ਕਿਸਾਨਾਂ ਵੱਲੋਂ ਰੈਲੀ ਲਈ ਲਾਮਬੰਦੀ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 4 ਜਨਵਰੀ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਇਕੱਤਰਤਾ ਅੱਜ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ ਜਿਸ ’ਚ ਵੱਖ-ਵੱਖ ਇਕਾਈਆਂ ਦੇ ਪ੍ਰਧਾਨਾਂ ਤੇ ਸਕੱਤਰਾਂ ਤੋਂ ਇਲਾਵਾ ਚੋਣਵੇਂ ਨੁਮਾਇੰਦੇ ਸ਼ਾਮਲ ਹੋਏ। ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਰਣਜੀਤ ਸਿੰਘ ਗੁੜੇ, ਗੁਰਸੇਵਕ ਸਿੰਘ ਸੋਨੀ, ਗੁਰਮੇਲ ਸਿੰਘ ਕੁਲਾਰ, ਜਥੇਦਾਰ ਗੁਰਮੇਲ ਸਿੰਘ ਢੱਟ ਨੇ ਵਿਸ਼ੇਸ਼ ਤੌਰ ’ਤੇ ਇਸ ਸਮੇਂ 23 ਫ਼ਸਲਾਂ ਦੀ ਐੱਮਐੱਸਪੀ ਦੀ ਗਾਰੰਟੀ ਵਾਲਾ ਕਾਨੂੰਨ ਬਣਵਾਉਣ, ਕਿਸਾਨਾਂ ਸਿਰ ਮੜ੍ਹੇ ਸਾਰੇ ਪੁਲੀਸ ਕੇਸ ਰੱਦ ਕਰਵਾਉਣ, ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਗ੍ਰਿਫ਼ਤਾਰ ਕਰਵਾਉਣ, ਕਿਸਾਨਾਂ ਮਜ਼ਦੂਰਾਂ ਦੇ 13 ਲੱਖ ਕਰੋੜ ਰੁਪਏ ਦੇ ਕਰਜ਼ੇ ਖ਼ਤਮ ਕਰਵਾਉਣ, ਮਗਨਰੇਗਾ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਤੇ ਪੂਰੀ ਉਜਰਤ ਯਕੀਨੀ ਬਣਾਉਣ ਸਮੇਤ ਸਾਰੀਆਂ ਅਹਿਮ ਮੰਗਾਂ ਮੰਨਵਾਉਣ ਲਈ ਛੇ ਜਨਵਰੀ ਨੂੰ ਬਰਨਾਲਾ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮਾਲਵਾ ਮਹਾ ਰੈਲੀ ’ਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ। ਜ਼ਿਲ੍ਹੇ ’ਚੋਂ ਇਸ ਰੈਲੀ ਲਈ ਵੱਡਾ ਜਥਾ ਲਿਜਾਣ ਲਈ ਅੱਜ ਪਿੰਡਾਂ ’ਚ ਲਾਮਬੰਦੀ ਮੁਹਿੰਮ ਵਿੱਢੀ ਗਈ। ਆਗੂਆਂ ਨੇ ਦੱਸਿਆ ਕਿ ਵੱਡਾ ਕਾਫਲਾ ਚੌਕੀਮਾਨ ਟੌਲ ਪਲਾਜ਼ਾ ਵਿਖੇ ਇਕੱਤਰ ਹੋ ਕੇ ਬਰਨਾਲਾ ਲਈ ਸਵੇਰੇ ਨੌਂ ਵਜੇ ਰਵਾਨਗੀ ਕਰੇਗਾ।