲਈ ਸਰਬਸੰਮਤੀ ਨਾਲ ਚੁਣੀ ਗਈ ਕਮੇਟੀ ਨੂੰ ਕਾਰਜ ਭਾਗ ਸੰਭਾਲਿਆ ਗਿਆ।
ਨਵੀਂ ਚੁਣੀ ਗਈ ਕਮੇਟੀ ਵਿੱਚ ਬੰਤ ਨਿੱਝਰ ਚੇਅਰਮੈਨ, ਜੱਸੀ ਸਰਾਏ ਪ੍ਰਧਾਨ, ਜਰਨੈਲ ਮੰਡ ਉਪ ਪ੍ਰਧਾਨ, ਤੀਰਥ ਦਿਓਲ ਸਕੱਤਰ, ਮਨਜੀਤ ਗਹੋਤਰਾ ਖ਼ਜ਼ਾਨਚੀ, ਮਲਕੀਤ ਸਿੰਘ ਦਿਓਲ ਅਤੇ ਹਰਜਿੰਦਰ ਸਿੰਘ ਸੰਘੇੜਾ ਨਿਰਦੇਸ਼ਕ ਚੁਣੇ ਗਏ।
ਸੰਪਰਕ: 1 604 308 6663