ਐੱਸਐੱਸਐੱਫ ਦੀਆਂ ਗੱਡੀਆਂ ਨੂੰ ਵਿਧਾਇਕ ਵੱਲੋਂ ਹਰੀ ਝੰਡੀ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 4 ਫਰਵਰੀ
ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸੜਕ ਸੁਰੱਖਿਆ ਫੋਰਸ ਦੀਆਂ ਨਵੀਆਂ ਆਈਆਂ ਗੱਡੀਆਂ ਅਤੇ ਮੁਲਾਜ਼ਮਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਫੋਰਸ ਲਿਆਉਣ ਵਾਲਾ ਭਾਰਤ ਵਿੱਚ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ, ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਾਂਹਵਧੂ ਸੋਚ ਦੇ ਸਦਕਾ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਬਹੁਤ ਸਾਰੀਆਂ ਜਾਨਾਂ ਸੜਕੀ ਹਾਦਸਿਆਂ ਕਾਰਨ ਚਲੀਆਂ ਜਾਂਦੀਆਂ ਹਨ ਪਰ ਪਿਛਲੀਆਂ ਸਰਕਾਰਾਂ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਮੌਜੂਦਾ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਲਿਆਂਦੀ ਹੈ ਜੋ ਸੜਕੀ ਹਾਦਸਿਆਂ ਨੂੰ ਰੋਕਣ ਲਈ ਉਪਰਾਲੇ ਕਰੇਗੀ ਅਤੇ ਨਾਲ ਹੀ ਸੜਕੀ ਹਾਦਸਾ ਵਾਪਰਨ ਦੌਰਾਨ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਵੇਗੀ, ਜਿਸ ਨਾਲ ਅਸੀਂ ਕੀਮਤੀ ਜਾਨਾਂ ਬਚਾ ਸਕਾਂਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਨੂੰ 5 ਗੱਡੀਆਂ ਮਿਲੀਆਂ ਹਨ ਅਤੇ 70 ਦੇ ਕਰੀਬ ਮੁਲਾਜ਼ਮ ਹਨ, ਜੋ ਹਰ ਸਮੇਂ ਜਨਤਾ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਗੇ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਜਨਤਾ ਨੂੰ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਸਾਥ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਕਪਤਾਨ ਪੁਲੀਸ ਰਕੇਸ਼ ਯਾਦਵ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਣਗੀਆਂ। ਇਸ ਮੌਕੇ ਪ੍ਰਿਤਪਾਲ ਸਿੰਘ ਜੱਸੀ, ਪਵੇਲ ਕੁਮਾਰ ਹਾਂਡਾ, ਰਮੇਸ਼ ਕੁਮਾਰ ਸੋਨੂੰ, ਨਾਹਰ ਸਿੰਘ ਆਦਮਪੁਰ, ਬੰਟੀ ਸੈਣੀ, ਗੌਰਵ ਅਰੋੜਾ, ਸਰਪੰਚ ਰੋਹੀ ਰਾਮ ਅਤੇ ਮੋਹਿਤ ਸੂਦ ਆਦਿ ਹਾਜ਼ਰ ਸਨ।