MLAs Houses torched ਮਨੀਪੁਰ: ਚਾਰ ਹੋਰ ਵਿਧਾਇਕਾਂ ਦੇ ਘਰ ਸਾੜੇ
12:45 PM Nov 17, 2024 IST
ਇੰਫਾਲ, 17 ਨਵੰਬਰ
ਇੰਫਾਲ ਵਾਦੀ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਭੜਕੀ ਭੀੜ ਨੇ ਭਾਜਪਾ ਦੇ ਤਿੰਨ ਹੋਰ ਵਿਧਾਇਕਾਂ ਦੇ ਘਰ ਨੂੰ ਅੱਗ ਲਗਾ ਦਿੱਤਾ। ਇਨ੍ਹਾਂ ਵਿੱਚੋਂ ਇਕ ਸੀਨੀਅਰ ਮੰਤਰੀ ਹੈ। ਇਨ੍ਹਾਂ ਤੋਂ ਇਲਾਵਾ ਭੀੜ ਨੇ ਇਕ ਕਾਂਗਰਸੀ ਵਿਧਾਇਕ ਦੇ ਘਰ ਨੂੰ ਵੀ ਅੱਗ ਲਗਾ ਦਿੱਤੀ। ਇਸੇ ਦੌਰਾਨ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਦੀ ਮਨੀਪੁਰ ਦੇ ਮੁੱਖ ਮੰਤਰੀ ਐੱਨ ਬਿਰੇਨ ਸਿੰਘ ਦੇ ਜੱਦੀ ਘਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਹਿੰਸ ਪ੍ਰਦਰਸ਼ਨਾਂ ਦੀਆਂ ਇਹ ਤਾਜ਼ੀ ਘਟਨਾਵਾਂ ਸ਼ਨਿਚਰਵਾਰ ਰਾਤ ਨੂੰ ਵਾਪਰੀਆਂ। ਜਿਰੀਬਾਮ ਜ਼ਿਲ੍ਹੇ ਵਿੱਚ ਅਤਿਵਾਦੀਆਂ ਵੱਲੋਂ ਤਿੰਨ ਔਰਤਾਂ ਤੇ ਬੱਚਿਆਂ ਦੀਆਂ ਹੱਤਿਆਵਾਂ ਕੀਤੇ ਜਾਣ ਤੋਂ ਬਾਅਦ ਭੜਕੀ ਭੀੜ ਵੱਲੋਂ ਸ਼ਨਿਚਰਵਾਰ ਨੂੰ ਦਿਨ ਵੇਲੇ ਸੂਬੇ ਦੇ ਤਿੰਨ ਮੰਤਰੀਆਂ ਅਤੇ ਛੇ ਵਿਧਾਇਕਾਂ ਦੇ ਘਰਾਂ ਵਿੱਚ ਅੱਗ ਲਗਾਏ ਜਾਣ ਦੇ ਮੱਦੇਨਜ਼ਰ ਅਣਮਿੱਥੇ ਸਮੇਂ ਲਈ ਕਰਫਿਊ ਲਗਾਉਣ ਦੇ ਬਾਵਜੂਦ ਰਾਤ ਵੇਲੇ ਹਿੰਸਕ ਪ੍ਰਦਰਸ਼ਨ ਹੋਏ।
ਮਿਲੀ ਜਾਣਕਾਰੀ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਨਿੰਗਥੌਕਹੌਂਗ ਵਿੱਚ ਲੋਕ ਨਿਰਮਾਣ ਮੰਤਰੀ ਗੋਵਿੰਦਾਸ ਕੌਂਥੂਜਾਮ, ਲਾਂਗਮੀਦੌਂਗ ਵਿੱਚ ਸਥਿਤ ਹਿਆਂਗਲਾਮ ਦੇ ਭਾਜਪਾ ਵਿਧਾਇਕ ਵਾਈ ਰਾਧੇਸ਼ਿਆਮ ਦੇ ਘਰ, ਥੌਬਲ ਜ਼ਿਲ੍ਹੇ ਵਿੱਚ ਵਾਂਗਜਿੰਗ ਤੈਂਥਾ ਦੇ ਭਾਜਪਾ ਵਿਧਾਇਕ ਪਾਓਨਮ ਬਰੋਜੇਨ ਅਤੇ ਇੰਫਾਲ ਪੂਰਬੀ ਜ਼ਿਲ੍ਹੇ ਵਿੱਚ ਖੁੰਦਰਕਪਾਮ ਦੇ ਕਾਂਗਰਸੀ ਵਿਧਾਇਕ ਲੋਕੇਸ਼ਵਰ ਦੇ ਘਰ ਨੂੰ ਅੱਗ ਲਗਾ ਦਿੱਤੀ। ਘਟਨਾਵਾਂ ਵੇਲੇ ਵਿਧਾਇਕ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਘਰ ਵਿੱਚ ਨਹੀਂ ਸਨ। ਪ੍ਰਦਰਸ਼ਨਕਾਰੀਆਂ ਨੇ ਸੰਪਤੀ ਦੀ ਭੰਨਤੋੜ ਕੀਤੀ ਅਤੇ ਅੱਗ ਲਗਾ ਦਿੱਤੀ। ਫਾਇਰ ਵਿਭਾਗ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।
ਸ਼ਨਿਚਰਵਾਰ ਰਾਤ ਨੂੰ ਹੀ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਬਿਰੇਨ ਸਿੰਘ ਦੇ ਇੰਫਾਲ ਪੂਰਬੀ ਵਿੱਚ ਲੁਵਾਂਗਸ਼ੰਗਬਾਮ ’ਚ ਸਥਿਤ ਜੱਦੀ ਘਰ ਵੱਲ ਵਧੇ ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ 200 ਮੀਟਰ ਦੂਰ ਰੋਕ ਲਿਆ। ਇਸ ਦੌਰਾਨ ਸੁਰੱਖਿਆ ਬਲਾਂ ਜਿਨ੍ਹਾਂ ਵਿੱਚ ਅਸਾਮ ਰਾਈਫਲਜ਼, ਬੀਐੱਸਐੱਫ ਤੇ ਸੂਬੇ ਦੀ ਪੁਲੀਸ ਦੇ ਜਵਾਨ ਸ਼ਾਮਲ ਸਨ, ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਦਾਗੀਆਂ ਗਈਆਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਦੌੜਾ ਦਿੱਤਾ। ਉਪਰੰਤ ਪ੍ਰਦਰਸ਼ਨਕਾਰੀਆਂ ਨੇ ਬਿਰੇਨ ਸਿੰਘ ਦੀ ਰਿਹਾਇਸ਼ ਵੱਲ ਜਾਂਦੀ ਸੜਕ ’ਤੇ ਟਾਇਰ ਸਾੜੇ। -ਪੀਟੀਆਈ
Advertisement
Advertisement