‘ਪਿੰਡ ਜਗਾਓ’ ਮੁਹਿੰਮ ਤਹਿਤ ਕਿਸਾਨਾਂ ਤੇ ਔਰਤਾਂ ਦੀ ਲਾਮਬੰਦੀ
ਲਖਵੀਰ ਸਿੰਘ ਚੀਮਾ
ਟੱਲੇਵਾਲ, 22 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਆਰਡੀਨੈਂਸਾਂ ਖ਼ਿਲਾਫ਼ ਚਲਾਈ ‘ਪਿੰਡ ਜਗਾਓ’ ਮੁਹਿੰਮ ਤਹਿਤ ਪਿੰਡ ਸੱਦੋਵਾਲ ਅਤੇ ਦੀਵਾਨਾ ਵਿੱਚ ਔਰਤਾਂ ਅਤੇ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ। ਬਲਾਕ ਪ੍ਰਧਾਨ ਜੱਜ ਸਿੰਘ ਗਹਿਲ, ਹਰਜੀਤ ਸਿੰਘ ਦੀਵਾਨਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ ਨੇ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਵਾਲੇ ਆਰਡੀਨੈਂਸਾਂ ਦੇ ਹਮਲੇ ਰਾਹੀਂ ਕੇਂਦਰ ਸਰਕਾਰ ਜ਼ਮੀਨਾਂ ਨੂੰ ਦੇਸੀ-ਵਿਦੇਸ਼ੀ ਧਨਾਢ ਕੰਪਨੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਆਰਡੀਨੈਂਸਾ ਖ਼ਿਲਾਫ਼ 25 ਤੋਂ 29 ਅਗਸਤ ਤੱਕ ਪਿੰਡਾਂ ਵਿੱਚ ਢੋਲ ਮਾਰਚ ਕੀਤੇ ਜਾਣਗੇ।
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਕੇਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਪਿੰਡ ਰੌਂਤਾ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਮੇਜਰ ਸਿੰਘ ਮਾਨ ਰੌਂਤਾ, ਹਰਦੀਪ ਮੱਦਾ ਬਿਲਾਸਪੁਰ, ਇੰਦਰਮੋਹਨ ਪੱਤੋ, ਜਗਤਾਰ ਸਿੰਘ ਤਾਰੀ ਪੱਖਰਵੱਡ ,ਗੁਰਚਰਨ ਸਿੰਘ ਦੀਨਾ, ਗੁਰਮੇਲ ਸਿੰਘ ਸੈਦੋ ਨੇ ਕਿਸਾਨਾਂ ਨੂੰ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।
ਮਹਿਲ ਕਲਾਂ (ਨਵਕਿਰਨ ਸਿੰਘ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਪਿੰਡ ਗੁਰਮ, ਗੁੰਮਟੀ ਅਤੇ ਚੁਹਾਣਕੇ ਕਲਾਂ ਵਿੱਚ ਖੇਤੀ ਆਰਡੀਨੈਂਸਾਂ ਖਿਲਾਫ਼ ਰੈਲੀਆਂ ਕੀਤੀਆਂ ਗਈਆਂ। ਯੂਨੀਅਨ ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ, ਮਾਨ ਸਿੰਘ ਗੁਰਮ, ਨਾਹਰ ਸਿੰਘ ਗੁੰਮਟੀ ਅਤੇ ਕੁਲਦੀਪ ਸਿੰਘ ਨੇ ਇਨ੍ਹਾਂ ਰੈਲੀਆਂ ਨੂੰ ਸੰਬੋਧਨ ਕੀਤਾ।