ਮਨਰੇਗਾ ਕਾਮਿਆਂ ਤੇ ਮਜ਼ਦੂਰਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਪੱਤਰ ਪ੍ਰੇਰਕ
ਮਾਨਸਾ, 4 ਸਤੰਬਰ
ਪਿੰਡ ਬਾਜੇਵਾਲਾ ਵਿੱਚ ਮਨਰੇਗਾ ਕਾਮਿਆਂ ਤੇ ਮਜ਼ਦੂਰਾਂ ਵੱਲੋਂ ਸੀਪੀਆਈ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵੱਲੋਂ ਝੂਠੀਆਂ ਗਾਰੰਟੀਆਂ ਸਹਾਰੇ ਬਣਾਈ ਗਈ ‘ਆਪ’ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਘੱਟੋ-ਘੱਟ ਪੈਨਸ਼ਨ 5000 ਰੁਪਏ ਪ੍ਰਤੀ ਮਹੀਨਾ, ਔਰਤਾਂ ਲਈ ਇਕ ਹਜ਼ਾਰ ਰੁਪਏ ਜਾਰੀ ਕਰਨ, ਘਰ ਪਾਉਣ ਲਈ ਪਲਾਟ, ਮਨਰੇਗਾ ਕਾਨੂੰਨ ਮੰਗਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ। ਇਕੱਠ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਸਿੰਘ ਚੌਹਾਨ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਸੂਬੇ ਦੀ ਜਨਤਾ ਨੂੰ ਗੁਮਰਾਹ ਕਰਕੇ ਆਮ ਲੋਕਾਂ ਤੋਂ ਵੋਟਾਂ ਲਈਆਂ ਗਈਆਂ, ਸਹੂਲਤਾਂ ਤੇ ਰਿਆਇਤਾਂ ਕੇਵਲ ਖਾਸ ਲੋਕਾਂ ਨੂੰ ਹੀ ਦਿੱਤੀਆਂ ਜਾਂ ਰਹੀਆਂ ਹਨ ਜਦਕਿ ਗਰੀਬ ਤੇ ਆਮ ਲੋਕ ਸਹੂਲਤਾਂ ਤੋਂ ਵਾਂਝੇ ਹਨ। ਇਸ ਮੌਕੇ 25 ਮੈਂਬਰੀ ਪਿੰਡ ਇਕਾਈ ਦੇ ਚੋਣ ਸਰਬਸੰਮਤੀ ਨਾਲ ਹੋਈ, ਜਿਸ ਦੌਰਾਨ ਬੂਟਾ ਸਿੰਘ ਪ੍ਰਧਾਨ, ਸੁਖਵਿੰਦਰ ਸਿੰਘ ਜਨਰਲ ਸਕੱਤਰ, ਗੁਰਮੇਲ ਸਿੰਘ, ਮੰਦਰ ਸਿੰਘ, ਬੋਘਾ ਸਿੰਘ, ਬਿੰਦਰ ਸਿੰਘ ਮਿਸਤਰੀ, ਜੱਗਾ ਸਿੰਘ, ਲਾਭ ਸਿੰਘ ਅਤੇ ਪਾਲ ਸਿੰਘ, ਦਿਲਪ੍ਰੀਤ ਸਿੰਘ ਆਦਿ ਕਮੇਟੀ ਮੈਂਬਰ ਚੁਣੇ ਗਏ।