ਵਿਧਾਇਕਾ ਮਾਣੂੰਕੇ ਨੇ ਪਰਾਸ਼ਰ ਪੱਪੀ ਦੀ ਚੋਣ ਮੁਹਿੰਮ ਭਖਾਈ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 15 ਮਈ
ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਸਥਾਨਕ ਪਿੰਡਾਂ ’ਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਦਿੱਤਾ। ਪਿੰਡ ਡੱਲਾ, ਕੋਠੇ ਰਾਹਲਾਂ, ਗਿੱਦੜਵਿੰਡੀ, ਸ਼ੇਰਪੁਰ, ਗਾਲਿਬ ਆਦਿ ’ਚ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਦੋ ਸਾਲ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਵੋਟਾਂ ਮੰਗੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਵਾਜ਼ ਦਬਾਉਣ ਵਾਲੀ ਮੋਦੀ ਹਕੂਮਤ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਈਮਾਨਦਾਰੀ ਤੇ ਸੋਚ ਤੋਂ ਘਬਰਾਉਂਦੀ ਹੈ। ਇਸੇ ਲਈ ਉਨ੍ਹਾਂ ਨੂੰ ਜੇਲ੍ਹ ਅੰਦਰ ਰੱਖਣਾ ਚਾਹੁੰਦੀ ਸੀ ਪਰ ਹੁਣ ਉਹ ਬਾਹਰ ਆ ਕੇ ਭਾਜਪਾ ਦਾ ਸੱਚ ਲੋਕਾਂ ’ਚ ਰੱਖ ਰਹੇ ਹਨ। ਪੱਪੀ ਪਰਾਸ਼ਰ ਨੇ ਤਾਨਾਸ਼ਾਹੀ ਦੇ ਅੰਤ ਅਤੇ ਸੰਵਿਧਾਨ ਬਚਾਉਣ ਲਈ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਸਦ ’ਚ ਪਹੁੰਚ ਕੇ ਉਹ ਇਲਾਕੇ ਤੇ ਲੋਕਾਂ ਦੇ ਮੁੱਦੇ ਚੁੱਕਣਗੇ ਅਤੇ ਵਿਕਾਸ ਕਰਵਾਉਣ ’ਚ ਬਣਦਾ ਯੋਗਦਾਨ ਪਾਉਣਗੇ। ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਚੋਣ ਜਲਸਿਆਂ ’ਚ ਹੋ ਰਹੇ ਇਕੱਠ ਤੋਂ ਸਪੱਸ਼ਟ ਹੈ ਕਿ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੇ ਕਹੇ ਅਨੁਸਾਰ 13-0 ਕਰਨ ਲਈ ਤਿਆਰ ਹਨ। ਉਨ੍ਹਾਂ ਹਲਕੇ ’ਚ ਕਰਵਾਏ ਕੰਮਾਂ ਦਾ ਵੀ ਜ਼ਿਕਰ ਕਰਦੇ ਹੋਏ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।