ਵਿਧਾਇਕ ਨੇ ਰੈਸਟ ਹਾਊਸ ’ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਸਤਪਾਲ ਰਾਮਗੜ੍ਹੀਆ
ਪਿਹੋਵਾ, 16 ਦਸੰਬਰ
ਵਿਧਾਇਕ ਮਨਦੀਪ ਚੱਠਾ ਨੇ ਕਿਹਾ ਕਿ ਇਲਾਕੇ ਦੇ ਲਟਕਦੇ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕਰਨਾ ਉਨ੍ਹਾਂ ਦੀ ਤਰਜੀਹ ਹੈ ਅਤੇ ਪਿਛਲੇ 10 ਸਾਲਾਂ ਤੋਂ ਲਟਕ ਰਹੇ ਪ੍ਰਾਜੈਕਟਾਂ ਨੂੰ ਪੂਰਾ ਕਰਨਾ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ ਤਾਂ ਜੋ ਇੱਥੋਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮਿਲ ਸਕਣ। ਉਨ੍ਹਾਂ ਨੇ ਇਹ ਗੱਲ ਸਿੰਚਾਈ ਵਿਭਾਗ ਦੇ ਰੈਸਟ ਹਾਊਸ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੌਰਾਨ ਆਖੀ। ਵਿਧਾਇਕ ਨੇ ਦੱਸਿਆ ਕਿ ਉਹ ਹਰ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਸਿੰਚਾਈ ਵਿਭਾਗ ਦੇ ਰੈਸਟ ਹਾਊਸ ਵਿਖੇ ਲੋਕਾਂ ਨੂੰ ਮਿਲਣਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ। ਵੀਰਵਾਰ ਨੂੰ ਇਸਮਾਈਲਾਬਾਦ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਵਿਧਾਇਕ ਮਨਦੀਪ ਚੱਠਾ ਨੇ ਦੱਸਿਆ ਕਿ ਡਰੇਨ ਦੇ ਪੁਲ ਦੀ ਉਸਾਰੀ ਦਾ ਕੰਮ ਜਲਦੀ ਪੂਰਾ ਕਰਨ ਲਈ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ ਜਦਕਿ ਅਰੁਣਏ ਰੋਡ ’ਤੇ ਲੰਮੇ ਸਮੇਂ ਤੋਂ ਉਸਾਰੀ ਅਧੀਨ ਖੇਤੀਬਾੜੀ ਵਿਭਾਗ ਦੀ ਬਿਲਡਿੰਗ ਦਾ ਕੰਮ ਮੁਕੰਮਲ ਕਰਨ ਲਈ ਵੀ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਪਿਛਲੇ ਕਾਰਜਕਾਲ ਵਿੱਚ ਪਿਹੋਵਾ ਵਿੱਚ ਖੇਡ ਸਟੇਡੀਅਮ ਬਣਾਉਣ ਦੀ ਗੱਲ ਕੀਤੀ ਸੀ, ਜਿਸ ਲਈ ਥਾਂ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਸੀ। ਹੁਣ ਮੁੱਖ ਮੰਤਰੀ ਨਾਇਬ ਸੈਣੀ ਨੂੰ 23 ਦਸੰਬਰ ਦੀ ਰੈਲੀ ਵਿੱਚ ਸਟੇਡੀਅਮ ਦਾ ਐਲਾਨ ਕਰਨਾ ਚਾਹੀਦਾ ਹੈ ਤਾਂ ਜੋ ਇੱਥੋਂ ਦੇ ਨੌਜਵਾਨਾਂ ਨੂੰ ਵੀ ਖੇਡਾਂ ਵਿੱਚ ਤਰੱਕੀ ਕਰਨ ਦਾ ਮੌਕਾ ਮਿਲ ਸਕੇ। ਇਸ ਦੇ ਨਾਲ ਹੀ ਕੁਰੂਕਸ਼ੇਤਰ ਰੋਡ ਅਤੇ ਪਟਿਆਲਾ ਰੋਡ ਦੀ ਮਾੜੀ ਹਾਲਤ ਨੂੰ ਠੀਕ ਕਰਵਾਉਣ ਦੀ ਮੰਗ ਵੀ ਸਰਕਾਰ ਅੱਗੇ ਰੱਖੀ ਜਾਵੇਗੀ।