ਮਨਰੇਗਾ ਅਤੇ ਖੇਤ ਮਜ਼ਦੂਰਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਮੰਗ
ਪੱਤਰ ਪ੍ਰੇਰਕ
ਜੈਤੋ, 31 ਮਾਰਚ
ਸ਼ੇਰ-ਏ-ਪੰਜਾਬ ਅਕਾਲੀ ਦਲ ਵੱਲੋਂ ਨੇੜਲੇ ਪਿੰਡ ਗੁਰੂ ਕੀ ਢਾਬ ਸਥਿਤ ਇੱਕ ਪੈਲੇਸ ਵਿੱਚ ਕਾਨਫਰੰਸ ਕਰਕੇ 2027 ਵਿੱਚ ਪੰਜਾਬ ਅੰਦਰ ਸਰਕਾਰ ਬਣਾਉਣ ਲਈ ਚਰਚਾ ਕੀਤੀ ਗਈ। ਇਕੱਠ ਵਿਚ ਅੰਗਹੀਣ, ਬੁਢਾਪਾ, ਵਿਧਵਾ ਪੈਨਸ਼ਨਰ, ਮਨਰੇਗਾ ਅਤੇ ਖੇਤ ਮਜ਼ਦੂਰਾਂ ਪਹੁੰਚੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਉਚੇਚਾ ਜ਼ਿਕਰ ਕੀਤਾ ਗਿਆ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਪੰਜਾਬ ਦੀਆਂ ਚਾਰੇ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਲੋਕਾਂ ਨੂੰ ਲੁੱਟਣ ਤੋਂ ਬਿਨਾਂ ਕੁੱਝ ਵੀ ਨਹੀਂ ਕੀਤਾ, ਇਸ ਕਰਕੇ ਕਿਸਾਨਾਂ, ਮਜ਼ਦੂਰਾਂ ਨੂੰ ਇਕੱਠਿਆਂ ਹੋ ਕੇ ਸ਼ੇਰ-ਏ-ਪੰਜਾਬ ਅਕਾਲੀ ਦਲ ਦੀ ਅਗਵਾਈ ਵਿੱਚ ਪੈਰਾਂ ’ਤੇ ਖੜ੍ਹੇ ਹੋ ਕੇ ਪੰਜਾਬ ਅੰਦਰ ਸਰਕਾਰ ਬਣਾਉਣ ਦੀ ਲੋੜ ਹੈ। ਇਸ ਮੌਕੇ ਮਤਾ ਪਾਸ ਕੀਤਾ ਗਿਆ ਕਿ ਸਰਕਾਰ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਅਤੇ ਪੈਨਸ਼ਨ 5000 ਰੁਪਏ ਮਾਸਿਕ ਕਰੇ ਜਦਕਿ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਵੀ ਮਤਾ ਪੜ੍ਹਿਆ ਗਿਆ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਪਿਛਲੇ ਦਿਨੀਂ ਗੜੇਮਾਰੀ ਤੇ ਬੇਮੌਸਮੀ ਬਰਸਾਤ ਨਾਲ ਲੋਕਾਂ ਦੇ ਘਰ ਢਹਿ -ਢੇਰੀ ਹੋ ਗਏ ਸਨ ਪਰ ਸਰਕਾਰ ਨੇ ਮੁਆਵਜ਼ਾ ਦੇਣ ਲਈ ਕੋਈ ਉਪਰਾਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਲਈ ਜੈਤੋ ਵਿੱਚ ਪਿਛਲੇ ਦਿਨੀਂ ਮਜ਼ਦੂਰ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ ਅਤੇ ਡੀਸੀ ਫ਼ਰੀਦਕੋਟ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਆਗੂਆਂ ਨੇ ਦਾਅਵਾ ਕੀਤਾ ਕਿ ਪ੍ਰਸ਼ਾਸਨ ਵੱਲੋਂ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਵਾਅਦਾ ਪੂਰਾ ਨਹੀਂ ਹੋਇਆ।
ਇਸ ਇਕੱਠ ਵੱਲੋਂ ਤਹਿਸੀਲਦਾਰ ਜੈਤੋ ਦੇ ਰੀਡਰ ਨੂੰ ਮੰਗ ਪੱਤਰ ਦਿੱਤਾ ਗਿਆ। ਰੀਡਰ ਜਸਵਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਸੋਮਵਾਰ ਨੂੰ ਡੀਸੀ ਨਾਲ ਇਸ ਮਸਲੇ ’ਤੇ ਵਿਚਾਰ ਕਰ ਕੇ ਦੱਸ ਦਿੱਤਾ ਜਾਵੇਗਾ। ਮਸਲਿਆਂ ਦੀ ਸੁਣਵਾਈ ਨਾ ਹੋਣ ’ਤੇ ਆਗੂਆਂ ਨੇ ਪ੍ਰਸ਼ਾਸਨ ਨੂੰ ਅਗਲੇ ਦਿਨਾਂ ਵਿੱਚ ਵੱਡਾ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ।
ਇਸ ਮੌਕੇ ਭਾਈ ਗੁਰਦੀਪ ਸਿੰਘ ਬਠਿੰਡਾ, ਬਲਵਿੰਦਰ ਸਿੰਘ ਪਿਆਰੇ ਆਣਾ, ਬੂਟਾ ਸਿੰਘ ਰਣਸੀਂਹ, ਬੱਗਾ ਸਿੰਘ ਫ਼ਿਰੋਜ਼ਪੁਰ, ਬਾਬਾ ਚਮਕੌਰ ਸਿੰਘ, ਭਾਈ ਮਨਪ੍ਰੀਤ ਸਿੰਘ ਖਾਲਸਾ, ਭਾਈ ਅਮਨਦੀਪ ਸਿੰਘ, ਭਾਈ ਨਛੱਤਰ ਸਿੰਘ ਦਬੜ੍ਹੀਖਾਨਾ, ਗੁਰਮੀਤ ਸਿੰਘ ਦਬੜ੍ਹੀਖਾਨਾ, ਸਤਨਾਮ ਸਿੰਘ, ਸੁਖਰਾਜ ਸਿੰਘ, ਗੁਰਦਾਸ ਸਿੰਘ, ਜਤਿੰਦਰ ਸਿੰਘ, ਲੱਕੀ ਮੌਂਗਾ, ਪਵਨ ਕੁਮਾਰ, ਸੂਰਜ ਕੁਮਾਰ, ਦਰਸ਼ਨ ਸਿੰਘ, ਬਲਵਿੰਦਰ ਮੱਤਾ ਤੇ ਚਮਕੌਰ ਸਿੰਘ ਆਦਿ ਹਾਜ਼ਰ ਸਨ।