ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੰਘਰਸ਼ ਲਈ ਲਾਮਬੰਦੀ
ਨਿੱਜੀ ਪੱਤਰ ਪ੍ਰੇਰਕ
ਬਰਨਾਲਾ 28 ਅਕਤੂਬਰ
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਸੁਖਦੀਪ ਹਥਨ ਨੇ ਕਿਹਾ ਕਿ ਆਉਣ ਵਾਲੀ 7 ਨਵੰਬਰ ਨੂੰ ਬਰਨਾਲਾ ਦੇ ਕਚਹਿਰੀ ਚੌਂਕ ਵਿਖੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਰੋਸ ਪ੍ਰਦਰਸ਼ਨ ’ਚ ਸੰਗਰੂਰ, ਮਾਲੇਰਕੋਟਲਾ, ਮਾਨਸਾ, ਪਟਿਆਲਾ ਜ਼ਿਲਿ੍ਹਆਂ ਦੀਆਂ ਵਿਦਿਅਕ ਸੰਸਥਾਵਾਂ ਤੋਂ ਵਿਦਿਆਰਥੀ ਆਪਣੀਆਂ ਮੰਗਾਂ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ। ਉਨ੍ਹਾਂ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਵਿੱਚ ਪੰਜਾਬੀਆਂ ਲਈ 90 ਫ਼ੀਸਦੀ ਰਾਖਵਾਂਕਰਨ ਦੀ ਮੰਗ ਹੈ। ਇਸ ਤੋਂ ਬਿਨਾਂ 2020 ਦੀ ਨਵੀਂ ਸਿੱਖਿਆ ਨੀਤੀ ਰੱਦ ਹੋਣੀ ਚਾਹੀਦੀ ਹੈ ਜਿਸ ਦੀ ਥਾਂ ’ਤੇ ਪੰਜਾਬ ਸੂਬੇ ਦੀ ਸਿੱਖਿਆ ਨੀਤੀ ਪੰਜਾਬ ਦੁਆਰਾ ਹੀ ਤੈਅ ਹੋਣੀ ਚਾਹੀਦੀ ਹੈ। ਸਿੱਖਿਆ ਦੇ ਕੇਂਦਰੀਕਰਨ ਦੀ ਬਜਾਏ ਸਿੱਖਿਆ ਰਾਜਾਂ ਦਾ ਵਿਸ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਭਗਵੰਤ ਮਾਨ ਸਰਕਾਰ ਸੱਤਾ ਵਿੱਚ ਹੈ ਅਤੇ ਪੰਜਾਬ ਦੇ ਵਿਦਿਆਰਥੀਆਂ ਦੀਆਂ ਇਨ੍ਹਾਂ ਮੰਗਾਂ ਦੇ ਹੱਲ ਤੋਂ ਟਾਲਾ ਵੱਟ ਰਹੀ ਹੈ। ਇਸ ਮੌਕੇ ਹਰਪ੍ਰੀਤ ਸਿੰਘ, ਪ੍ਰਭਦੀਪ ਸਿੰਘ, ਦਲਬੀਰ ਸਿੰਘ, ਦਲਜੀਤ ਸਿੰਘ, ਅਮਨਦੀਪ ਸਿੰਘ ਤੇ ਹਰਮਨ ਹਾਜ਼ਰ ਸਨ।