ਮੋਗਾ ਕਿਸਾਨ ਮਹਾਪੰਚਾਇਤ ਸਬੰਧੀ ਲਾਮਬੰਦੀ ਮੀਟਿੰਗ
ਪੱਤਰ ਪ੍ਰੇਰਕ
ਤਰਨ ਤਾਰਨ, 6 ਜਨਵਰੀ
ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਇਕਾਈ ਵੱਲੋਂ 9 ਜਨਵਰੀ ਨੂੰ ਮੋਗਾ ਵਿਖੇ ਕੀਤੀ ਜਾਣ ਵਾਲੀ ਕਿਸਾਨ ਮਹਾਪੰਚਾਇਤ ਦੀਆਂ ਤਿਆਰੀਆਂ ਤਹਿਤ ਅੱਜ ਇਲਾਕੇ ਦੇ ਪਿੰਡ ਮੁਗਲਚੱਕ ਪੰਨੂੰਆਂ, ਸਰਹਾਲੀ ਖੁਰਦ, ਵਲੀਪੁਰ ਖਹਿਰਾ ਆਦਿ ਵਿੱਚ ਕਿਸਾਨਾਂ ਦੇ ਇਕੱਠ ਕੀਤੇ ਗਏ ਅਤੇ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਮੋਗਾ ਪਹੁੰਚਣ ਦੀ ਅਪੀਲ ਕੀਤੀ ਗਈ|
ਇਕੱਠਾਂ ਨੂੰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਤੋਂ ਇਲਾਵਾ, ਸੂਬੇਦਾਰ ਸਤਵੰਤ ਸਿੰਘ ਮੁਗਲਚੱਕ, ਨਾਜਰ ਸਿੰਘ, ਸੁਖਚੈਨ ਸਿੰਘ ਸਰਹਾਲੀ ਖੁਰਦ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ। ਕਿਸਾਨਾਂ ਨੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ’ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਏ ਗਏ ਫੈਸਲੇ ਤਹਿਤ ਕੀਤੀ ਜਾ ਰਹੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਆਗੂਆਂ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਕੀਤੇ ਜਾਣ ’ਤੇ ਵੀ ਜ਼ੋਰ ਦਿੱਤਾ| ਆਗੂਆਂ ਭਾਰਤ-ਪਾਕਿਸਤਾਨ ਦਰਮਿਆਨ ਸੜਕ ਰਸਤੇ ਵਪਾਰ ਖੋਲ੍ਹਣ ਲਈ ਅਟਾਰੀ ਅਤੇ ਹੁਸੈਨੀਵਾਲਾ ਦੇ ਬਾਰਡਰਾਂ ਦੇ ਰਾਹ ਖੋਲ੍ਹਣ ਦੀ ਵੀ ਮੰਗ ਕੀਤੀ|