ਸਰਕਾਰ ਖ਼ਿਲਾਫ਼ ਸੰਘਰਸ਼ ਦੇ ਰੌਂਅ ਵਿੱਚ ਮਨਰੇਗਾ ਮਜ਼ਦੂਰ
ਪੱਤਰ ਪ੍ਰੇਰਕ
ਪਾਇਲ, 1 ਅਗਸਤ
ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਵੱਲੋਂ ਪਾਇਲ ਦੀ ਦਾਣਾ ਮੰਡੀ ਵਿੱਚ ਮਨਰੇਗਾ ਮਜ਼ਦੂਰਾਂ ਤੇ ਮੇਟਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਬੂਟਾ ਸਿੰਘ ਰਾਮਗੜ੍ਹ ਸਰਦਾਰਾਂ ਅਤੇ ਹਰਬੰਸ ਸਿੰਘ ਬਿਲਾਸਪੁਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੌਕੇ ਮਨਰੇਗਾ ਵਰਕਰਾਂ ਤੇ ਮੇਟਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਰੋਕਣ ਲਈ ਐੱਸਡੀਐੱਮ ਪਾਇਲ ਰਾਹੀਂ ਏਡੀਸੀ ਵਿਕਾਸ ਲੁਧਿਆਣਾ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ।
ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਦੇ ਆਗੂ ਪ੍ਰਕਾਸ਼ ਸਿੰਘ ਹਿੱਸੋਵਾਲ ਤੇ ਚਰਨਜੀਤ ਸਿੰਘ ਹਿਮਾਯੂੰਪੁਰਾ ਨੇ ਕਿਹਾ ਕਿ ਪਿੰਡਾਂ ਅੰਦਰ ਸਿਆਸੀ ਪਾਰਟੀ ਨਾਲ ਸਬੰਧਤ ਕੁੱਝ ਵਾਲੰਟੀਅਰਾਂ ਵੱਲੋਂ ਪਿੰਡਾਂ ਵਿੱਚ ਮਜ਼ਦੂਰਾਂ ਤੇ ਮੇਟਾਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਮੇਟਾਂ ਨੂੰ ਜਬਰੀ ਹਟਾਇਆ ਜਾ ਰਿਹਾ ਹੈ, ਨਾ ਤਾਂ ਕੋਈ ਪਿੰਡਾਂ ਵਿੱਚ ਆਮ ਇਜਲਾਸ ਹੋਇਆ, ਨਾ ਹੀ ਮਜ਼ਦੂਰਾਂ ਦੀ ਸਹਿਮਤੀ ਲਈ ਗਈ। ਇਹ ਸਭ ਕੁੱਝ ਰਾਜਨੀਤਕ ਦਬਾਅ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੇ ਪੰਜਾਬ ਅੰਦਰ ਮੇਟਾਂ ਨੂੰ ਜਬਰੀ ਹਟਾਉਣਾ ਬੰਦ ਨਾ ਕੀਤਾ ਗਿਆ ਅਤੇ ਮਨਰੇਗਾ ਦੇ ਕੰਮਾਂ ਵਿੱਚ ਸਿਆਸੀ ਦਖਲਅੰਦਾਜ਼ੀ ਬੰਦ ਨਾ ਕੀਤੀ ਗਈ, ਮਨਰੇਗਾ ਮਜ਼ਦੂਰਾਂ ਨੂੰ ਕੰਮ ਨਾ ਦਿੱਤਾ ਗਿਆ, ਸੜਕਾਂ ਦੀਆਂ ਬਰਮਾਂ ਦਾ ਕੰਮ ਜਲਦੀ ਚਾਲੂ ਨਾ ਕੀਤਾ ਗਿਆ ਤਾਂ ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਤਿੱਖਾ ਅੰਦੋਲਨ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ ਅਮਰਜੀਤ ਸਿੰਘ ਹਿਮਾਯੂੰਪੁਰਾ, ਸਵਰਨ ਸਿੰਘ ਮਲੀਪੁਰ, ਕੁਲਵੰਤ ਸਿੰਘ ਹਿਮਾਯੂੰਪੁਰਾ, ਬੂਟਾ ਸਿੰਘ ਦੁੱਗਰੀ, ਲਾਲੀ ਮੁੱਲਾਂਪੁਰ, ਉਮੇਸ਼ ਕੁਮਾਰ ਜਰਗ, ਕੁਲਦੀਪ ਸਿੰਘ ਦਾਊਮਾਜਰਾ, ਗੁਰਬਚਨ ਸਿੰਘ ਚੌਂਦਾ ਆਦਿ ਹਾਜ਼ਰ ਸਨ।