ਪੀੜਤ ਪਰਿਵਾਰ ਦਾ ਸਾਥ ਦੇਣ ਵਾਲੇ ਨੂੰ ਧਰਨੇ ਤੋਂ ਚੁੱਕਣ ਪੁੱਜੀ ਪੁਲੀਸ
ਗਗਨ ਅਰੋੜਾ
ਲੁਧਿਆਣਾ, 7 ਸਤੰਬਰ
ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਅੱਜ ਦੁਪਹਿਰ ਉਸ ਸਮੇਂ ਭਾਰੀ ਹੰਗਾਮਾ ਹੋਇਆ ਜਦੋਂ ਪੁਲੀਸ ਨਾਬਾਲਗ ਜਬਰ-ਜਨਾਹ ਪੀੜਤਾ ਅਤੇ ਉਸਦੇ ਪਰਿਵਾਰ ਦਾ ਸਮਰਥਨ ਕਰਨ ਵਾਲੇ ਵਿਅਕਤੀ ਸੋਨੂੰ ਪਹਿਲਵਾਨ ਨੂੰ ਧਰਨੇ ਤੋਂ ਚੁੱਕਣ ਲਈ ਪਹੁੰਚੀ। ਜਦੋਂ ਪੀੜਤ ਪਰਿਵਾਰ ਨੇ ਇਸ ਦਾ ਵਿਰੋਧ ਕੀਤਾ ਤਾਂ ਪੁਲੀਸ ਨਾਲ ਹੱਥੋਪਾਈ ਹੋ ਗਈ। ਇੱਕ ਵਾਰ ਤਾਂ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਦਾ ਸਾਮਾਨ ਚੁੱਕ ਲਿਆ, ਪਰ ਪੀੜਤ ਪਰਿਵਾਰ ਨੇ ਪੁਲੀਸ ਦਾ ਵਿਰੋਧ ਕੀਤਾ ਅਤੇ ਕਾਰ ਅੱਗੇ ਲੇਟ ਗਏ। ਹਾਲਾਂਕਿ, ਜਿਸ ਸੋਨੂੰ ਪਹਿਲਵਾਨ ਨੂੰ ਪੁਲੀਸ ਗ੍ਰਿਫ਼ਤਾਰ ਕਰਨ ਆਈ ਸੀ, ਉਹ ਉੱਥੋਂ ਫ਼ਰਾਰ ਹੋ ਗਿਆ। ਸੋਨੂੰ ਪਹਿਲਵਾਨ ਥਾਣਾ ਡਾਬਾ ਵਿੱਚ ਦਰਜ ਇੱਕ ਕੇਸ ਵਿੱਚ ਪੁਲੀਸ ਨੂੰ ਲੋੜੀਂਦਾ ਹੈ।
ਪੀੜਤ ਪਰਿਵਾਰ ਪਿਛਲੇ ਚਾਰ ਦਿਨਾਂ ਤੋਂ ਪੁਲੀਸ ਕਮਿਸ਼ਨਰ ਦਫ਼ਤਰ ਦੇ ਮੁੱਖ ਗੇਟ ਦੇ ਬਾਹਰ ਧਰਨੇ ’ਤੇ ਬੈਠਾ ਹੈ। ਕਮਿਸ਼ਨਰ ਦਫ਼ਤਰ ਦੇ ਬਾਹਰ ਪੀੜਤ ਪਰਿਵਾਰ ’ਤੇ ਹੋਏ ਹਮਲੇ ਦੌਰਾਨ ਸੋਨੂੰ ਪਹਿਲਵਾਨ ਉੱਥੇ ਮੌਜੂਦ ਸੀ ਅਤੇ ਉਸ ਨੇ ਹੀ ਹਮਲਾ ਕਰਨ ਵਾਲੀ ਔਰਤ ਨੂੰ ਕਾਬੂ ਕੀਤਾ ਸੀ। ਸ਼ਨਿਚਰਵਾਰ ਸਵੇਰੇ ਵੀ ਸੋਨੂੰ ਪਹਿਲਵਾਨ ‘ਆਪ’ ਵਿਧਾਇਕਾ ਦਾ ਪੁਤਲਾ ਫੂਕਣ ਸਮੇਂ ਉੱਥੇ ਮੌਜੂਦ ਸੀ ਅਤੇ ਉਸ ਨੇ ਵਿਧਾਇਕਾ ਦੇ ਨਾਲ-ਨਾਲ ਪੁਲੀਸ ’ਤੇ ਵੀ ਦੋਸ਼ ਲਾਏ। ਦੁਪਹਿਰ ਬਾਅਦ ਪੁਲੀਸ ਦੀਆਂ ਗੱਡੀਆਂ ਵੀ ਉੱਥੇ ਪੁੱਜ ਗਈਆਂ। ਪੁਲੀਸ ਨੇ ਸੋਨੂੰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਪੀੜਤ ਪਰਿਵਾਰ ਅਤੇ ਉੱਥੇ ਮੌਜੂਦ ਸਾਥੀਆਂ ਨੇ ਵਿਰੋਧ ਕੀਤਾ। ਇਸ ਦੌਰਾਨ ਕਾਫੀ ਹੰਗਾਮਾ ਹੋਇਆ ਅਤੇ ਪੁਲੀਸ ਨਾਲ ਹੱਥੋਪਾਈ ਵੀ ਹੋਈ। ਇਸ ਦੌਰਾਨ ਪੀੜਤ ਪਰਿਵਾਰ ਦੀਆਂ ਔਰਤਾਂ ਨੇ ਪੁਲੀਸ ਦੀ ਗੱਡੀ ਅੱਗੇ ਲੇਟ ਕੇ ਪੁਲੀਸ ’ਤੇ ਕਈ ਤਰ੍ਹਾਂ ਦੇ ਦੋਸ਼ ਵੀ ਲਾਏ। ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨਾਲ ਬਹਿਸ ਹੋ ਗਈ ਅਤੇ ਪੁਲੀਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਧਰਨਾ ਚੁੱਕਣ ਨਹੀਂ ਬਲਕਿ ਸੋਨੂੰ ਪਹਿਲਵਾਨ ਨੂੰ ਕਾਬੂ ਕਰਨ ਆਏ ਸਨ ਜਿਸ ਖਿਲਾਫ਼ ਥਾਣਾ ਡਾਬਾ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਹ ਪੁਲੀਸ ਨੂੰ ਲੋੜੀਂਦਾ ਹੈ। ਜਦੋਂ ਸੋਨੂੰ ਪਹਿਲਵਾਨ ਨੂੰ ਪਤਾ ਲੱਗਾ ਕਿ ਪੁਲੀਸ ਉਸ ਨੂੰ ਕਾਬੂ ਕਰਨ ਆਈ ਹੈ ਤਾਂ ਉਹ ਉੱਥੋਂ ਫ਼ਰਾਰ ਹੋ ਗਿਆ। ਬਾਅਦ ’ਚ ਪੀੜਤ ਪਰਿਵਾਰ ਮੁੜ ਧਰਨੇ ’ਤੇ ਬੈਠ ਗਿਆ। ਚੌਕੀ ਕੋਚਰ ਮਾਰਕੀਟ ਦੇ ਇੰਚਾਰਜ ਐੱਸਆਈ ਧਰਮਪਾਲ ਨੇ ਦੱਸਿਆ ਕਿ ਸੋਨੂੰ ਪਹਿਲਵਾਨ ਖ਼ਿਲਾਫ਼ ਥਾਣਾ ਡਾਬਾ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਉਹ ਇਸ ਮਾਮਲੇ ਵਿੱਚ ਪੁਲੀਸ ਨੂੰ ਲੋੜੀਂਦਾ ਹੈ। ਪੁਲੀਸ ਉਸ ਨੂੰ ਕਾਬੂ ਕਰਨ ਲਈ ਆਈ ਸੀ ਪਰ ਉਹ ਫਿਰ ਪੁਲੀਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ।
‘ਆਪ’ ਦੀ ਮਹਿਲਾ ਵਿਧਾਇਕ ਦਾ ਪੁਤਲਾ ਫੂਕਿਆ
ਸਮੂਹਿਕ ਜਬਰ-ਜਨਾਹ ਮਾਮਲੇ ਵਿੱਚ ਇਨਸਾਫ਼ ਦੀ ਮੰਗ ਲਈ ਪਿਛਲੇ ਕਈ ਦਿਨਾਂ ਤੋਂ ਧਰਨਾ ’ਤੇ ਬੈਠੀਆਂ ਮਾਂ-ਧੀ ਦੇ ਸਮਰਥਨ ਵਿੱਚ ਅੱਜ ਪੀੜਤ ਪਰਿਵਾਰ ਦੇ ਸਮਰਥਨ ਵਿੱਚ ਉਨ੍ਹਾਂ ਦੇ ਸਾਥੀ ਇਕੱਤਰ ਹੋਏ। ਇਸ ਦੌਰਾਨ ਉਨ੍ਹਾਂ ਪੀੜਤ ਪਰਿਵਾਰ ਦੇ ਨਾਲ ਪ੍ਰਦਰਸ਼ਨ ਕੀਤਾ ਤੇ ‘ਆਪ’ ਦੀ ਮਹਿਲਾ ਵਿਧਾਇਕ ਦਾ ਪੁਤਲਾ ਫੂਕਿਆ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਇਹ ਸਭ ਕੁਝ ‘ਆਪ’ ਵਿਧਾਇਕਾ ਦੇ ਇਸ਼ਾਰੇ ’ਤੇ ਹੋ ਰਿਹਾ ਹੈ ਅਤੇ ਇਸ ਦੇ ਨਾਲ ਹੀ ਪੁਲੀਸ ਵੀ ਦਬਾਅ ਵਿੱਚ ਆ ਕੇ ਕੋਈ ਕਾਰਵਾਈ ਨਹੀਂ ਕਰ ਰਹੀ। ਪਰਿਵਾਰ ਦੇ ਮੈਂਬਰਾਂ ਨੇ ਵਿਧਾਇਕਾ ਦਾ ਪੁਤਲਾ ਫੂਕਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਪੀੜਤ ਪਰਿਵਾਰ ਨੇ ਪੁਲੀਸ ਨੂੰ ਚਿਤਾਵਨੀ ਦਿੱਤੀ ਕਿ ਜੇ ਮੁਲਜ਼ਮਾਂ ਖਿਲਾਫ਼ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਭੁੱਖ ਹੜਤਾਲ ’ਤੇ ਚਲੇ ਜਾਣਗੇ। ਪੀੜਤਾ ਦੀ ਮਾਂ ਨੇ ਦੋਸ਼ ਲਾਇਆ ਕਿ ਬੀਤੇ ਸ਼ੁੱਕਰਵਾਰ ਦੁਪਹਿਰ ਜਿਸ ਔਰਤ ਨੇ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਉਸ ’ਤੇ ਹਮਲਾ ਕੀਤਾ, ਉਹ ਕੋਈ ਹੋਰ ਨਹੀਂ ਸਗੋਂ ਮੁਲਜ਼ਮ ਦੀ ਰਿਸ਼ਤੇਦਾਰ ਸੀ। ਉਹ ‘ਆਪ’ ਵਿਧਾਇਕਾ ਦੇ ਵੀ ਕਾਫ਼ੀ ਕਰੀਬੀ ਹਨ। ਪੀੜਤ ਪਰਿਵਾਰ ਨੇ ਸਪੱਸ਼ਟ ਕਿਹਾ ਕਿ ਇਹ ਸਭ ਕੁਝ ‘ਆਪ’ ਵਿਧਾਇਕਾ ਦੇ ਇਸ਼ਾਰੇ ’ਤੇ ਹੀ ਕੀਤਾ ਜਾ ਰਿਹਾ ਹੈ। ਉਹ ਨਹੀਂ ਚਾਹੁੰਦੀ ਕਿ ਮੁਲਜ਼ਮਾਂ ਨੂੰ ਜੇਲ੍ਹ ਜਾਣਾ ਪਵੇ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਪਰਦੇ ਪਿੱਛੇ ਰਹਿ ਕੇ ‘ਆਪ’ ਵਿਧਾਇਕਾ ਪੁਲੀਸ ’ਤੇ ਦਬਾਅ ਪਾ ਰਹੀ ਹੈ ਕਿ ਜਿਨ੍ਹਾਂ ਦੇ ਖ਼ਿਲਾਫ਼ ਦੋਸ਼ ਲਾਏ ਜਾ ਰਹੇ ਹਨ, ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਜਾਵੇ। ਉਸ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਜੇ ਪੁਲੀਸ ਨੇ ਉਸ ਨੂੰ ਇਨਸਾਫ਼ ਨਾ ਦਿੱਤਾ ਤਾਂ ਉਹ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰ ਲਵੇਗੀ।